ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਿਰੁਧ ਐਫ਼.ਆਈ.ਆਰ. ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੀ.ਐਮ.ਕੇਅਰਜ਼ ਫ਼ੰਡ ਬਾਰੇ ਕਾਂਗਰਸ ਪਾਰਟੀ ਦੇ ਇਕ ਟਵੀਟ ਨੂੰ ਲੈ ਕੇ ਕਰਨਾਟਕ ਦੇ ਸ਼ਿਵਮੋਗਾ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ

File Photo

ਬੰਗਲੁਰੂ, 21 ਮਈ: ਪੀ.ਐਮ.ਕੇਅਰਜ਼ ਫ਼ੰਡ ਬਾਰੇ ਕਾਂਗਰਸ ਪਾਰਟੀ ਦੇ ਇਕ ਟਵੀਟ ਨੂੰ ਲੈ ਕੇ ਕਰਨਾਟਕ ਦੇ ਸ਼ਿਵਮੋਗਾ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਿਰੁਧ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਕਾਂਗਰਸ ਪਾਰਟੀ ਵਲੋਂ ਇਹ ਟਵੀਟ 11 ਮਈ ਨੂੰ ਕੀਤਾ ਗਿਆ ਸੀ। ਐਫ.ਆਈ.ਆਰ. 'ਚ ਸੋਨੀਆ ਗਾਂਧੀ ਨੂੰ ਸੋਸ਼ਲ ਮੀਡੀਆ ਅਕਾਊਂਟ ਦੀ ਸੰਚਾਲਕ ਦਸਿਆ ਗਿਆ ਹੈ। ਇਹ ਸ਼ਿਕਾਇਤ ਪ੍ਰਵੀਨ ਕੇਵੀ ਨਾਂ ਦੇ ਵਿਅਕਤੀ ਵਲੋਂ ਦਰਜ ਕਰਵਾਈ ਗਈ ਹੈ। ਉਹ ਇਕ ਭਾਜਪਾ ਵਰਕਰ ਅਤੇ ਵਕੀਲ ਹੈ। ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਸ਼ਿਕਾਇਤ ਕਿਸ ਟਵੀਟ 'ਤੇ ਕੀਤੀ ਗਈ ਹੈ।

11 ਮਈ ਨੂੰ ਕਾਂਗਰਸ ਪਾਰਟੀ ਨੇ ਕਈ ਟਵੀਟ ਕੀਤੇ ਸਨ, ਜਿਸ 'ਚ ਪ੍ਰਧਾਨ ਮੰਤਰੀ ਕੇਅਰਜ਼ ਫੰਡ ਦੀ ਪਾਰਦਰਸ਼ਿਤਾ ਬਾਰੇ ਸਵਾਲ ਖੜੇ ਕੀਤੇ ਗਏ ਹਨ। ਇਕ ਟਵੀਟ 'ਚ ਕਿਹਾ ਗਿਆ ਹੈ, “ਭਾਜਪਾ ਦੀ ਹਰ ਯੋਜਨਾ ਵਾਂਗ ਪ੍ਰਧਾਨ ਮੰਤਰੀ ਕੇਅਰਜ਼ ਫੰਡ ਵਿਚ ਗੁਪਤਤਾ ਬਣਾਈ ਰੱਖੀ ਜਾ ਰਹੀ ਹੈ। ਕੀ ਪ੍ਰਧਾਨ ਮੰਤਰੀ ਕੇਅਰਜ਼ ਫੰਡ ਨੂੰ ਦਾਨ ਕਰਨ ਵਾਲੇ ਦੇਸ਼ ਵਾਸੀਆਂ ਨੂੰ ਇਸ ਦੀ ਵਰਤੋਂ ਬਾਰੇ ਨਹੀਂ ਪਤਾ ਹੋਣਾ ਚਾਹੀਦਾ।''

ਇਕ ਹੋਰ ਟਵੀਟ ਵਿਚ ਲਿਖਿਆ ਗਿਆ ਹੈ, “ਪ੍ਰਧਾਨ ਮੰਤਰੀ ਕੇਅਰਜ਼ ਦੇ ਨਾਂ ਤੋਂ ਇਹ ਸਪੱਸ਼ਟ ਹੋ ਰਿਹਾ ਹੈ ਕਿ ਇਹ ਫ਼ੰਡ ਪ੍ਰਧਾਨ ਮੰਤਰੀ ਦੀ ਦੇਖਭਾਲ ਲਈ ਬਣਾਇਆ ਗਿਆ ਹੈ, ਨਾ ਕਿ ਜਨਤਾ ਦੀ। ਜੇ ਭਾਜਪਾ ਸਰਕਾਰ 'ਚ ਲੋਕਾਂ ਦੀ ਦੇਖਭਾਲ ਕਰਨ ਦੀ ਇੱਛਾ ਹੁੰਦੀ ਤਾਂ ਸੜਕਾਂ 'ਤੇ ਪ੍ਰਵਾਸੀ ਮਜ਼ਦੂਰਾਂ ਦੇ ਲੰਮੇ ਕਾਫ਼ਲੇ ਨਾ ਹੁੰਦੇ।''

ਇਕ ਹੋਰ ਵੀਡੀਉ ਰਾਹੀਂ ਸਰਕਾਰ ਨੂੰ ਕਈ ਸਵਾਲ ਪੁੱਛੇ ਗਏ ਹਨ। ਜਿਵੇਂ - ਦਾਨ 'ਚ ਕਿੰਨਾ ਪੈਸਾ ਪ੍ਰਾਪਤ ਹੋਇਆ ਹੈ। ਪੈਸੇ ਦੀ ਵਰਤੋਂ ਕਿਵੇਂ ਕੀਤੀ ਜਾ ਰਹੀ ਹੈ। ਪੈਸਾ ਕਿਸ ਨੂੰ ਦਿਤਾ ਜਾ ਰਿਹਾ ਹੈ। ਜਦੋਂ ਪੀ.ਐਮ.ਐਨ.ਆਰ.ਐਫ. ਪਹਿਲਾਂ ਹੀ ਮੌਜੂਦ ਹੈ ਜਿਸ 'ਚ 3800 ਕਰੋੜ ਰੁਪਏ ਉਪਲਬਧ ਹਨ ਤਾਂ ਇਕ ਵਖਰਾ ਫ਼ੰਡ ਕਿਉਂ ਬਣਾਇਆ ਗਿਆ? ਕੀ ਸਰਕਾਰ ਫ਼ੰਡ ਦਾ ਵਿੱਤੀ ਰੀਪੋਰਟ ਕਾਰਡ ਜਾਰੀ ਕਰੇਗੀ? ਸਰਕਾਰ ਪੀ.ਐਸ.ਯੂ. ਤੋਂ ਏਨੇ ਵੱਡੇ ਚੰਦੇ ਕਿਉਂ ਸਵੀਕਾਰ ਰਹੀ ਹੈ, ਜਦਕਿ ਕੈਗ ਫੰਡਾਂ ਦੇ ਆਡਿਟ ਨੂੰ ਮਨਜੂਰੀ ਨਹੀਂ ਦੇ ਰਹੀ।  (ਏਜੰਸੀਆਂ)

ਸੋਨੀਆ ਵਿਰੁਧ ਮਾਮਲਾ ਦਰਜ ਕਰਨਾ ਬਦਲੇ ਦੀ ਸਿਆਸਤ : ਕਾਂਗਰਸ
ਨਵੀਂ ਦਿੱਲੀ, 21 ਮਈ: ਕਾਂਗਰਸ ਨੇ ਕਰਨਾਟਕ 'ਚ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਵਿਰੁਧ ਮਾਮਲਾ ਦਰਜ ਕੀਤੇ ਜਾਣ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਇਹ ਬਦਲੇ ਦੀ ਸਿਆਸਤ ਹੈ ਅਤੇ ਇਸ ਲਈ ਕਰਨਾਟਕ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ। ਪਾਰਟੀ ਦੇ ਬੁਲਾਰੇ ਸੁਪਰੀਆ ਸ੍ਰੀਨੇਤ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਅਤੇ ਨਿੰਦਣਯੋਗ ਗੱਲ ਹੈ। ਸਾਡੇ ਟਵਿੱਟਰ ਹੈਂਡਲ ਤੋਂ ਸਿਰਫ਼ ਪੀ.ਐਮ.ਕੇਅਰਸ ਬਾਰੇ ਹੀ ਸਵਾਲ ਕੀਤਾ ਗਿਆ ਸੀ। ਸਾਨੂੰ ਯਕੀਨ ਨਹੀਂ ਹੋ ਰਿਹਾ ਕਿ ਇਹ ਲੋਕ ਸਿਆਸੀ ਬਦਲਾ ਲੈਣ ਲਈ ਇਸ ਹੱਦ ਤਕ ਚਲੇ ਜਾਣਗੇ। ਕਰਨਾਟਕ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ।