ਰੈਪਿਡ ਟੈਸਟ ਕਿੱਟਾਂ ਵਿਚ ਖ਼ਰਾਬੀ, 2 ਦਿਨਾਂ ਤਕ ਟੈਸਟਾਂ ’ਤੇ ਰੋਕ
ਇੰਡੀਅਨ ਕੌਂਸਲ ਫ਼ਾਰ ਮੈਡੀਕਲ ਰਿਸਰਚ ਦੇ ਸੀਨੀਅਰ ਵਿਗਿਆਨੀ ਰਮਨ ਆਰ ਗੰਗਾਖੇੜਕਰ ਨੇ ਦਸਿਆ ਕਿ ਕੋਰੋਨਾ ਵਾਇਰਸ ਤੋਂ ਲਾਗ ’ਤੇ ਨਿਗਰਾਨੀ ਵਾਸਤੇ
ਨਵੀਂ ਦਿੱਲੀ, 21 ਅਪ੍ਰੈਲ : ਇੰਡੀਅਨ ਕੌਂਸਲ ਫ਼ਾਰ ਮੈਡੀਕਲ ਰਿਸਰਚ ਦੇ ਸੀਨੀਅਰ ਵਿਗਿਆਨੀ ਰਮਨ ਆਰ ਗੰਗਾਖੇੜਕਰ ਨੇ ਦਸਿਆ ਕਿ ਕੋਰੋਨਾ ਵਾਇਰਸ ਤੋਂ ਲਾਗ ’ਤੇ ਨਿਗਰਾਨੀ ਵਾਸਤੇ ਰਾਜਾਂ ਨੂੰ ਦਿਤੀਆਂ ਗਈਆਂ ਰੈਪਿਡ ਟੈਸਟਿੰਗ ਕਿੱਟਾਂ ਦੀ ਅਗਲੇ ਦੋ ਦਿਨਾਂ ਤਕ ਵਰਤੋਂ ਨਾ ਕਰਨ ਦੀ ਸਲਾਹ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਕਿੱਟ ਦੇ ਟੈਸਟ ਨਤੀਜਿਆਂ ਵਿਚ ਫ਼ਰਕ ਮਿਲਣ ਬਾਰੇ ਇਕ ਰਾਜ ਦੀ ਸ਼ਿਕਾਇਤ ਦੇ ਆਧਾਰ ’ਤੇ ਤਿੰਨ ਹੋਰ ਰਾਜਾਂ ਕੋਲੋਂ ਪੁਸ਼ਟੀ ਕੀਤੇ ਜਾਣ ਮਗਰੋਂ ਆਈਸੀਐਮਆਰ ਨੇ ਕਿੱਟ ਵਿਚ ਤਕਨੀਕੀ ਖ਼ਰਾਬੀ ਦਾ ਹੱਲ ਕੀਤੇ ਜਾਣ ਤਕ ਰੈਪਿਡ ਕਿੱਟ ਤੋਂ ਟੈਸਟ ਨਾ ਕਰਨ ਲਈ ਆਖਿਆ ਹੈ।
ਜ਼ਿਕਰਯੋਗ ਹੈ ਕਿ ਰਾਜਸਥਾਨ ਸਰਕਾਰ ਨੇ ਰੈਪਿਡ ਕਿੱਟ ਨਾਲ ਕੀਤੇ ਜਾ ਰਹੇ ਟੈਸਟਾਂ ਦੀ ਪ੍ਰਮਾਣਿਕਤਾ ’ਤੇ ਸਵਾਲ ਚੁਕਦਿਆਂ ਕਿਹਾ ਸੀ ਕਿ ਕੁੱਝ ਟੈਸਟਾਂ ਵਿਚ ਪੁਸ਼ਟ ਮਰੀਜ਼ਾਂ ਨੂੰ ਵੀ ਨੈਗੇਵਿਟ ਦਸਿਆ ਗਿਆ ਹੈ। ਉਨ੍ਹਾਂ ਦਸਿਆ ਕਿ ਦੇਸ਼ ਵਿਚ ਹੁਣ ਤਕ 449810 ਟੈਸਟ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿਚ 35832 ਟੈਸਟ ਪਿਛਲੇ 24 ਘੰਟਿਆਂ ਵਿਚ ਕੀਤੇ ਗਏ ਹਨ।
(ਏਜੰਸੀ)