'ਨਿਪਾਹ' ਪੀੜਤ ਮਰੀਜ਼ ਦਾ ਇਲਾਜ ਕਰਨ ਵਾਲੀ ਨਰਸ ਦੀ ਮੌਤ, ਪਤੀ ਲਈ ਛੱਡਿਆ ਭਾਵੁਕ ਸੰਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਰਲ ਵਿਚ ਨਿਪਾਹ ਵਾਇਰਸ ਫੈਲਿਆ ਹੋਇਆ ਹੈ, ਜਿਸ ਕਾਰਨ ਉਥੇ ਕਈ ਲੋਕਾਂ ਦੀ ਮੌਤ ਹੋ ਗਈ ਹੈ

Kerala Nurse Died After Treating Nipah Patient,

ਨਵੀਂ ਦਿੱਲੀ : ਕੇਰਲ ਵਿਚ ਨਿਪਾਹ ਵਾਇਰਸ ਫੈਲਿਆ ਹੋਇਆ ਹੈ, ਜਿਸ ਕਾਰਨ ਉਥੇ ਕਈ ਲੋਕਾਂ ਦੀ ਮੌਤ ਹੋ ਗਈ ਹੈ। ਮਰੀਜ਼ਾਂ ਦਾ ਇਲਾਜ ਕਰਨ ਵਾਲੀ ਇਕ ਨਰਸ ਲਿਨੀ ਪੁਥੁਸਸੇਰੀ ਦੀ ਮੌਤ ਹੋ ਗਈ, ਜਿਸ ਨੇ ਅਪਣੀ ਮੌਤ ਤੋਂ ਪਹਿਲਾਂ ਅਪਣੇ ਪਤੀ ਲਈ ਇਕ ਭਾਵੁਕ ਨੋਟ ਲਿਖਿਆ। ਉਸ ਨੇ ਲਿਖਿਆ ਕਿ ਮੈਂ ਬਸ ਜਾ ਰਹੀ ਹਾਂ.., ਮੈਨੂੰ ਨਹੀਂ ਲਗਦਾ ਮੈਂ ਤੁਹਾਨੂੰ ਦੇਖ ਸਕਾਂਗੀ...ਮਾਫ਼ ਕਰਨਾ, ਸਾਡੇ ਬੱਚਿਆਂ ਦਾ ਧਿਆਨ ਰੱਖਣਾ।'' ਨਰਸ ਦਾ ਕਾਹਲੀ ਕਾਹਲੀ ਵਿਚ ਦਾਹ ਸਸਕਾਰ ਵੀ ਕਰ ਦਿਤਾ ਗਿਆ ਤਾਕਿ ਇੰਫੈਕਸ਼ਨ ਨੂੰ ਫੈਲਣ ਤੋਂ ਰੋਕਿਆ ਜਾ ਸਕੇ ਅਤੇ ਇਸੇ ਕਾਰਨ ਉਹ ਅਪਣੇ ਪਰਵਾਰ ਨੂੰ ਦੇਖ ਵੀ ਨਹੀਂ ਸਕੀ। 

31 ਸਾਲਾ ਲਿਨੀ ਦੇ 7 ਅਤੇ ਦੋ ਸਾਲ ਦੇ ਦੋ ਬੱਚੇ ਹਨ। ਨਰਸ ਦਾ ਮਰਨ ਤੋਂ ਪਹਿਲਾਂ ਅਪਣੇ ਪਤੀ ਨੂੰ ਲਿਖਿਆ ਭਾਵੁਕ ਨੋਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਟਵਿਟਰ 'ਤੇ ਬਹੁਤ ਸਾਰੇ ਲੋਕਾਂ ਨੇ ਨਰਸ ਦੇ ਪ੍ਰਤੀ ਸ਼ਰਧਾਂਜਲੀ ਪ੍ਰਗਟ ਕੀਤੀ ਹੈ। ਹਸਪਤਾਲ ਨੇ ਪੁਸ਼ਟੀ ਕੀਤੀ ਕਿ ਨਰਸ ਦੇ ਅੰਤਮ ਸਸਕਾਰ ਉਸ ਦੇ ਪਰਵਾਰ ਦੀ ਸਹਿਮਤੀ ਨਾਲ ਮੌਤ ਤੋਂ ਤੁਰਤ ਬਾਅਦ ਕਰ ਦਿਤਾ ਗਿਆ ਸੀ। ਇਸ ਤੋਂ ਪਹਿਲਾਂ ਨਿਪਾਹ ਵਾਇਰਸ ਦੀ ਵਜ੍ਹਾ ਨਾਲ ਜਾਨ ਗਵਾ ਚੁੱਕੇ ਤਿੰਨ ਲੋਕ ਇਕੋ ਪਰਵਾਰ ਦੇ ਸਨ, ਜਿਨ੍ਹਾਂ ਵਿਚ 20-30 ਸਾਲ ਦੀ ਉਮਰ ਦੇ ਦੋ ਭਰਾ ਸਨ ਅਤੇ ਉਨ੍ਹਾਂ ਦੀ ਇਕ ਔਰਤ ਰਿਸ਼ਤੇਦਾਰ ਸ਼ਾਮਲ ਸੀ ਜੋ ਉਨ੍ਹਾਂ ਨਾਲ ਹਸਪਤਾਲ ਵਿਚ ਹੀ ਸੀ। 

ਦਸਿਆ ਗਿਆ ਹੈ ਕਿ ਭਰਾਵਾਂ ਦੇ ਪਿਤਾ ਇਸੇ ਵਾਇਰਸ ਨਾਲ ਹੋਏ ਇੰਫੈਕਸ਼ਨ ਦਾ ਇਲਾਜ ਚਲ ਰਿਹਾ ਸੀ। ਕੋਝੀਕੋਡ ਅਤੇ ਨੇੜਲੇ ਮਲਪੁਰਮ ਵਿਚ ਇਸ ਤੋਂ ਬਾਅਦ ਤੇਜ਼ ਬੁਖ਼ਾਰ ਅਤੇ ਵਾਇਰਸ ਨਾਲ ਜੁੜੇ ਹੋਰ ਲੱਛਣਾਂ ਦੇ ਨਾਲ ਪੰਜ ਹੋਰ ਲੋਕਾਂ ਦੀ ਮੌਤ ਹੋ ਚੁਕੀ ਹੈ। ਕੋਝੀਕੋਡ ਮੈਡੀਕਲ ਕਾਲਜ ਹਸਪਤਾਲ ਵਿਚ ਵੀ ਦੋ ਹੋਰ ਨਰਸਾਂ ਨੂੰ ਤੇਜ਼ ਬੁਖ਼ਾਰ ਦੇ ਨਾਲ ਭਰਤੀ ਕਰਵਾਇਆ ਗਿਆ ਹੈ। 

ਮਾਹਰ ਡਾਕਟਰਾਂ ਦੀ ਟੀਮ ਨੇ ਕਿਹਾ ਕਿ ਖ਼ੂਨ ਨੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ, ਜਦੋਂ ਤਕ ਨਤੀਜੇ ਨਹੀਂ ਮਿਲ ਜਾਂਦੇ, ਉਦੋਂ ਤਕ ਅਸੀਂ ਕਿਸੇ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੇ। ਨਿਪਾਹ ਵਾਇਰਸ ਜਾਂ ਐਨਆਈਵੀ ਇੰਫੈਕਸ਼ਨ ਆਮ ਤੌਰ 'ਤੇ ਚਮਗਾਦੜਾਂ ਤੋਂ ਫ਼ੈਲਦਾ ਹੈ ਅਤੇ ਇਸ ਦੇ ਲੱਛਣਾਂ ਵਿਚ ਸਾਹ ਲੈਣ ਵਿਚ ਤਕਲੀਫ਼ ਹੋਣਾ, ਬੁਖ਼ਾਰ, ਸਿਰ ਵਿਚ ਜਲਨ, ਸਿਰਦ, ਚੱਕਰ ਆਉਣਾ, ਸੁਸਤੀ ਸ਼ਾਮਲ ਹਨ। ਇਸ ਦਾ ਮਰੀਜ਼ 48 ਘੰਟੇ ਦੇ ਅੰਦਰ ਹੀ ਕੋਮਾ ਵਿਚ ਜਾ ਸਕਦਾ ਹੈ।