Tamil lok sabha election: ਤਾਮਿਲਨਾਡੂ ਦੀਆਂ ਸੱਤ ਲੋਕ ਸਭਾ ਸੀਟਾਂ ’ਤੇ ਚੋਣ ਲੜ ਰਹੇ ਹਨ ਤਾਮਿਲ ਸਿੱਖ 

ਏਜੰਸੀ

ਖ਼ਬਰਾਂ, ਰਾਸ਼ਟਰੀ

ਦਖਣੀ ਭਾਰਤ ਦੀਆਂ 40 ਸੀਟਾਂ ’ਤੇ ਪ੍ਰਭਾਵ ਰਖਦੇ ਹਨ ਤਾਮਿਲ ਸਿੱਖ 

Tamil Sikh

Tamil lok sabha election: ਅੰਮ੍ਰਿਤਸਰ (ਪਰਮਿੰਦਰਜੀਤ): ਪੂਰੇ ਦੇਸ਼ ਵਿਚ ਲੋਕ ਸਭਾ ਚੋਣਾਂ ਦੇ ਮਾਹੌਲ ਦੀ ਗਰਮੀ ਵਿਚ ਇਕ ਖ਼ੁਸ਼ ਕਰਨ ਵਾਲੀ ਖ਼ਬਰ ਨੇ ਪੂਰੇ ਦੇਸ਼ ਦੇ ਸਿੱਖਾਂ ਦਾ ਧਿਆਨ ਅਪਣੇ ਵਲ ਖਿਚਿਆ ਹੈ। ਕੁੱਝ ਸਮਾਂ ਪਹਿਲਾਂ ਸਿੱਖ ਧਰਮ ਅਪਣਾਉਣ ਵਾਲੇ ਤਾਮਿਲਨਾਡੂ ਦੇ ਕਥਿਤ ਦਲਿਤ ਭਾਈਚਾਰੇ ਨਾਲ ਸਬੰਧਤ ਤਮਿਲ ਸਿੱਖਾਂ ਨੇ ਅਪਣੀ ਰਾਜਨੀਤਕ ਪਾਰੀ ਸ਼ੁਰੂ ਕਰਦਿਆਂ ਇਕ ਖੇਤਰੀ ਪਾਰਟੀ ਦਾ ਗਠਨ ਕੀਤਾ ਹੈ ਤੇ ਇਸ ਪਾਰਟੀ ਦੇ ਗੁਰਮਤਿ ਆਧਾਰਤ  ਮੈਨੀਫ਼ੈਸਟੋ ਤੇ ਤਮਿਲ ਵਾਸੀਆਂ ਕੋਲੋ ਵੋਟਾਂ ਦੀ ਮੰਗ ਕੀਤੀ ਜਾ ਰਹੀ ਹੈ।

ਬਹੁਜਨ ਦ੍ਰਾਵਿੜ ਪਾਰਟੀ ਨਾਮਕ ਤਮਿਲ ਸਿੱਖਾਂ ਦੀ ਇਹ ਰਾਜਨੀਤਕ ਪਾਰਟੀ ਤਮਿਲਨਾਡੂ ਦੀਆਂ ਸੱਤ ਸੀਟਾਂ ’ਤੇ ਚੋਣ ਲੜ ਰਹੀ ਹੈ। ਜਾਤੀਵਾਦ ਤੋਂ ਪੀੜਤ ਤਮਿਲ ਲੋਕਾਂ ਨੇ ਸਿੱਖ ਧਰਮ ਵਿਚ ਸ਼ਮੂਲੀਅਤ ਕੀਤੀ ਸੀ ਤੇ ਕੁੱਝ ਸਮਾਂ ਪਹਿਲਾਂ ਹਵਾਰਾ ਕਮੇਟੀ ਦੇ ਪ੍ਰੋਫ਼ੈਸਰ ਬਲਵਿੰਦਰ ਸਿੰਘ ਦੇ ਸੱਦੇ ’ਤੇ ਇਹ ਸਾਰੇ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨ ਲਈ ਵੀ ਆਏ ਸਨ।

ਚੋਣ ਮੈਨੀਫ਼ੈਸਟੋ ਵਿਚ ਇਹ ਲੋਕ ਜਾਤੀ ਵਿਤਕਰੇ, ਆਤਮ ਸਨਮਾਨ ਤੇ ਆਤਮ ਸੁਤੰਤਰਤਾ ਦੀ ਗੱਲ ਕਰ ਰਹੇ ਹਨ। ਪਾਰਟੀ ਦੇ ਉਮੀਦਵਾਰਾਂ ਵਿਚੋਂ ਕੁੱਝ ਨੂੰ ਅਪਣੇ ਪੁਰਾਣੇ ਤਮਿਲ ਨਾਮ ’ਤੇ ਹੀ ਚੋਣ ਲੜਨੀ ਪੈ ਰਹੀ ਹੈ। ਸੂਬਾ ਪ੍ਰਧਾਨ ਪਲਾਨੀ ਸਿੰਘ ਨੇ ਫ਼ੋਨ ਤੇ ਦਸਿਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਨ੍ਹਾਂ ਦੇ ਨਾਮ ਪਲਾਨੀ ਸਾਮੀ ਦੇ ਨਾਮ ਤੇ ਹੀ ਚੋਣ ਲੜਨ ਦੀ ਇਜਾਜ਼ਤ ਦਿਤੀ ਕਿਉਂਕਿ ਨਾਮ ਬਦਲਣ ਲਈ ਦਿਤੇ ਦਸਤਾਵੇਜ਼ਾਂ ਨੂੰ ਨਾਕਾਫ਼ੀ ਕਰਾਰ ਦਿਤਾ ਸੀ।

ਪਾਰਟੀ ਦੇ ਸੰਸਥਾਪਕ ਤੇ ਪ੍ਰਧਾਨ ਜੀਵਨ ਸਿੰਘ ਨੇ ਦਸਿਆ ਕਿ ਸਾਡਾ ਤਾਮਿਲਨਾਡੂ, ਕੇਰਲਾ, ਝਾਰਖੰਡ ਅਤੇ ਕਰਨਾਟਕ ਦੀਆਂ ਕਰੀਬ 40 ਸੀਟਾਂ ’ਤੇ ਪ੍ਰਭਾਵ ਹੈ। ਸਾਡਾ ਇਕ ਉਮੀਦਵਾਰ ਰਾਜਨ ਸਿੰਘ ਕੰਨਿਆ ਕੁਮਾਰੀ ਲੋਕ ਸਭਾ ਹਲਕੇ ਤੋ ਚੋਣ ਮੈਦਾਨ ਵਿਚ ਹੈ।

ਉਨ੍ਹਾਂ ਦਸਿਆ ਕਿ ਸਾਲ 2020 ਵਿਚ ਦਿੱਲੀ ਵਿਚ ਚਲੇ ਕਿਸਾਨ ਅੰਦੋਲਨ ਦੌਰਾਨ ਸਿੱਖਾਂ ਦਾ ਜਾਬੇਤ ਵਿਚ ਰਹਿਣਾ, ਸੇਵਾ ਤੇ ਗੁਰੂ ਪ੍ਰਤੀ ਸਮਰਪਿਤ ਦੀ ਭਾਵਨਾ ਦੇ ਨਾਲ-ਨਾਲ ਲੰਗਰ ਤੇ ਪੰਗਤ ਦੀ ਪ੍ਰੰਪਰਾ ਨੇ ਉਨ੍ਹਾਂ ਤੇ ਉਨ੍ਹਾਂ ਦੇ ਸਾਥੀਆਂ ਨੂੰ ਬੇਹਦ ਪ੍ਰਭਾਵਤ ਕੀਤਾ ਤੇ ਅਸੀ ਸਿੱਖ ਧਰਮ ਵਿਚ ਸ਼ਾਮਲ ਹੋਏ। ਸਿਰਾਂ ਤੇ ਦਸਤਾਰਾਂ ਤੇ ਗਲ ਵਿਚ ਕ੍ਰਿਪਾਨਾਂ ਪਾਈ ਇਹ ਲੋਕ ਤਮਿਲ ਲੋਕਾਂ ਲਈ ਆਕਰਸ਼ਣ ਦਾ ਕੇਂਦਰ ਬਣੇ ਹਨ।