ਪ੍ਰਦਰਸ਼ਨਕਾਰੀਆਂ 'ਤੇ ਪੁਲਿਸ ਗੋਲੀਬਾਰੀ, ਨੌਂ ਹਲਾਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵੇਦਾਂਤਾ ਪਲਾਂਟ ਵਿਰੁਧ ਪ੍ਰਦਰਸ਼ਨ ਕਰ ਰਹੇ ਸਨ ਲੋਕ...

Police clashing with protesters

ਤੂਤੀਕੋਰਿਨ, 22 ਮਈ : ਚੇਨਈ ਦੇ ਤੂਤੀਕੋਰਿਨ ਵਿਚ ਵੇਦਾਂਤਾ ਸਟਰਲਾਈਟ ਕਾਪਰ ਇਕਾਈ ਨੂੰ ਬੰਦ ਕਰਨ ਦੀ ਮੰਗ ਦੇ ਹੱਕ ਵਿਚ ਹੋਇਆ ਪ੍ਰਦਰਸ਼ਨ ਹਿੰਸਕ ਹੋ ਗਿਆ ਜਿਸ ਦੌਰਾਨ ਪੁਲਿਸ ਦੁਆਰਾ ਕੀਤੀ ਗਈ ਗੋਲੀਬਾਰੀ ਵਿਚ ਨੌਂ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਇਕਾਈ ਬੰਦ ਕਰਨ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਪਥਰਾਅ ਕੀਤਾ ਅਤੇ ਸਰਕਾਰੀ ਤੇ ਨਿਜੀ ਵਾਹਨਾਂ ਨੂੰ ਅੱਗ ਲਾ ਦਿਤੀ ਤੇ ਪੂਰੇ ਸ਼ਹਿਰ ਵਿਚ ਭੰਨਤੋੜ ਕਰਨ ਲੱਗੇ।

ਤਾਮਿਲਨਾਡੂ ਦੇ ਮੁੱਖ ਮੰਤਰੀ ਕੇ ਪਲਾਨੀਸਵਾਮੀ ਨੇ ਦਸਿਆ ਕਿ ਤੂਤੀਕੋਰਿਨ ਵਿਚ ਵੇਦਾਂਤਾ ਗਰੁਪ ਦੀ ਇਕਾਈ ਸਟਰਲਾਈਟ ਇੰਡਸਟਰੀਜ਼ ਇੰਡੀਆ ਲਿਮਟਿਡ ਦਾ ਵਿਰੋਧ ਕਰ ਰਹੇ ਲੋਕਾਂ ਵਿਰੁਧ ਹੋਈ ਪੁਲਿਸ ਕਾਰਵਾਈ ਵਿਚ ਨੌਂ ਪ੍ਰਦਰਸ਼ਨਕਾਰੀ ਮਾਰੇ ਗਏ ਹਨ। ਉਨ੍ਹਾਂ ਘਟਨਾ ਦੀ ਨਿਆਂਇਕ ਜਾਂਚ ਕਰਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀ ਪਾਬੰਦੀਆਂ ਦੀ ਪਰਵਾਹ ਕੀਤੇ ਬਿਨਾਂ ਜਲੂਸ ਕੱਢ ਰਹੇ ਸਨ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਪੁਲਿਸ 'ਤੇ ਪਥਰਾਅ ਕੀਤਾ ਅਤੇ ਵਾਹਨਾਂ ਨੂੰ ਵੀ ਅੱਗ ਲਾ ਦਿਤੀ। 

ਪੁਲਿਸ ਨੇ ਦਸਿਆ ਕਿ ਕਰੀਬ 5000 ਪ੍ਰਦਰਸ਼ਨਕਾਰੀ ਸਥਾਨਕ ਚਰਚ ਲਾਗੇ ਇਕੱਠੇ ਹੋ ਗਏ ਅਤੇ ਜਦ ਉਨ੍ਹਾਂ ਨੂੰ ਪਲਾਂਟ ਤਕ ਮਾਰਚ ਕਰਨ ਦੀ ਆਗਿਆ ਨਹੀਂ ਦਿਤੀ ਗਈ ਤਾਂ ਉਨ੍ਹਾਂ ਜ਼ਿਲ੍ਹਾ ਕਲੈਕਟਰ ਦੇ ਦਫ਼ਤਰ ਤਕ ਰੈਲੀ ਕੱਢਣ 'ਤੇ ਜ਼ੋਰ ਦਿਤਾ। ਇਸ ਗੱਲ 'ਤੇ ਪ੍ਰਦਰਸ਼ਨਕਾਰੀ ਅਤੇ ਪੁਲਿਸ ਵਿਚਕਾਰ ਹਿੰਸਕ ਝੜਪ ਹੋ ਗਈ। ਲੋਕਾਂ ਨੇ ਪੁਲਿਸ 'ਤੇ ਪਥਰਾਅ ਕਰਨਾ ਸ਼ੁਰੂ ਕਰ ਦਿਤਾ ਅਤੇ ਕੁੱਝ ਵਾਹਨਾਂ ਨੂੰ ਪਲਟਾ ਦਿਤਾ। ਸੁਰੱਖਿਆ ਮੁਲਾਜ਼ਮਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਲਾਠੀਚਾਰਜ ਕੀਤਾ ਅਤੇ ਹੰਝੂ ਗੈਸ ਦੇ ਗੋਲੇ ਵੀ ਛੱਡੇ।

ਪਥਰਾਅ ਵਿਚ ਕਈ ਲੋਕ ਜ਼ਖ਼ਮੀ ਹੋ ਗਏ। ਇਸ ਦੌਰਾਨ ਕੁੱਝ ਬੈਂਕ ਅਹਾਤਿਆਂ 'ਤੇ ਵੀ ਹਮਲਾ ਕੀਤਾ ਗਿਆ। ਸੂਬੇ ਵਿਚ ਏਆਈਏਡੀਐਮਕੇ ਦੀ ਸਰਕਾਰ ਹੈ ਪਲਾਨੀਸਵਾਮੀ ਨੇ ਕਿਹਾ ਕਿ ਉਨ੍ਹਾਂ ਹਾਈ ਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ਵਿਚ ਕਮੇਟੀ ਬਣਾਈ ਹੈ ਜੋ ਘਟਨਾ ਦੀ ਜਾਂਚ ਕਰੇਗੀ। ਮੁੱਖ ਮੰਤਰੀ ਨੇ ਘਟਨਾ ਵਿਚ ਮਾਰੇ ਗਏ ਪ੍ਰਦਰਸ਼ਨਕਾਰੀਆਂ ਦੇ ਪਰਵਾਰਾਂ ਨੂੰ ਦਸ-ਦਸ ਲੱਖ ਰੁਪਏ,

ਗੰਭੀਰ ਜ਼ਖ਼ਮੀਆਂ ਨੂੰ ਤਿੰਨ-ਤਿੰਨ ਲੱਖ ਰੁਪਏ ਅਤੇ ਮਾਮੂਲੀ ਜ਼ਖ਼ਮੀਆਂ ਨੂੰ ਇਕ-ਇਕ ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਘਟਨਾ ਵਿਚ ਜਾਨ ਗਵਾਉਣ ਵਾਲੇ ਲੋਕਾਂ ਦੇ ਪਰਵਾਰਾਂ ਵਿਚੋਂ ਇਕ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦਾ ਵੀ ਭਰੋਸਾ ਦਿਤਾ। ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿਤਾ ਕਿ ਜ਼ਖ਼ਮੀਆਂ ਦਾ ਸਹੀ ਇਲਾਜ ਯਕੀਨੀ ਬਣਾਇਆ ਜਾਵੇ। 
(ਏਜੰਸੀ)