23 ਮਈ ਨੂੰ ਪਾਕਿਸਤਾਨ ਵੀ ਲਾਈਵ ਦੇਖੇਗਾ ਭਾਰਤ ਦੀਆਂ ਚੋਣਾਂ ਦੇ ਨਤੀਜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਚ ਕਮਿਸ਼ਨ ਨੇ ਕੀਤੇ ਖਾਸ ਇੰਤਜ਼ਾਮ

Indian High Commission in Islamabad to have live screens of the results on May 23rd

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਦੇਸ਼ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਸਿਰਫ਼ ਭਾਰਤ ਹੀ ਨਹੀਂ ਪਾਕਿਸਤਾਨ ਵਿਚ ਇਸ ਨੂੰ ਲੈ ਕੇ ਬੇਚੈਨੀ ਸ਼ਾਈ ਹੋਈ ਹੈ। ਪਾਕਿਸਤਾਨ ਵਿਚ ਭਾਰਤੀ ਉਚ ਕਮਿਸ਼ਨ ਨੇ ਨਤੀਜਿਆਂ ਦਾ ਲਾਈਵ ਟੈਲੀਕਾਸਟ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਲਈ 23 ਮਈ ਨੂੰ ਇਸਲਾਮਾਬਾਦ ਵਿਚ ਲਾਈਵ ਸਕਰੀਨਾਂ ਲਗਾਈਆਂ ਜਾਣਗੀਆਂ। ਭਾਰਤੀ ਕਮਿਸ਼ਨ ਵੱਲੋਂ ਜਸ਼ਨ-ਏ-ਜਮੂਰੀਅਤ ਨਾਮ ਦੇ ਜਲਸੇ ਦਾ ਆਯੋਜਨ ਕੀਤਾ ਜਾ ਰਿਹਾ ਹੈ।

23 ਮਈ ਨੂੰ ਦੁਪਿਹਰ 12 ਵਜੇ ਇਸਲਾਮਾਬਾਦ ਵਿਚ ਭਾਰਤੀ ਉਚ ਕਮਿਸ਼ਨ ਦੇ ਆਡੀਟੋਰਿਅਮ ਅਤੇ ਲਾਨ ਵਿਚ ਸਕਰੀਨ ਲਗਾਈ ਜਾਵੇਗੀ ਜਿਸ ਵਿਚ ਚੋਣਾਂ ਦੇ ਨਤੀਜੇ ਲਾਈਵ ਪ੍ਰਸਾਰਤ ਕੀਤੇ ਜਾਣਗੇ। ਇਸ ਤੋਂ ਬਾਅਦ ਸ਼ਾਮ 7.30 ਵਜੇ ਨਤੀਜਿਆਂ ’ਤੇ ਬਹਿਸ ਪ੍ਰੋਗਰਾਮ ਵੀ ਹੋਵੇਗਾ। ਭਾਰਤ ਦੀਆਂ ਲੋਕ ਸਭਾ ਚੋਣਾਂ ਦਾ ਜੇਕਰ ਸਭ ਤੋਂ ਜ਼ਿਆਦਾ ਫਰਕ ਕਿਸੇ ਗੁਆਂਢੀ ਦੇਸ਼ ਨੂੰ ਹੋਵੇਗਾ ਤਾਂ ਉਹ ਪਾਕਿਸਤਾਨ ਹੈ।

ਇਹੀ ਕਾਰਣ ਹੈ ਕਿ ਪਾਕਿਸਤਾਨ ਦੇ ਸਾਰੇ ਮੀਡੀਆ ਹਾਊਸ ਚੋਣਾਂ ਦੇ ਹਰ ਪੜਾਅ ਦੀ ਕਵਰੇਜ ਨਾਲ ਹੀ ਓਪੀਨੀਅਨ ਬਲਾਗ ਲਿਖ ਰਹੇ ਹਨ। ਇਸ ਤੋਂ ਇਲਾਵਾ ਪਾਕਿਸਤਾਨ ਵਿਚ ਸੋਸ਼ਲ ਮੀਡੀਆ ’ਤੇ ਭਾਰਤ ਦੀਆਂ ਚੋਣਾਂ ਦੀ ਬਹੁਤ ਚਰਚਾ ਹੋ ਰਹੀ ਹੈ। ਲੋਕ ਸਭਾ ਚੋਣਾਂ ਦੇ ਨਤੀਜੇ 23 ਮਈ ਨੂੰ ਸਵੇਰੇ ਲਗਭਘ 8 ਵਜੇ ਤਕ ਆ ਜਾਣਗੇ। ਭਾਰਤ ਵਿਚ 90 ਕਰੋੜ ਤੋਂ ਜ਼ਿਆਦਾ ਵੋਟਰ ਹਨ।

ਇਸ ਵਾਰ ਵੋਟਰਾਂ ਨੇ ਪੂਰੇ ਉਤਸ਼ਾਹ ਨਾਲ ਲੋਕਤੰਤਰ ਵਿਚ ਹਿੱਸਾ ਲਿਆ ਅਤੇ 2293 ਰਾਜਨੀਤਿਕ ਪਾਰਟੀਆਂ ਦੇ 8 ਹਜ਼ਾਰ ਤੋਂ ਉਮੀਦਵਾਰਾਂ ਦੀ ਕਿਸਮਤ ਨੂੰ 40 ਲੱਖ  ਤੋਂ ਵਧ ਈਵੀਐਮ ਵਿਚ ਕੈਦ ਕਰ ਦਿੱਤਾ। 43 ਦਿਨਾਂ ਵਿਚ ਸੱਤ ਪੜਾਵਾਂ ਵਿਚ ਹੋਈਆਂ ਇਹਨਾਂ  ਚੋਣਾਂ ਨੂੰ 1 ਕਰੋੜ ਤੋਂ ਜ਼ਿਆਦਾ ਕਰਮਚਾਰੀਆਂ ਨੇ 10 ਲੱਖ ਤੋਂ ਜ਼ਿਆਦਾ ਪੋਲਿੰਗ ਸਟੇਸ਼ਨਾਂ ਤੇ ਮੁਕੰਮਲ ਕਰਵਾਇਆ ਹੈ।