Arvind Kejriwal: ਅਰਵਿੰਦ ਕੇਜਰੀਵਾਲ ਨੇ ਜੇਲ੍ਹ ਤੋਂ ਲਿਖੀ ਚਿੱਠੀ, ਕਿਹਾ, ਮੈਂ ਹਰ ਰੋਜ਼ ਇਨਸੁਲਿਨ ਮੰਗ ਰਿਹਾ ਹਾਂ 

ਏਜੰਸੀ

ਖ਼ਬਰਾਂ, ਰਾਸ਼ਟਰੀ

ਮੈਂ ਗਲੂਕੋਜ਼ ਮੀਟਰ ਦੀ ਰੀਡਿੰਗ ਦਿਖਾਈ ਅਤੇ ਕਿਹਾ ਕਿ ਦਿਨ ਵਿਚ 3 ਵਾਰ ਸ਼ੂਗਰ ਬਹੁਤ ਜ਼ਿਆਦਾ ਜਾ ਰਹੀ ਹੈ

Arvind Kejriwal

Arvind Kejriwal: ਨਵੀਂ ਦਿੱਲੀ -  ਅਰਵਿੰਦ ਕੇਜਰੀਵਾਲ ਨੇ ਤਿਹਾੜ ਜੇਲ੍ਹ ਦੇ ਸੁਪਰਡੈਂਟ ਨੂੰ ਚਿੱਠੀ ਲਿਖੀ ਹੈ ਤੇ ਕਿਹਾ ਹੈ ਕਿ ਉਹਨਾਂ ਨੇ ਅੱਜ ਅਖਬਾਰ ਵਿਚ ਇਕ ਖ਼ਬਰ ਪੜ੍ਹੀ ਹੈ ਜਿਸ ਵਿਚ ਉਹਨਾਂ ਨੇ ਪ੍ਰਸ਼ਾਸ਼ਨ ਦਾ ਬਿਆਨ ਵੀ ਪੜ੍ਹਿਆ। ਉਹਨਾਂ ਨੇ ਕਿਹਾ ਕਿ ਅਖਬਾਰ ਵਿਚ ਲੱਗੇ ਪ੍ਰਸ਼ਾਸ਼ਨ ਦੇ ਬਿਆਨ ਝੂਠੇ ਹਨ। ਕੇਜਰੀਵਾਲ ਨੇ ਕਿਹਾ ਕਿ ਮੈਂ ਹਰ ਰੋਜ਼ ਇਨਸੁਲਿਨ ਮੰਗ ਰਿਹਾ ਹਾਂ।

ਮੈਂ ਗਲੂਕੋਜ਼ ਮੀਟਰ ਦੀ ਰੀਡਿੰਗ ਦਿਖਾਈ ਅਤੇ ਕਿਹਾ ਕਿ ਦਿਨ ਵਿਚ 3 ਵਾਰ ਸ਼ੂਗਰ ਬਹੁਤ ਜ਼ਿਆਦਾ ਜਾ ਰਹੀ ਹੈ। ਸ਼ੂਗਰ 250 ਤੋਂ 320 ਦੇ ਵਿਚਕਾਰ ਜਾਂਦੀ ਹੈ। ਏਮਜ਼ ਦੇ ਡਾਕਟਰਾਂ ਨੇ ਕਦੇ ਨਹੀਂ ਕਿਹਾ ਕਿ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ, ਏਮਜ਼ ਦੇ ਡਾਕਟਰਾਂ ਨੇ ਕਿਹਾ ਕਿ ਉਹ ਡਾਟਾ ਅਤੇ ਪਿਛਲੀ ਹਿਸਟਰੀ ਦੇਖ ਕੇ ਦੱਸਣਗੇ। ਉਹਨਾਂ ਨੇ ਕਿਹਾ ਕਿ ਤਿਹਾੜ ਪ੍ਰਸ਼ਾਸਨ ਸਿਆਸੀ ਦਬਾਅ ਹੇਠ ਪਿਆ ਹੋਇਆ ਹੈ। 

1. ਤਿਹਾੜ ਪ੍ਰਸ਼ਾਸਨ ਦਾ ਪਹਿਲਾ ਬਿਆਨ 'ਅਰਵਿੰਦ ਕੇਜਰੀਵਾਲ ਨੇ ਕਦੇ ਵੀ ਇਨਸੁਲਿਨ ਦਾ ਮੁੱਦਾ ਨਹੀਂ ਉਠਾਇਆ'
ਇਸ ਦੇ ਜਵਾਬ ਵਿਚ ਕੇਜਰੀਵਾਲ ਨੇ ਕਿਹਾ ਕਿ ਇਹ ਸਰਾਸਰ ਝੂਠ ਹੈ। ਮੈਂ ਪਿਛਲੇ 10 ਦਿਨਾਂ ਤੋਂ ਲਗਾਤਾਰ ਇਨਸੁਲਿਨ ਦਾ ਮੁੱਦਾ ਦਿਨ ਵਿਚ ਕਈ ਵਾਰ ਉਠਾਉਂਦਾ ਰਿਹਾ ਹਾਂ। ਜਦੋਂ ਵੀ ਕੋਈ ਡਾਕਟਰ ਮੈਨੂੰ ਮਿਲਣ ਆਇਆ ਤਾਂ ਮੈਂ ਉਸ ਨੂੰ ਦੱਸਿਆ ਕਿ ਮੇਰਾ ਸ਼ੂਗਰ ਲੈਵਲ ਬਹੁਤ ਜ਼ਿਆਦਾ ਹੈ। ਮੈਂ ਗਲੂਕੋ ਮੀਟਰ ਦੀ ਰੀਡਿੰਗ ਦਿਖਾਈ ਅਤੇ ਦੱਸਿਆ ਕਿ ਦਿਨ ਵਿੱਚ 3 ਵਾਰ ਪੀਕ ਹੁੰਦੀ ਹੈ ਅਤੇ ਸ਼ੂਗਰ ਦਾ ਪੱਧਰ 250-320 ਦੇ ਵਿਚਕਾਰ ਜਾਂਦਾ ਹੈ। ਮੈਂ ਦੱਸਿਆ ਕਿ ਫਾਸਟਿੰਗ ਸ਼ੂਗਰ ਲੈਵਲ 160-200 ਪ੍ਰਤੀ ਦਿਨ ਹੈ। ਮੈਂ ਰੋਜ਼ਾਨਾ ਇਨਸੁਲਿਨ ਲਈ ਕਿਹਾ ਹੈ। ਤਾਂ ਤੁਸੀਂ ਇਹ ਝੂਠਾ ਬਿਆਨ ਕਿਵੇਂ ਦੇ ਸਕਦੇ ਹੋ ਕਿ ਕੇਜਰੀਵਾਲ ਨੇ ਕਦੇ ਵੀ ਇਨਸੁਲਿਨ ਦਾ ਮੁੱਦਾ ਨਹੀਂ ਉਠਾਇਆ?

2. ਤਿਹਾੜ ਪ੍ਰਸ਼ਾਸਨ ਦਾ ਦੂਜਾ ਬਿਆਨ: ਏਮਜ਼ ਦੇ ਡਾਕਟਰ ਨੇ ਭਰੋਸਾ ਦਿੱਤਾ ਹੈ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ। 
ਕੇਜਰੀਵਾਲ ਨੇ ਕਿਹਾ ਕਿ ਇਹ ਵੀ ਸਰਾਸਰ ਝੂਠ ਹੈ। ਏਮਜ਼ ਦੇ ਡਾਕਟਰ ਨੇ ਅਜਿਹਾ ਕੋਈ ਭਰੋਸਾ ਨਹੀਂ ਦਿੱਤਾ। ਉਨ੍ਹਾਂ ਮੇਰੀ ਸਿਹਤ ਨਾਲ ਸਬੰਧਤ ਸ਼ੂਗਰ ਲੈਵਲ ਅਤੇ ਪੂਰਾ ਡਾਟਾ ਮੰਗਿਆ ਅਤੇ ਕਿਹਾ ਕਿ ਉਹ ਡਾਟਾ ਦੇਖ ਕੇ ਵਿਸ਼ਲੇਸ਼ਣ ਕਰਨ ਤੋਂ ਬਾਅਦ ਆਪਣੀ ਰਾਏ ਦੇਣਗੇ। 
ਮੈਨੂੰ ਬਹੁਤ ਅਫ਼ਸੋਸ ਹੈ ਕਿ ਤੁਸੀਂ ਸਿਆਸੀ ਦਬਾਅ ਹੇਠ ਝੂਠੇ ਅਤੇ ਗਲਤ ਬਿਆਨ ਦਿੱਤੇ ਹਨ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਕਾਨੂੰਨ ਅਤੇ ਸੰਵਿਧਾਨ ਦੀ ਪਾਲਣਾ ਕਰੋਗੇ। ਈਡੀ ਨੇ ਅਦਾਲਤ ਵਿਚ ਝੂਠ ਬੋਲਿਆ ਅਤੇ ਕਿਹਾ ਕਿ ਏਮਜ਼ ਦੇ ਮਾਹਰਾਂ ਨਾਲ ਸਲਾਹ-ਮਸ਼ਵਰਾ ਕੀਤਾ ਗਿਆ ਹੈ - ਆਤਿਸ਼ੀ 

ਇਸ ਦੇ ਨਾਲ ਹੀ ਦੱਸ ਦਈਏ ਕਿ ਅੱਜ ਪ੍ਰੈਸ ਕਾਨਫਰੰਸ ਦੌਰਾਨ ਦਿੱਲੀ ਦੀ ਮੰਤਰੀ ਆਤਿਸ਼ੀ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਨਸੁਲਿਨ ਦੀ ਜ਼ਰੂਰਤ ਹੈ ਜਾਂ ਨਹੀਂ, ਇਸ ਬਾਰੇ ਏਮਜ਼ ਦੇ ਮਾਹਰਾਂ ਨਾਲ ਸਲਾਹ-ਮਸ਼ਵਰਾ ਕਰਨ ਬਾਰੇ ਅਦਾਲਤ 'ਚ ਝੂਠ ਬੋਲਿਆ ਹੈ। ਕੇਜਰੀਵਾਲ ਨੂੰ ਡਾਇਬਿਟੀਜ਼ ਹੈ।

ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਇਕ ਨਵੀਂ ਪਟੀਸ਼ਨ ਦਾਇਰ ਕਰਕੇ ਆਪਣੇ ਡਾਕਟਰ ਨਾਲ ਰੋਜ਼ਾਨਾ 15 ਮਿੰਟ ਸਲਾਹ-ਮਸ਼ਵਰਾ ਕਰਨ ਅਤੇ ਜੇਲ ਵਿਚ ਇਨਸੁਲਿਨ ਦੇਣ ਦੀ ਮੰਗ ਕੀਤੀ ਸੀ। ਆਤਿਸ਼ੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਈਡੀ ਨੇ ਅਦਾਲਤ ਵਿਚ ਝੂਠ ਬੋਲਿਆ ਅਤੇ ਕਿਹਾ ਕਿ ਏਮਜ਼ ਦੇ ਮਾਹਰਾਂ ਨਾਲ ਸਲਾਹ-ਮਸ਼ਵਰਾ ਕੀਤਾ ਗਿਆ ਹੈ ਅਤੇ ਕੇਜਰੀਵਾਲ ਨੂੰ ਇਨਸੁਲਿਨ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਕੇਜਰੀਵਾਲ ਲਈ ਡਾਇਟ ਚਾਰਟ ਵੀ ਤਿਆਰ ਕੀਤਾ ਹੈ।  

ਹਾਲਾਂਕਿ, ਖੁਰਾਕ ਚਾਰਟ ਇੱਕ ਡਾਇਟੀਸ਼ੀਅਨ ਦੁਆਰਾ ਤਿਆਰ ਕੀਤਾ ਜਾਂਦਾ ਹੈ ਨਾ ਕਿ ਕਿਸੇ ਡਾਇਬਿਟੋਲੋਜਿਸਟ ਦੁਆਰਾ। ਅਸੀਂ ਸਾਰੇ ਜਾਣਦੇ ਹਾਂ ਕਿ ਡਾਇਟੀਸ਼ੀਅਨ ਐਮ.ਬੀ.ਬੀ.ਐਸ. ਡਾਕਟਰ ਨਹੀਂ ਹੈ। ਉਸ ਖੁਰਾਕ ਚਾਰਟ ਦੇ ਆਧਾਰ 'ਤੇ ਉਹ (ਜੇਲ੍ਹ ਅਧਿਕਾਰੀ) ਅਦਾਲਤ 'ਚ ਕਹਿ ਰਹੇ ਸਨ ਕਿ ਕੇਜਰੀਵਾਲ ਨੂੰ ਇਨਸੁਲਿਨ ਦੀ ਜ਼ਰੂਰਤ ਨਹੀਂ ਹੈ।  

ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਤਿਹਾੜ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਏਮਜ਼ ਦੇ ਇਕ ਸੀਨੀਅਰ ਮਾਹਰ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਕੇਜਰੀਵਾਲ ਨੂੰ ਸਲਾਹ ਦਿੱਤੀ ਅਤੇ ਨਾ ਤਾਂ ਕੇਜਰੀਵਾਲ ਅਤੇ ਨਾ ਹੀ ਡਾਕਟਰਾਂ ਨੇ ਕਾਲ ਦੌਰਾਨ ਇਨਸੁਲਿਨ ਦਾ ਸੁਝਾਅ ਦਿੱਤਾ। ਜੇਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ 40 ਮਿੰਟ ਦੇ ਵਿਸਥਾਰਤ ਸਲਾਹ-ਮਸ਼ਵਰੇ ਤੋਂ ਬਾਅਦ ਕੇਜਰੀਵਾਲ ਨੂੰ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਦੱਸੀ ਗਈ ਅਤੇ ਉਨ੍ਹਾਂ ਨੂੰ ਆਪਣੀ ਦਵਾਈ ਜਾਰੀ ਰੱਖਣ ਲਈ ਕਿਹਾ ਗਿਆ ਹੈ, ਜਿਸ ਦੀ ਨਿਯਮਤ ਤੌਰ 'ਤੇ ਸਮੀਖਿਆ ਕੀਤੀ ਜਾਵੇਗੀ।