ਕਰਨਾਟਕ ਵਿਚ ਸਰਕਾਰ ਚਲਾਉਣ ਲਈ ਬਣੇਗੀ ਤਾਲਮੇਲ ਕਮੇਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰਨਾਟਕ-ਜੇਡੀਐਸ ਗਠਜੋੜ ਕਰਨਾਟਕ ਵਿਚ ਸਥਿਰ ਸਰਕਾਰ ਦੇਵੇਗਾ ਅਤੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਮਗਰੋਂ ਸਰਕਾਰ ਗਠਨ ਦੇ ਤੌਰ-ਤਰੀਕਿਆਂ ...

Kumaraswamy welcomes Sonia Gandhi .

ਨਵੀਂ ਦਿੱਲੀ, 21 ਮਈ : ਕਰਨਾਟਕ-ਜੇਡੀਐਸ ਗਠਜੋੜ ਕਰਨਾਟਕ ਵਿਚ ਸਥਿਰ ਸਰਕਾਰ ਦੇਵੇਗਾ ਅਤੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਮਗਰੋਂ ਸਰਕਾਰ ਗਠਨ ਦੇ ਤੌਰ-ਤਰੀਕਿਆਂ 'ਤੇ ਕੰਮ ਕਰੇਗਾ। ਇਹ ਗੱਲ ਅੱਜ ਜੇਡੀਐਸ ਦੇ ਨੇਤਾ ਐਚ. ਡੀ. ਕੁਮਾਰਸਵਾਮੀ ਨੇ ਕਹੀ। ਕੁਮਾਰਸਵਾਮੀ 23 ਮਈ ਨੂੰ ਕਰਨਾਟਕ ਦੇ ਮੁੱਖ ਮੰਤਰੀ ਬਣਨਗੇ। ਉਨ੍ਹਾਂ ਅੱਜ ਸ਼ਾਮ ਇਥੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਦੀ ਕਾਇਮੀ ਦੇ ਤੌਰ-ਤਰੀਕਿਆਂ ਬਾਰੇ ਚਰਚਾ ਕੀਤੀ।

ਉਨ੍ਹਾਂ ਦਸਿਆ ਕਿ ਸੋਨੀਆ ਅਤੇ ਰਾਹੁਲ ਸਹੁੰ-ਚੁੱਕ ਸਮਾਗਮ ਵਿਚ ਸ਼ਾਮਲ ਹੋਣਗੇ ਜਿਹੜਾ ਬੁਧਵਾਰ ਨੂੰ ਹੋ ਰਿਹਾ ਹੈ। ਉਨ੍ਹਾਂ ਇਸ ਤੋਂ ਪਹਿਲਾਂ ਬਸਪਾ ਮੁਖੀ ਮਾਇਆਵਤੀ ਨਾਲ ਮੁਲਾਕਾਤ ਕੀਤੀ ਅਤੇ ਕਾਂਗਰਸ ਜੇਡੀਐਸ ਦੀ ਸਰਕਾਰ ਬਣਾਉਣ ਦੀਆਂ ਯੋਜਨਾਵਾਂ ਬਾਰੇ ਚਰਚਾ ਕੀਤੀ। ਜੇਡੀਐਸ ਨੇ ਕਰਨਾਟਕ ਚੋਣ ਨਤੀਜਿਆਂ ਦਾ ਐਲਾਨ ਹੋਣ ਮਗਰੋਂ ਕਾਂਗਰਸ ਨਾਲ ਗਠਜੋੜ ਕੀਤਾ ਅਤੇ ਚੋਣਾਂ ਤੋਂ ਪਹਿਲਾਂ ਇਸ ਦਾ ਬਸਪਾ ਨਾਲ ਗਠਜੋੜ ਸੀ। ਕੁਮਾਰਸਵਾਮੀ ਨੇ ਪੱਤਰਕਾਰਾਂ ਨੂੰ ਕਿਹਾ, 'ਅਸੀਂ ਸਥਿਰ ਸਰਕਾਰ ਦੇਣ ਜਾ ਰਹੇ ਹਾਂ। ਇਨ੍ਹਾਂ ਸਾਰੇ ਮੁੱਦਿਆਂ 'ਤੇ ਹਾਲੇ ਚਰਚਾ ਨਹੀਂ ਹੋਈ, ਅਸੀਂ ਭਵਿੱਖ ਬਾਰੇ ਵੀ ਹਾਲੇ ਕੋਈ ਚਰਚਾ ਨਹੀਂ ਕੀਤੀ।' 

ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਦੌਰਾਨ ਨਵੀਂ ਸਰਕਾਰ ਬਣਾਉਣ ਦੇ ਤੌਰ-ਤਰੀਕਿਆਂ ਬਾਰੇ ਚਰਚਾ ਹੋਈ। ਕੁਮਾਰਸਵਾਮੀ ਬੁਧਵਾਰ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਰਹੇ ਹਨ। ਸੂਤਰਾਂ ਮੁਤਾਬਕ ਕੇਰਲਾ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਵੀ ਸਹੁੰ-ਚੁੱਕ ਸਮਾਗਮ ਵਿਚ ਸ਼ਾਮਲ ਹੋਣਗੇ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਐਚ ਡੀ ਦੇਵਗੌੜਾ ਅਤੇ ਉਨ੍ਹਾਂ ਦੇ ਬੇਟੇ ਕੁਮਾਰਸਵਾਮੀ ਦਾ ਸੱਦਾ ਪ੍ਰਵਾਨ ਕਰ ਲਿਆ ਹੈ। ਕੇਰਲਾ ਦੀ ਸਰਕਾਰ ਵਿਚ ਜੇਡੀਐਸ ਭਾਈਵਾਲ ਹੈ। (ਏਜੰਸੀ)