ਮੈਟਰੋ ਤੋਂ ਮੈਟਰੋ ਸਿਟੀ ਲਈ ਇਕ ਤਿਹਾਈ ਉਡਾਣਾਂ ਦੀ ਮਨਜ਼ੂਰੀ : ਹਰਦੀਪ ਪੁਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵੰਦੇ ਭਾਰਤ ਮਿਸ਼ਨ ਰਾਹੀਂ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਲਿਆਂਦਾ ਜਾ ਰਿਹੈ

Photo

ਨਵੀਂ ਦਿੱਲੀ, 21 ਮਈ: ਦੇਸ਼ 'ਚ ਘਰੇਲੂ ਏਅਰਲਾਈਨ 25 ਮਈ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਦੌਰਾਨ ਕਈ ਨਿਯਮ ਅਤੇ ਸ਼ਰਤਾਂ ਲਾਗੂ ਹੋਣਗੀਆਂ, ਜਿਨ੍ਹਾਂ ਦਾ ਪਾਲਣ ਕਰਨਾ ਪਵੇਗਾ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਅੱਜ ਇਕ ਪ੍ਰੈੱਸ ਕਾਨਫ਼ਰੰਸ ਕੀਤੀ। ਨਾਗਰਿਕ ਏਅਰ ਲਾਈਨ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਵਿਦੇਸ਼ 'ਚ ਫਸੇ ਭਾਰਤੀ ਲੋਕਾਂ ਲਈ ਵੰਦੇ ਭਾਰਤ ਮਿਸ਼ਨ ਦੀ ਸ਼ੁਰੂਆਤ ਦੀ ਕੀਤੀ ਗਈ ਹੈ।

ਹੁਣ ਤਕ 20 ਹਜ਼ਾਰ ਲੋਕਾਂ ਨੂੰ ਲਿਆਂਦਾ ਗਿਆ ਹੈ। ਕੁੱਝ ਦੇਸ਼ ਲੋਕਾਂ ਨੂੰ ਵਾਪਸ ਨਹੀਂ ਆਉਣ ਦੇਣ ਰਹੇ। 5 ਮਈ ਨੂੰ ਵੰਦੇ ਭਾਰਤ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਸੀ। ਵੰਦੇ ਭਾਰਤ ਮਿਸ਼ਨ ਦੇ ਤਹਿਤ ਅਸੀਂ ਹਜ਼ਾਰਾਂ ਭਾਰਤੀਆਂ ਨੂੰ ਵਿਦੇਸ਼ ਤੋਂ ਦੇਸ਼ 'ਚ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਵੰਦੇ ਭਾਰਤ ਮਿਸ਼ਨ ਦਾ ਮਕਸਦ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਦੇਸ਼ 'ਚ ਲਿਆਉਣਾ ਹੈ। ਹੁਣ ਤਕ ਇਹ ਮਿਸ਼ਨ ਕਾਫ਼ੀ ਵਧੀਆ ਚੱਲ ਰਿਹਾ ਹੈ। ਇਸ ਮਿਸ਼ਨ ਨਾਲ ਜੁੜੇ ਹਰੇਕ ਦਾ ਧਨਵਾਦ ਕੀਤਾ।

ਉਨ੍ਹਾਂ ਦਸਿਆ ਕਿ 25 ਮਈ ਤੋਂ ਘਰੇਲੂ ਉਡਾਣਾਂ ਨੂੰ ਇਜਾਜ਼ਤ ਦੇ ਦਿਤੀ ਗਈ ਹੈ। ਮੈਟਰੋ ਤੋਂ ਮੈਟਰੋ ਸਿਟੀ ਲਈ ਇਕ ਤਿਹਾਈ ਉਡਾਣਾਂ ਨੂੰ ਇਜਾਜ਼ਤ ਮਿਲੀ ਹੈ। ਇਕ ਤਿਹਾਈ ਉਡਾਣਾਂ ਨੂੰ ਏਅਰਲਾਈਨ ਕੰਪਨੀਆਂ ਚਲਾ ਸਕਦੀਆਂ ਹਨ। ਮੈਟਰੋ ਟੂ ਸ਼ਹਿਰਾਂ 'ਚ ਕੁੱਝ ਨਿਯਮ ਹੋਣਗੇ, ਮੈਟਰੋ ਟੂ ਨਾਨ ਮੈਟਰੋ ਸ਼ਹਿਰਾਂ ਲਈ ਵੱਖ ਨਿਯਮ ਹੋਣਗੇ। ਮੈਟਰੋ ਸ਼ਹਿਰਾਂ 'ਚ ਦਿੱਲੀ, ਮੁੰਬਈ, ਕੋਲਕਾਤਾ, ਚੇਨਈ ਵਰਗੇ ਸ਼ਹਿਰ ਸ਼ਾਮਲ ਹਨ। ਕੇਂਦਰੀ ਮੰਤਰੀ ਨੇ ਦਸਿਆ ਕਿ ਸ਼ੁਰੂਆਤੀ ਤੌਰ 'ਤੇ ਏਅਰਪੋਰਟ ਦਾ ਇਕ ਤਿਹਾਈ ਹਿੱਸਾ ਹੀ ਸ਼ੁਰੂ ਹੋਣਗੇ, ਕਿਸੇ ਵੀ ਫ਼ਲਾਈਟ 'ਚ ਖਾਣਾ ਨਹੀਂ ਦਿਤਾ ਜਾਵੇਗਾ।

ਉਨ੍ਹਾਂ ਦਸਿਆ ਕਿ ਪਹਿਲਾ ਫ਼ੇਜ਼ ਅਗੱਸਤ ਤਕ ਜਾਰੀ ਰਹੇਗਾ, ਹਰ ਕਿਸੇ ਨੂੰ ਅਰੋਗਿਆ ਸੇਤੂ ਐਪ ਰਖਣੀ ਪਵੇਗੀ। ਕੇਂਦਰੀ ਮੰਤਰੀ ਨੇ ਦਸਿਆ ਕਿ ਦੇਸ਼ ਰੂਟਾਂ 'ਚ ਵੰਡਿਆ ਜਾਵੇਗਾ, ਜਿਸ 'ਚ 30 ਮਿੰਟ 40, 60 ਮਿੰਟ, 90 ਮਿੰਟ, 120 ਮਿੰਟ, 150 ਮਿੰਟ, 180 ਮਿੰਟ ਤੇ 210 ਮਿੰਟ ਦੇ ਰੂਟ 'ਚ ਵੰਡਿਆ ਗਿਆ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਹੀ ਕੇਂਦਰੀ ਮੰਤਰੀ ਨੇ ਦੇਸ਼ 'ਚ ਘਰੇਲੂ ਉਡਾਣਾਂ ਸ਼ੁਰੂ ਕਰਨ ਦਾ ਨਿਯਮ ਅਨੁਸਾਰ ਐਲਾਨ ਕੀਤਾ। ਦੇਸ਼ ਦੇ ਸਾਰੇ ਹਵਾਈ ਅੱਡਿਆਂ ਨੂੰ 25 ਮਈ ਤੋਂ ਜਹਾਜ਼ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ। ਇਸ ਲਈ ਮੰਤਰਾਲੇ ਵਲੋਂ ਨਵੇਂ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ।  (ਏਜੰਸੀ)

ਸ਼ਰਤਾਂ
1. ਯਾਤਰੀਆਂ ਨੂੰ ਉਡਾਣ ਦੇ ਸਮੇਂ ਤੋਂ ਦੋ ਘੰਟੇ ਪਹਿਲਾਂ ਏਅਰਪੋਰਟ 'ਤੇ ਪਹੁੰਚਣਾ ਲਾਜ਼ਮੀ ਹੋਵੇਗਾ।
2. ਹਰ ਕਿਸੇ ਕੋਲ ਅਰੋਗਿਆ ਸੇਤੂ ਐਪ ਹੋਣਾ ਚਾਹੀਦਾ ਹੈ।
3. ਸਿਰਫ਼ ਉਹੀ ਵਿਅਕਤੀ ਹਵਾਈ ਅੱਡੇ 'ਤੇ ਪ੍ਰਵੇਸ਼ ਕਰੇਗਾ ਜਿਸ ਦੀ ਚਾਰ ਘੰਟੇ ਅੰਦਰ ਉਡਾਣ ਹੈ।
4. ਯਾਤਰੀਆਂ ਨੂੰ ਮਾਸਕ, ਦਸਤਾਨੇ ਪਾਉਣੇ ਲਾਜ਼ਮੀ ਹੋਣਗੇ। ਸਮਾਜਿਕ ਦੂਰੀਆਂ ਦੀ ਪਾਲਣਾ ਕਰਨਾ ਵੀ ਮਹੱਤਵਪੂਰਨ ਹੈ।
5. ਹਵਾਈ ਅੱਡੇ ਤੋਂ ਇਲਾਵਾ ਹਵਾਈ ਜਹਾਜ਼ ਦੇ ਕਰਮਚਾਰੀਆਂ ਨੂੰ ਪੀਪੀਈ ਕਿੱਟਾਂ ਵੀ ਪਹਿਨਣੀਆਂ ਜ਼ਰੂਰੀ ਹੋਣਗੀਆਂ।