'ਆਪ' ਨੇਤਾ ਸਤੇਂਦਰ ਜੈਨ ਦੀ ਵਿਗੜੀ ਸਿਹਤ, 35 ਕਿਲੋ ਘੱਟ ਹੋਇਆ ਭਾਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਤੋਂ ਪਹਿਲਾਂ 15 ਮਈ ਨੂੰ ਸਤੇਂਦਰ ਜੈਨ ਨੇ ਆਪਣੇ ਖਿਲਾਫ਼ ਮਨੀ ਲਾਂਡਰਿੰਗ ਮਾਮਲੇ 'ਚ ਜ਼ਮਾਨਤ ਲਈ ਸੁਪਰੀਮ ਕੋਰਟ ਦਾ ਰੁਖ਼ ਕੀਤਾ ਸੀ।

Satyendar Jain

ਨਵੀਂ ਦਿੱਲੀ - ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਦੀ ਸਿਹਤ ਸੋਮਵਾਰ ਸਵੇਰੇ ਅਚਾਨਕ ਵਿਗੜ ਗਈ। ਜਿਸ ਤੋਂ ਬਾਅਦ ਸਤੇਂਦਰ ਜੈਨ ਨੂੰ ਤਿਹਾੜ ਤੋਂ ਦਿੱਲੀ ਦੇ ਸਫਦਰਜੰਗ ਹਸਪਤਾਲ ਲਿਆਂਦਾ ਗਿਆ। ਸਤੇਂਦਰ ਜੈਨ ਮਨੀ ਲਾਂਡਰਿੰਗ ਮਾਮਲੇ ਵਿਚ ਲਗਭਗ ਇੱਕ ਸਾਲ ਤੋਂ ਤਿਹਾੜ ਜੇਲ੍ਹ ਵਿਚ ਬੰਦ ਹਨ। ਪਿਛਲੇ ਹਫ਼ਤੇ ਹੀ ਸੁਣਵਾਈ ਦੌਰਾਨ ਸਤੇਂਦਰ ਜੈਨ ਦੇ ਵਕੀਲ ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਜੇਲ੍ਹ 'ਚ 'ਆਪ' ਨੇਤਾ ਦਾ ਵਜ਼ਨ ਕਰੀਬ 35 ਕਿਲੋ ਘਟ ਗਿਆ ਹੈ। ਉਹਨਾਂ ਦੀ ਸਿਹਤ ਠੀਕ ਨਹੀਂ ਹੈ। 

18 ਮਈ ਨੂੰ ਸੁਪਰੀਮ ਕੋਰਟ 'ਚ ਸਤੇਂਦਰ ਜੈਨ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਦੌਰਾਨ ਉਨ੍ਹਾਂ ਦੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਜੈਨ ਦੀ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਨੂੰ ਉਠਾਇਆ ਸੀ। ਸਿੰਘਵੀ ਨੇ ਕਿਹਾ ਸੀ ਕਿ ਜੈਨ ਦੀ ਸਿਹਤ ਠੀਕ ਨਹੀਂ ਹੈ। ਉਹ ਪਿੰਜਰ ਵਾਂਗ ਦਿਖਣ ਲੱਗੇ ਹਨ। ਅਦਾਲਤ ਨੂੰ ਇਸ ਮਾਮਲੇ 'ਤੇ ਵਿਚਾਰ ਕਰਨ ਦੀ ਲੋੜ ਹੈ। ਇਸ ਤੋਂ ਪਹਿਲਾਂ 15 ਮਈ ਨੂੰ ਸਤੇਂਦਰ ਜੈਨ ਨੇ ਆਪਣੇ ਖਿਲਾਫ਼ ਮਨੀ ਲਾਂਡਰਿੰਗ ਮਾਮਲੇ 'ਚ ਜ਼ਮਾਨਤ ਲਈ ਸੁਪਰੀਮ ਕੋਰਟ ਦਾ ਰੁਖ਼ ਕੀਤਾ ਸੀ।

ਦੱਸ ਦਈਏ ਕਿ ਸਤੇਂਦਰ ਜੈਨ ਦੀ ਸਿਹਤ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਵੀ ਟਵੀਟ ਕੀਤਾ ਹੈ। ਕੇਜਰੀਵਾਲ ਨੇ ਲਿਖਿਆ ਕਿ ਮੈਂ ਸਤੇਂਦਰ ਜੈਨ ਦੀ ਬਿਹਤਰ ਸਿਹਤ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ। ਦਿੱਲੀ ਅਤੇ ਦੇਸ਼ ਦੇ ਲੋਕ ਭਾਜਪਾ ਸਰਕਾਰ ਦੇ ਇਸ ਹੰਕਾਰ ਅਤੇ ਜ਼ੁਲਮ ਨੂੰ ਚੰਗੀ ਤਰ੍ਹਾਂ ਦੇਖ ਰਹੇ ਹਨ। ਰੱਬ ਵੀ ਇਹਨਾਂ ਜ਼ੁਲਮ ਕਰਨ ਵਾਲਿਆਂ ਨੂੰ ਕਦੇ ਮੁਆਫ਼ ਨਹੀਂ ਕਰੇਗਾ। ਇਸ ਸੰਘਰਸ਼ ਵਿਚ ਜਨਤਾ ਸਾਡੇ ਨਾਲ ਹੈ, ਪ੍ਰਮਾਤਮਾ ਸਾਡੇ ਨਾਲ ਹੈ, ਅਸੀਂ ਸਰਦਾਰ ਭਗਤ ਸਿੰਘ ਜੀ ਦੇ ਚੇਲੇ ਹਾਂ। ਜ਼ੁਲਮ, ਬੇਇਨਸਾਫ਼ੀ ਅਤੇ ਤਾਨਾਸ਼ਾਹੀ ਵਿਰੁੱਧ ਸਾਡੀ ਲੜਾਈ ਜਾਰੀ ਰਹੇਗੀ।