Ghazipur Landfill Fire : ਅਜੇ ਵੀ ਧੁੱਖ ਰਿਹਾ ਕੂੜੇ ਦਾ ਢੇਰ ,ਇਲਾਕੇ 'ਚ ਫੈਲ ਰਿਹਾ ਜ਼ਹਿਰੀਲਾ ਧੂੰਆਂ, ਲੋਕਾਂ ਨੂੰ ਸਾਹ ਲੈਣ 'ਚ ਦਿੱਕਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਅੱਗ ਬੁਝਾਉਣ ਲਈ ਲੱਗੀਆਂ ਹੋਈਆਂ ਹਨ 30 ਤੋਂ ਵੱਧ ਗੱਡੀਆਂ

Ghazipur Landfill Site

Ghazipur Landfill Fire : ਦਿੱਲੀ ਦੇ ਗਾਜ਼ੀਪੁਰ ਲੈਂਡਫਿਲ ਸਾਈਟ 'ਤੇ ਐਤਵਾਰ ਸ਼ਾਮ ਤੋਂ ਲੱਗੀ ਅੱਗ ਅਜੇ ਵੀ ਧੁੱਖ ਰਹੀ ਹੈ। ਇਸ ਅੱਗ ਕਾਰਨ ਆਸ-ਪਾਸ ਦੇ ਇਲਾਕੇ 'ਚ ਜ਼ਹਿਰੀਲੀ ਗੈਸ ਫੈਲ ਗਈ ਹੈ, ਜਿਸ ਕਾਰਨ ਲੋਕਾਂ ਨੂੰ ਸਾਹ ਲੈਣ 'ਚ ਦਿੱਕਤ ਆ ਰਹੀ ਹੈ।

ਲੈਂਡਫਿਲ ਸਾਈਟ 'ਤੇ ਲੱਗੀ ਅੱਗ ਇੰਨੀ ਭਿਆਨਕ ਸੀ ਕਿ ਧੂੰਏਂ ਦਾ ਗੁਬਾਰ ਅਸਮਾਨ ਨੂੰ ਛੂਹ ਰਿਹਾ ਸੀ। ਇਸ ਜ਼ਹਿਰੀਲੇ ਧੂੰਏਂ ਕਾਰਨ ਨਾ ਸਿਰਫ ਦਿੱਲੀ ਦੇ ਲੋਕ ਸਗੋਂ ਨਾਲ ਲੱਗਦੇ ਨੋਇਡਾ ਅਤੇ ਗਾਜ਼ੀਆਬਾਦ ਦੇ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਲੈਂਡਫਿਲ ਸਾਈਟ 'ਤੇ ਅੱਗ ਬੁਝਾਉਣ ਲਈ 30 ਤੋਂ ਵੱਧ ਗੱਡੀਆਂ ਲੱਗੀਆਂ ਹੋਈਆਂ ਹਨ। ਰਾਤ ਭਰ ਅੱਗ 'ਤੇ ਕਾਬੂ ਪਾਉਣ ਦੇ ਯਤਨ ਕੀਤੇ ਗਏ ਪਰ ਹੁਣ ਤੱਕ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਕਈ ਹਿੱਸਿਆਂ ਵਿਚ ਅੱਗ ਲਗਾਤਾਰ ਧੁੱਖ ਰਹੀ ਹੈ। ਇੱਥੇ ਅਜੇ ਵੀ ਧੂੰਏਂ ਦਾ ਗੁਬਾਰ ਅਜੇ ਵੀ ਉੱਠ ਰਿਹਾ ਹੈ।

ਦਿੱਲੀ 'ਚ ਗਾਜ਼ੀਪੁਰ, ਭਲਸਵਾ ਅਤੇ ਓਖਲਾ ਤਿੰਨ ਪ੍ਰਮੁੱਖ ਲੈਂਡਫਿਲ ਸਾਈਟਾਂ ਹਨ। ਇਨ੍ਹਾਂ ਕੂੜੇ ਦੇ ਢੇਰਾਂ ਨੂੰ ਅੱਗ ਲੱਗਣਾ ਕੋਈ ਨਵੀਂ ਗੱਲ ਨਹੀਂ ਹੈ। ਹਰ ਸਾਲ ਗਰਮੀਆਂ ਦੇ ਮੌਸਮ 'ਚ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚਦੇ ਹੀ ਲੈਂਡਫਿਲ ਸਾਈਟ ਨੂੰ ਅੱਗ ਲੱਗ ਜਾਂਦੀ ਹੈ, ਜਿਸ ਕਾਰਨ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਦਿੱਲੀ ਫਾਇਰ ਸਰਵਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸ਼ਾਮ 5.22 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਨੂੰ ਲਗਾਇਆ ਗਿਆ ਸੀ। ਉਸ 'ਤੇ ਕਾਬੂ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧੀ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਦਿੱਲੀ ਫਾਇਰ ਸਰਵਿਸ ਦਾ ਕਹਿਣਾ ਹੈ ਕਿ ਇਹ ਅੱਗ ਲੈਂਡਫਿਲ ਵਿੱਚ ਪੈਦਾ ਹੋਈ ਗੈਸ ਕਾਰਨ ਲੱਗੀ ਹੈ।

ਦਿੱਲੀ ਵਿੱਚ ਕੂੜਾ ਪ੍ਰਬੰਧਨ ਨਗਰ ਨਿਗਮ ਦੇ ਅਧੀਨ ਆਉਂਦਾ ਹੈ। MCD ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਭਾਜਪਾ ਨੇ ਦਿੱਲੀ ਸਰਕਾਰ 'ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਪਿਛਲੇ ਸਾਲ 31 ਦਸੰਬਰ ਤੱਕ ਗਾਜ਼ੀਪੁਰ ਲੈਂਡਫਿਲ ਸਾਈਟ ਨੂੰ ਖਾਲੀ ਕਰਨ ਦਾ ਵਾਅਦਾ ਕੀਤਾ ਸੀ, ਜੋ ਅਜੇ ਤੱਕ ਪੂਰਾ ਨਹੀਂ ਹੋਇਆ ਹੈ।