ਸਤਲੁਜ ਬੇਸਿਨ ਦੇ ਅੱਧੇ ਗਲੇਸ਼ੀਅਰ 2050 ਤੱਕ ਚੜ੍ਹ ਜਾਣਗੇ ਮੌਸਮੀ ਬਦਲ ਦੀ ਭੇਂਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਵੇਂ ਅਧਿਐਨ ਨੇ ਚਿਤਾਵਨੀ ਦਿੱਤੀ ਹੈ ਕਿ ਸਤਲੁਜ ਬੇਸਿਨ ਵਿਚ 55 ਫੀਸਦੀ ਗਲੇਸ਼ੀਅਰ 2050 ਤੱਕ ਅਤੇ 97 ਫੀਸਦੀ 2090 ਤੱਕ ਖਤਮ ਹੋ ਸਕਦੇ ਹਨ।

Bhakra Dam Reservoir

ਨਵੀਂ ਦਿੱਲੀ: ਮੌਸਮ ਦੇ ਬਦਲ ਰਹੇ ਹਾਲਾਤ ਹਿਮਾਲਿਆ ਖੇਤਰ ਵਿਚ ਗਲੇਸ਼ੀਅਰ ਨੂੰ ਪ੍ਰਭਾਵਿਤ ਕਰ ਰਹੇ ਹਨ। ਇਕ ਨਵੇਂ ਅਧਿਐਨ ਨੇ ਚਿਤਾਵਨੀ ਦਿੱਤੀ ਹੈ ਕਿ ਸਤਲੁਜ ਬੇਸਿਨ ਵਿਚ 55 ਫੀਸਦੀ ਗਲੇਸ਼ੀਅਰ 2050 ਤੱਕ ਅਤੇ 97 ਫੀਸਦੀ 2090 ਤੱਕ ਖਤਮ ਹੋ ਸਕਦੇ ਹਨ। ਇਸ ਨਾਲ ਭਾਖੜਾ ਡੈਮ ਸਮੇਤ ਸਿੰਜਾਈ ਅਤੇ ਹੋਰ ਬਿਜਲੀ ਪ੍ਰੋਜੈਕਟਾਂ ਲਈ ਪਾਣੀ ‘ਤੇ ਪ੍ਰਭਾਵ ਪੈ ਸਕਦਾ ਹੈ। ਸਤਲੁਜ ਬੇਸਿਨ ਵਿਚ ਵੱਖ ਵੱਖ ਅਕਾਰਾਂ ਦੇ 2,026 ਗਲੇਸ਼ੀਅਰ ਹਨ, ਜਿਨ੍ਹਾਂ ਦਾ ਕੁੱਲ ਖੇਤਰਫਲ 1,426 ਵਰਗ ਕਿਲੋਮੀਟਰ ਹੈ।

ਇਸ ਅਧਿਐਨ ਅਨੁਸਾਰ ਛੋਟੇ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ ਅਤੇ 1 ਵਰਗ ਕਿਲੋ ਮੀਟਰ ਤੋਂ ਘੱਟ ਖੇਤਰਫਲ ਵਾਲੇ ਖੇਤਰਾਂ ਦੇ 62 ਫੀਸਦੀ ਗਲੇਸ਼ੀਅਰ 2050 ਤੱਕ ਪਿਘਲ਼ਣ ਦੀ ਸੰਭਾਵਨਾ ਹੈ। ਸਤਲੁਜ, ਹਿਮਾਲਿਆ ਖੇਤਰ ਦੀਆਂ ਦਰਜਨਾਂ ਘਾਟੀਆਂ ਵਿਚੋਂ ਹੈ ਅਤੇ ਸਾਰੇ ਬੇਸਿਨ ਮਿਲ ਕੇ ਹਜ਼ਾਰਾਂ ਗਲੇਸ਼ੀਅਰ ਇਕੱਠੇ ਕਰਦੇ ਹਨ। ਸਤਲੁਜ ਨਦੀ ਦੇ ਸਲਾਨਾ ਵਹਾਅ ਦਾ ਲਗਭਗ ਅੱਧਾ ਹਿੱਸਾ ਬਰਫ ਦੇ ਪਿਘਲਣ ਤੋਂ ਆਉਂਦਾ ਹੈ ਅਤੇ ਇਹ ਹਿਮਾਚਲ ਪ੍ਰਦੇਸ਼ ਦੇ ਭਾਖੜਾ ਡੈਮ ਵਿਚ 80 ਫੀਸਦੀ ਤੱਕ ਆਉਂਦਾ ਹੈ।

ਖੋਜਕਰਤਾਵਾਂ ਨੇ ਇਸ ਬੇਸਿਨ ਵਿਚ ਗਲੇਸ਼ੀਅਰਾਂ ਵਿਚ ਜਮਾਂ ਪਾਣੀ ਦਾ ਅੰਦਾਜ਼ਾ ਲਗਾਉਣ ਲਈ ਅਲੱਗ ਅਲੱਗ ਤਕਨੀਕਾਂ ਦੀ ਵਰਤੋਂ ਕੀਤੀ ਅਤੇ ਫਿਰ ਤਾਪਮਾਨ ਵਧਣ ਨਾਲ ਗਲੇਸ਼ੀਅ ਦੇ ਵਿਵਹਾਰ ਦੀ ਜਾਂਚ ਲਈ ਕਲਾਈਮੇਟ ਪ੍ਰਾਜੈਕਸ਼ਨ ਮਾਡਲ ਤਿਆਰ ਕੀਤੇ। ਸਤਲੁਜ ਗਲੇਸ਼ੀਅਰ ਵਿਚ ਇਕੱਠੇ ਹੋਏ ਪਾਣੀ ਦਾ ਅਨੁਮਾਨ ਲਗਾਉਣ ਲਈ ਖੋਜਕਰਤਾਵਾਂ ਨੇ ਗਤੀ-ਢਲਾਨ ਅਤੇ ਆਇਤਨ-ਖੇਤਰ ਸਕੇਲਿੰਗ ਢੰਗ ਦੀ ਵਰਤੋਂ ਕੀਤੀ। ਉਹਨਾਂ ਨੇ ਇਕ ਮਹੱਤਵਪੂਰਨ ਪੈਰਾਮੀਟਰ ਦੀ ਕੀਮਤ ਦਾ ਹਿਸਾਬ ਲਗਾਇਆ, ਜਿਸ ਨੂੰ ਸੰਤੁਲਨ ਰੇਖਾ ਦੀ ਉਚਾਈ ਕਿਹਾ ਜਾਂਦਾ ਹੈ ਅਤੇ ਇਹ ਬਰਫ ਦੇ ਪਿਘਲਣ ਦੀ ਮਾਤਰਾ ਨੂੰ ਦਰਸਾਉਂਦੀ ਹੈ।

ਉਹਨਾਂ ਨੇ ਅਸਥਾਈ ਬਰਫ ਦੀਆਂ ਰੇਖਾਵਾਂ ਅਤੇ ਬਾਰਿਸ਼ ਗਰੇਡਿਅੰਟ ਨੂੰ ਨਿਰਧਾਰਿਤ ਕਰਨ ਲਈ ਲੈਂਡਸੈਟ ਉਪਗ੍ਰਹਿ ਡਾਟੇ ਦੀ ਵੀ ਵਰਤੋਂ ਕੀਤੀ। ਉਹਨਾਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ ਸਤਲੁਜ ਬੇਸਿਨ ਵਿਚ ਗਲੇਸ਼ੀਅਰਾਂ ਨੇ 69 ਕਿਊਬਿਕ ਕਿਲੋਮੀਟਰ ਪਾਣੀ ਇਕੱਠਾ ਕੀਤਾ ਹੈ। ਇਸਦਾ ਲਗਭਗ 56 ਫੀਸਦੀ ਹਿੱਸਾ ਵੱਡੇ ਗਲੇਸ਼ੀਅਰ ਵਿਚ ਇਕੱਠਾ ਹੋ ਜਾਂਦਾ ਹੈ ਜੋ ਕੁਲ 517 ਵਰਗ ਕਿਲੋਮੀਟਰ ਦੇ ਖੇਤਰ ਨੂੰ ਕਵਰ ਕਰਦਾ ਹੈ।

ਸਭ ਤੋਂ ਵੱਡਾ ਗਲੇਸ਼ੀਅਰ ਤਿੱਬਤ ਵਿਚ ਸਥਿਤ ਹੈ ਜੋ ਕਿ 66.8 ਵਰਗ ਕਿਲੋਮੀਟਰ ਵਿਚ ਫੈਲਿਆ ਹੈ ਅਤੇ 6.5 ਬਿਲੀਅਨ ਟਨ ਬਰਫ ਨਾਲ ਭਰਿਆ ਹੈ।ਜ਼ਿਆਦਾਤਰ ਗਲੇਸ਼ੀਅਰਾਂ ਵਿਚ 0.1 ਬਿਲੀਅਨ ਟਨ ਤੋਂ ਘੱਟ ਬਰਫ ਹੁੰਦੀ ਹੈ। 1984 ਤੋਂ ਲੈ ਕੇ 2013 ਤੱਕ ਬੇਸਿਨ ਪਹਿਲਾਂ ਹੀ 21 ਫੀਸਦੀ-16.4 ਟਨ ਗਲੇਸ਼ੀਅਰ ਗੁਆ ਚੁਕਾ ਹੈ। ਇਸ ਮੌਸਮੀ ਤਬਾਹੀ ਨਾਲ ਗਲੇਸ਼ੀਅਰਾਂ ਵਿਚ ਜਮਾਂ ਪਾਣੀ ਦੇ ਭੰਡਾਰ ਪ੍ਰਭਾਵਿਤ ਹੋਣਗੇ।

1991 ਤੋਂ 2015 ਦੇ ਦੌਰਾਨ ਉਤਰ ਪੱਛਮੀ ਹਿਮਾਲਿਆ ਦੇ ਨੇੜੇ ਦੀ ਹਵਾ ਦੇ ਤਾਪਮਾਨ ਵਿਚ 0.65 ਡਿਗਰੀ ਦਾ ਵਾਧਾ ਹੋਵੇਗਾ, ਜੋ ਕਿ ਪਹਿਲਾਂ ਹੀ ਵਿਸ਼ਵ ਵਾਧੇ ਨਾਲੋਂ 0.47 ਡਿਗਰੀ ਜ਼ਿਆਦਾ ਹੈ। ਖੋਜਕਰਤਾਵਾਂ ਨੇ 21ਵੀਂ ਸਦੀ ਵਿਚ ਹੋਣ ਵਾਲੇ ਨਿਕਾਸ ਦੀ ਮਾਤਰਾ ਦੇ ਅਧਾਰ ‘ਤੇ ਵੱਖ ਵੱਖ ਮਾਡਲਾਂ ਦੇ ਤਹਿਤ ਭਵਿੱਖ ਵਿਚ ਤਾਪਮਾਨ ‘ਚ ਵਾਧੇ ਦਾ ਅਨੁਮਾਨ ਲਗਾਇਆ। ਖੋਜ ਟੀਮ ਦੀ ਅਗਵਾਈ ਕਰਨ ਵਾਲੇ ਅਨਿਲ ਵੀ. ਕੁਲਕਰਨੀ ਨੇ ਕਿਹਾ ਕਿ ਗਲੇਸ਼ੀਅਰਾਂ ਦੇ ਖੇਤਰ ਵਿਚ ਇਕ ਵਰਗ ਕਿਲੋਮੀਟਰ ਤੋਂ ਘੱਟ ਗਲੇਸ਼ੀਅਰਾਂ ਲਈ ਸਭ ਤੋਂ ਵੱਡੇ ਨੁਕਸਾਨ ਦਾ ਅਨੁਮਾਨ ਲਗਾਇਆ ਗਿਆ ਹੈ।

ਇਹ ਛੋਟੇ ਗਲੇਸ਼ੀਅਰਾਂ ਦੇ ਘੱਟ ਪ੍ਰਤੀਕਿਰਿਆ ਸਮੇਂ ਦੇ ਕਾਰਨ ਹੈ, ਜਿਸ ਨਾਲ ਉਹ ਮੌਸਮੀ ਬਦਲਾਅ ਪ੍ਰਤੀ ਹੋਰ ਸੰਵੇਦਨਸ਼ੀਲ ਹੋ ਜਾਂਦੇ ਹਨ। ਇਸੇ ਤਰ੍ਹਾਂ ਹੌਲੀ ਹੌਲੀ ਗਲੇਸ਼ੀਅਰਾਂ ਦੇ ਪਿਘਲਣ ਨਾਲ ਭਾਖੜਾ ਵਿਚ ਪਾਣੀ ਦਾ ਵਹਾਅ ਘੱਟ ਜਾਵੇਗਾ। ਇਸ ਨਾਲ ਹਿਮਾਲਿਆ ਦੇ ਹੇਠਾਂ ਰਹਿ ਰਹੇ ਭਾਈਚਾਰਿਆਂ ਨੂੰ ਪਾਣੀ ਦੀ ਮੁਸ਼ਕਿਲ ਦਾ ਸਹਮਣਾ ਕਰਨਾ ਪੈ ਸਕਦਾ ਹੈ ਅਤੇ ਸਰਕਾਰ ਵੱਲੋਂ ਲਗਾਏ ਗਏ ਹਾਈਡਰੋਪਾਵਰ ਪ੍ਰੋਜੈਕਟਾਂ ਲਈ ਵੀ ਪਾਣੀ ਦੀ ਕਮੀ ਹੋਵੇਗੀ।