ਰਾਸ਼ਟਰਪਤੀ ਭਵਨ ਦੇ ਸਫ਼ਾਈ ਮੁਲਾਜ਼ਮ ਦਾ ਰਿਸ਼ਤੇਦਾਰ ਕੋਰੋਨਾ ਪੀੜਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਸ਼ਟਰਪਤੀ ਭਵਨ ਵਿਚ ਸਫ਼ਾਈ ਮੁਲਾਜ਼ਮ ਦੇ ਰਿਸ਼ਤੇਦਾਰ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋ ਜਾਣ ਮਗਰੋਂ ਰਾਸ਼ਟਰਪਤੀ ਭਵਨ ਕੰਪਲੈਕਸ ਵਿਚ ਰਹਿਣ ਵਾਲੇ

File Photo

ਨਵੀਂ ਦਿੱਲੀ, 21 ਅਪ੍ਰੈਲ: ਰਾਸ਼ਟਰਪਤੀ ਭਵਨ ਵਿਚ ਸਫ਼ਾਈ ਮੁਲਾਜ਼ਮ ਦੇ ਰਿਸ਼ਤੇਦਾਰ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋ ਜਾਣ ਮਗਰੋਂ ਰਾਸ਼ਟਰਪਤੀ ਭਵਨ ਕੰਪਲੈਕਸ ਵਿਚ ਰਹਿਣ ਵਾਲੇ 115 ਪਰਵਾਰਾਂ ਨੂੰ ਅਹਿਤਿਆਤ ਵਜੋਂ ਇਕਾਂਤਵਾਸ ਵਿਚ ਰਖਿਆ ਗਿਆ ਹੈ। ਰਾਏਸਿਨਾ ਹਿਲਜ਼ ਤੋਂ ਸਾਊਥ ਐਵੇਨਿਊ ਤਕ ਫੈਲੇ ਲਗਭਗ 330 ਏਕੜ ਇਲਾਕੇ ਵਿਚ ਪੈਂਦੇ ਰਾਸ਼ਟਰਪਤੀ ਭਵਨ ਕੰਪਲੈਕਸ ਵਿਚ ਕਰੀਬ 1000 ਪਰਵਾਰ ਰਹਿੰਦੇ ਹਨ ਜਿਹੜੇ ਭਵਨ ਦੇ 340 ਕਮਰਿਆਂ, ਅਸ਼ੋਕ ਹਾਲ, ਦਰਬਾਰ ਹਾਲ ਸਣੇ ਸਮੁੱਚੇ ਖੇਤਰ ਦੀ ਸਾਂਭ-ਸੰਭਾਲ ਕਰਦੇ ਹਨ ਅਤੇ ਵੱਖ ਵੱਖ ਕੰਮ ਕਰਦੇ ਹਨ।

ਰਾਸ਼ਟਰਪਤੀ ਭਵਨ ਵਿਚ ਕੋਰੋਨਾ ਵਾਇਰਸ ਲਾਗ ਦੇ ਮਾਮਲੇ ਦਾ ਪਤਾ ਲੱਗਣ ਮਗਰੋਂ ਰਾਸ਼ਟਰਪਤੀ ਭਵਨ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਅੱਜ ਦੀ ਤਰੀਕ ਤਕ ਰਾਸ਼ਟਰਪਤੀ ਸਕੱਤਰੇਤ ਦਾ ਕੋਈ ਮੁਲਾਜ਼ਮ ਇਸ ਬੀਮਾਰੀ ਤੋਂ ਪੀੜਤ ਨਹੀਂ ਅਤੇ ਸਥਾਨਕ ਪ੍ਰਸ਼ਾਸਨ ਨਾਲ ਮਿਲ ਕੇ ਸਾਰੇ ਜ਼ਰੂਰੀ ਅਹਿਤਿਆਤੀ ਕਦਮ ਚੁੱਕੇ ਜਾ ਰਹੇ ਹਨ।

ਕਿਹਾ ਗਿਆ ਹੈ ਕਿ ਜਿਹੜਾ ਪੀੜਤ ਮਰੀਜ਼ ਸੀ, ਉਸ ਦੀ 13 ਅਪ੍ਰੈਲ 2020 ਨੂੰ ਹਸਪਤਾਲ ਵਿਚ ਮੌਤ ਹੋ ਗਈ। ਇਹ ਵੇਖਿਆ ਗਿਆ ਕਿ ਉਹ ਨਾ ਤਾਂ ਰਾਸ਼ਟਰਪਤੀ ਸਕੱਤਰੇਤ ਵਿਚ ਕੰਮ ਕਰਦਾ ਸੀ ਅਤੇ ਨਾ ਹੀ ਰਾਸ਼ਟਰਪਤੀ ਭਵਨ ਕੰਪਲੈਕਸ ਦਾ ਵਾਸੀ ਸੀ। ਬਾਅਦ ਵਿਚ ਪਤਾ ਲੱਗਾ ਕਿ ਰਾਸ਼ਟਰਪਤੀ ਸਕੱਤਰੇਤ ਦੇ ਮੁਲਾਜ਼ਮ ਦੇ ਪਰਵਾਰ ਦੇ ਇਕ ਜੀਅ ਦਾ ਮ੍ਰਿਤਕ ਨਾਲ ਸੰਪਰਕ ਸੀ। ਮੁਲਾਜ਼ਮ ਅਪਣੇ ਪਰਵਾਰ ਨਾਲ ਕੰਪਲੈਕਸ ਵਿਚ ਤੈਅ ਪਾਕੇਟ-1 ਦਾ ਵਾਸੀ ਹੈ। (ਏਜੰਸੀ)