ਏਅਰ ਇੰਡੀਆ 'ਤੇ ਸਾਈਬਰ ਹਮਲਾ, 45 ਲੱਖ ਗਾਹਕਾਂ ਦਾ ਡਾਟਾ ਚੋਰੀ, ਜਾਣੋ ਤੁਹਾਨੂੰ ਕੀ ਹੈ ਖ਼ਤਰਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਕਾਰਨ ਗਾਹਕਾਂ ਦੇ ਪਾਸਪੋਰਟ, ਟਿਕਟ ਨਾਲ ਜੁੜੀ ਜਾਣਕਾਰੀ ਅਤੇ ਇੱਥੋਂ ਤੱਕ ਕਿ ਕ੍ਰੈਡਿਟ ਕਾਰਡ ਨਾਲ ਜੁੜੀ ਜਾਣਕਾਰੀ ਵੀ ਪ੍ਰਭਾਵਿਤ ਹੋਈ ਹੈ।

Air India data breach: Personal info of 45 lakh people leaked

ਨਵੀਂ ਦਿੱਲੀ - ਭਾਰਤ ਦੀ ਸਰਕਾਰੀ ਏਅਰਲਾਈਨਜ਼ ਕੰਪਨੀ ਏਅਰ ਇੰਡੀਆ ਨੇ ਕਿਹਾ ਹੈ ਕਿ ਉਸ ਦੇ ਡਾਟਾ ਸਰਵਰ ਉੱਤੇ ਸਾਈਬਰ ਹਮਲੇ ਹੋਇਆ ਹੈ। ਕੰਪਨੀ ਮੁਤਾਬਕ ਇਸ ਸਾਈਬਰ ਹਮਲੇ ਕਾਰਨ ਦੁਨੀਆਂ ਭਰ ਵਿੱਚ ਲਗਭਗ 45 ਲੱਖ ਗਾਹਕਾਂ ਦਾ ਡਾਟਾ ਪ੍ਰਭਾਵਿਤ ਹੋਇਆ ਹੈ। ਕੰਪਨੀ ਨੂੰ ਫਰਵਰੀ ਮਹੀਨੇ ਵਿੱਚ ਸਭ ਤੋਂ ਪਹਿਲਾਂ ਇਸ ਤਰ੍ਹਾਂ ਦੇ ਹਮਲੇ ਬਾਰੇ ਪਤਾ ਲੱਗਿਆ ਸੀ। ਇਸ ਕਾਰਨ ਗਾਹਕਾਂ ਦੇ ਪਾਸਪੋਰਟ, ਟਿਕਟ ਨਾਲ ਜੁੜੀ ਜਾਣਕਾਰੀ ਅਤੇ ਇੱਥੋਂ ਤੱਕ ਕਿ ਕ੍ਰੈਡਿਟ ਕਾਰਡ ਨਾਲ ਜੁੜੀ ਜਾਣਕਾਰੀ ਵੀ ਪ੍ਰਭਾਵਿਤ ਹੋਈ ਹੈ।

ਹਾਲਾਂਕਿ ਕੰਪਨੀ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਕ੍ਰੈਡਿਟ ਕਾਰਡ ਦੇ ਸੀਵੀਵੀ/ਸੀਵੀਸੀ ਨੰਬਰ ਨਹੀਂ ਹੁੰਦੇ ਹਨ, ਇਸ ਲਈ ਖ਼ਤਰਾ ਘੱਟ ਹੈ। ਹਾਲੇ ਤੱਕ ਇਹ ਸਾਫ਼ ਤੌਰ 'ਤੇ ਪਤਾ ਨਹੀਂ ਲੱਗਿਆ ਕਿ ਇਸ ਹਮਲੇ ਦੇ ਪਿੱਛੇ ਕੌਣ ਸੀ। ਸਟਾਰ ਐਲਾਇਨਜ਼ ਨੈੱਟਵਰਕ ਦੀ ਮੈਂਬਰ ਇਸ ਏਅਰਲਾਈਨਜ਼ ਨੇ ਕਿਹਾ ਕਿ ਇਸ ਸਾਈਬਰ ਹਮਲੇ ਵਿੱਚ 26 ਅਗਸਤ 2011 ਤੋਂ ਲੈ ਕੇ 20 ਫਰਵਰੀ 2021 ਦੇ ਵਿਚਾਲੇ ਗਾਹਕਾਂ ਨੂੰ ਰਜਿਸਟ੍ਰੇਸ਼ਨ ਉੱਤੇ ਆਪਣੇ ਖ਼ਾਤਿਆਂ ਦੇ ਪਾਸਵਰਡ ਬਦਲਣ ਨੂੰ ਕਿਹਾ ਹੈ।

ਬੀਤੇ ਸਾਲ, ਬ੍ਰਿਟਿਸ਼ ਏਅਰਵੇਜ਼ ਉੱਤੇ ਡਾਟਾ ਉਲੰਘਣ ਦੇ ਲਈ 20 ਮਿਲੀਅਨ ਪਾਊਂਡ ਦਾ ਜੁਰਮਾਨਾ ਲਗਾਇਆ ਗਿਆ ਸੀ। ਉਸ ਸਮੇਂ (ਸਾਲ 2018 'ਚ) ਚਾਰ ਲੱਖ ਤੋਂ ਜ਼ਿਆਦਾ ਗਾਹਕਾਂ ਦੇ ਵਿਅਕਤੀਗਤ ਅਤੇ ਕ੍ਰੈਡਿਟ ਕਾਰਡ ਨਾਲ ਜੁੜੀ ਜਾਣਕਾਰੀ ਪ੍ਰਭਾਵਿਤ ਹੋਈ ਸੀ। ਇਸ ਤੋਂ ਇਲਾਵਾ ਪਿਛਲੇ ਸਾਲ, ਈਜ਼ੀਜੈੱਟ ਨੇ ਮੰਨਿਆ ਸੀ ਕਿ ਇੱਕ ਸਾਈਬਰ ਹਮਲੇ ਵਿੱਚ ਲਗਭਗ 90 ਲੱਖ ਗਾਹਕਾਂ ਦੇ ਈਮੇਲ ਅਡਰੈੱਸ ਅਤੇ ਸਫ਼ਰ ਦੀ ਜਾਣਕਾਰੀ ਚੋਰੀ ਹੋ ਗਈ ਸੀ।

ਸਾਈਬਰ ਮਾਮਲਿਆਂ ਦੇ ਜਾਣਕਾਰ ਦਿਵਿਆ ਬਾਂਸਲ ਨੇ ਦੱਸਿਆ ਕਿ ਚੋਰੀ ਹੋਈ ਜਾਣਕਾਰੀ ਨਾਲ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ। ਉਨ੍ਹਾਂ ਮੁਤਾਬਕ ਇਸ ਨਾਲ ਮੁਸਾਫ਼ਰਾਂ ਦੀ ਨਿੱਜੀ ਜਾਣਕਾਰੀ ਹੈਕਰਜ਼ ਤੱਕ ਪਹੁੰਚਣ ਕਰਕੇ ਉਹ ਮੁਸਾਫ਼ਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਧੋਖੇ ਦਾ ਸ਼ਿਕਾਰ ਬਣਾ ਸਕਦੇ ਹਨ।

ਇਸ ਦੇ ਨਾਲ ਹੀ ਕ੍ਰੈਡਿਟ ਕਾਰਡ ਨਾਲ ਜੁੜੀ ਜਾਣਕਾਰੀ ਬਾਰੇ ਬਾਂਸਲ ਦਾ ਕਹਿਣਾ ਹੈ ਕਿ ਹੈਕਰਜ਼ ਗਾਹਕਾਂ ਨੂੰ ਫੋਨ ਕਰਕੇ ਕਈ ਤਰ੍ਹਾਂ ਦੇ ਘੁਟਾਲੇ ਕਰ ਸਕਦੇ ਹਨ, ਜਿਵੇਂ ਉਨ੍ਹਾਂ ਦੇ ਕਾਰਡ ਰਾਹੀਂ ਟ੍ਰਾਂਜ਼ੀਕਸ਼ਨ ਦੀ ਕੋਸ਼ਿਸ਼ ਹੋ ਸਕਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਓਟੀਪੀ ਜਾਂ ਸੀਵੀਵੀ-ਸੀਵੀਸੀ ਨੰਬਰ ਦੀ ਮੰਗ ਕੀਤੀ ਜਾ ਸਕਦੀ ਹੈ। ਇਸ ਨਾਲ ਵਿੱਤੀ ਘੁਟਾਲੇ ਕੀਤੇ ਜਾ ਸਕਦੇ ਹਨ, ਕਿਉਂਕਿ ਆਨਲਾਈਨ ਸ਼ੌਪਿੰਗ ਲਈ ਵੀ ਲੋਕਾਂ ਨੇ ਕ੍ਰੈਡਿਕ ਕਾਰਡ ਦੀ ਜਾਣਕਾਰੀ ਵੈੱਬਸਾਈਟਸ ਉੱਤੇ ਸੇਵ ਕੀਤੀ ਹੁੰਦੀ ਹੈ। ਦਿਵਿਆ ਕਹਿੰਦੇ ਹਨ ਕਿ ਜਦੋਂ ਇਸ ਤਰ੍ਹਾਂ ਅਸੀਂ ਆਪਣੇ ਕ੍ਰੈਡਿਟ ਕਾਰਡ ਦੀ ਜਾਣਕਾਰੀ ਕਿਸੇ ਕੰਪਨੀ ਨਾਲ ਸਾਂਝੀ ਕਰਦੇ ਹਾਂ ਤਾਂ ਧਿਆਨ ਇਸ ਗੱਲ ਦਾ ਰੱਖਣਾ ਚਾਹੀਦਾ ਹੈ ਕਿ ਉਸ ਵਿੱਚ ਘੱਟ ਰਕਮ ਰੱਖੀ ਜਾਵੇ।