ਚਾਰਾ ਘੁਟਾਲੇ 'ਚ ਸਜ਼ਾ ਕੱਟ ਰਹੇ ਲਾਲੂ ਯਾਦਵ ਨੂੰ ਝਾਰਖੰਡ ਹਾਈ ਕੋਰਟ ਨੇ ਦਿੱਤੀ ਜ਼ਮਾਨਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੱਧੀ ਸਜ਼ਾ ਪੂਰੀ ਹੋਣ ਅਤੇ 17 ਬੀਮਾਰੀਆਂ ਦਾ ਦਿੱਤਾ ਗਿਆ ਸੀ ਹਵਾਲਾ

Lalu Prasad Yadav

 

ਧਨਬਾਦ: ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਰਾਸ਼ਟਰੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ, ਜੋ ਚਾਰਾ ਘੁਟਾਲੇ ਦੌਰਾਨ ਡੋਰਾਂਡਾ  ਖਜ਼ਾਨੇ 'ਚੋਂ ਗੈਰ-ਕਾਨੂੰਨੀ ਤਰੀਕੇ ਨਾਲ ਨਿਕਾਸੀ ਦੇ ਮਾਮਲੇ 'ਚ ਸਜ਼ਾ ਕੱਟ ਰਹੇ ਹਨ, ਨੂੰ ਵੱਡੀ ਰਾਹਤ ਮਿਲੀ ਹੈ। ਝਾਰਖੰਡ ਹਾਈ ਕੋਰਟ ਨੇ ਲਾਲੂ ਯਾਦਵ ਨੂੰ 10 ਲੱਖ ਰੁਪਏ ਦੇ ਨਿੱਜੀ ਮੁਚਲਕੇ 'ਤੇ ਜ਼ਮਾਨਤ ਦੇ ਦਿੱਤੀ ਹੈ। ਲਾਲੂ ਦੀ ਤਰਫੋਂ ਡੋਰਾਂਡਾ ਖ਼ਜ਼ਾਨੇ ਵਿੱਚ ਵਿਸ਼ੇਸ਼ ਸੀਬੀਆਈ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਹਾਈ ਕੋਰਟ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਗਈ ਸੀ।

 

 

ਲਾਲੂ ਪ੍ਰਸਾਦ ਯਾਦਵ ਨੇ ਹਾਈ ਕੋਰਟ ਦੇ ਜਸਟਿਸ ਅਪਰੇਸ਼ ਕੁਮਾਰ ਸਿੰਘ ਦੀ ਅਦਾਲਤ ਵਿੱਚ ਜ਼ਮਾਨਤ ਲਈ ਦਲੀਲਾਂ ਪੇਸ਼ ਕੀਤੀਆਂ ਸਨ। ਲਾਲੂ ਨੇ ਜੇਲ੍ਹ ਵਿੱਚ ਅੱਧੀ ਸਜ਼ਾ ਕੱਟਣ ਤੋਂ ਇਲਾਵਾ ਆਪਣੀ ਬੁਢਾਪੇ ਅਤੇ 17 ਤਰ੍ਹਾਂ ਦੀ ਬੀਮਾਰੀ ਦਾ ਹਵਾਲਾ ਦਿੰਦੇ ਹੋਏ ਜ਼ਮਾਨਤ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਸੀਬੀਆਈ ਨੇ ਜ਼ਮਾਨਤ ਦਾ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਡੋਰਾਂਡਾ ਖਜ਼ਾਨੇ ਤੋਂ ਗੈਰ-ਕਾਨੂੰਨੀ ਨਿਕਾਸੀ ਨਾਲ ਜੁੜੇ ਮਾਮਲੇ 'ਚ ਲਾਲੂ ਦੀ ਅੱਧੀ ਸਜ਼ਾ ਪੂਰੀ ਨਹੀਂ ਹੋਈ ਹੈ, ਇਸ ਲਈ ਉਨ੍ਹਾਂ ਨੂੰ ਜ਼ਮਾਨਤ ਨਹੀਂ ਮਿਲਣੀ ਚਾਹੀਦੀ।

ਲਾਲੂ ਯਾਦਵ ਨੂੰ ਜ਼ਮਾਨਤ ਮਿਲਣ ਤੋਂ ਬਾਅਦ, ਉਨ੍ਹਾਂ ਦੇ ਵਕੀਲ ਨੇ ਕਿਹਾ, "ਉਨ੍ਹਾਂ ਨੂੰ ਅੱਧੀ ਸਜ਼ਾ ਪੂਰੀ ਕਰਨ ਅਤੇ ਸਿਹਤ ਸਮੱਸਿਆਵਾਂ ਦੇ ਆਧਾਰ 'ਤੇ ਝਾਰਖੰਡ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਹੈ। ਉਸ ਨੂੰ ਜਲਦੀ ਹੀ ਰਿਹਾਅ ਕਰ ਦਿੱਤਾ ਜਾਵੇਗਾ। ਉਸ ਨੂੰ 1 ਲੱਖ ਰੁਪਏ ਦੀ ਸਕਿਓਰਿਟੀ ਡਿਪਾਜ਼ਿਟ ਅਤੇ 10 ਲੱਖ ਰੁਪਏ ਦਾ ਜ਼ੁਰਮਾਨਾ ਜਮ੍ਹਾ ਕਰਵਾਉਣਾ ਹੋਵੇਗਾ।