ਭਿਵਾਨੀ 'ਚ ਵਿਆਹੁਤਾ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ: ਪੇਕੇ ਪ੍ਰਵਾਰ ਨੇ ਸਹੁਰਿਆਂ 'ਤੇ ਦਾਜ ਮੰਗਣ ਦੇ ਲਗਾਏ ਦੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਪ੍ਰਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਸਹੁਰਾ ਪ੍ਰਵਾਰ ਖਿਲਾਫ FIR ਕੀਤੀ ਦਰਜ

photo

 

ਭਿਵਾਨੀ: ਹਰਿਆਣਾ ਦੇ ਭਿਵਾਨੀ ਦੇ ਸ਼ਾਂਤੀ ਨਗਰ 'ਚ ਇਕ ਵਿਆਹੁਤਾ ਔਰਤ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ। ਸੂਚਨਾ ਮਿਲਣ 'ਤੇ ਮ੍ਰਿਤਕ ਦਾ ਪੇਕਾ ਪਰਿਵਾਰ ਪਹੁੰਚਿਆ। ਪਰਿਵਾਰਕ ਮੈਂਬਰਾਂ ਨੇ ਬੇਟੀ ਦੀ ਮੌਤ ਨੂੰ ਕਤਲ ਦਸਿਆ। ਪੁਲਿਸ ਨੇ ਪ੍ਰਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਸਹੁਰੇ ਪੱਖ 'ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਦੱਸ ਦੇਈਏ ਕਿ ਪੋਕਰਵਾਸ ਪਿੰਡ ਦੀ ਰਹਿਣ ਵਾਲੀ ਕਾਂਤਾ ਦਾ ਵਿਆਹ ਕਰੀਬ 9 ਮਹੀਨੇ ਪਹਿਲਾਂ ਅਗਸਤ 2022 ਵਿਚ ਭਿਵਾਨੀ ਸ਼ਹਿਰ ਦੇ ਸ਼ਾਂਤੀ ਨਗਰ ਨਿਵਾਸੀ ਸੰਜੀਵ ਨਾਲ ਹੋਇਆ ਸੀ। ਐਤਵਾਰ ਨੂੰ ਕਾਂਤਾ ਦੀ ਲਾਸ਼ ਸ਼ੱਕੀ ਹਾਲਾਤਾਂ 'ਚ ਲਟਕਦੀ ਮਿਲੀ। ਸੂਚਨਾ ਮਿਲਦੇ ਹੀ ਕਾਂਤਾ ਦੇ ਪੇਕੇ ਘਰ ਦੇ ਲੋਕ ਪਹੁੰਚ ਗਏ। ਪ੍ਰਵਾਰਕ ਮੈਂਬਰਾਂ ਨੇ ਸਹੁਰੇ ਵਾਲਿਆਂ 'ਤੇ ਕਾਂਤਾ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਅਤੇ ਦਾਜ ਨਾ ਮਿਲਣ 'ਤੇ ਕਾਂਤਾ ਦਾ ਕਤਲ ਕਰਨ ਦਾ ਦੋਸ਼ ਲਾਇਆ ਹੈ।

ਮ੍ਰਿਤਕ ਕਾਂਤਾ ਦੇ ਭਰਾ ਨੇ ਦਸਿਆ ਕਿ ਉਸ ਦੀ ਭੈਣ ਨੂੰ ਸੱਸ ਸਹੁਰਾ, ਪਤੀ ਅਤੇ ਨਨਾਣ ਦਾਜ ਲਈ ਵਾਰ-ਵਾਰ ਤੰਗ ਪ੍ਰੇਸ਼ਾਨ ਕਰਦੇ ਸਨ। ਲੜਕੀ ਦੇ ਭਰਾ ਨੇ ਦਸਿਆ ਕਿ ਲੜਕਾ ਬੁਲੇਟ ਦੀ ਮੰਗ ਕਰਦਾ ਸੀ ਅਤੇ ਇਸ ਦੇ ਨਾਲ ਹੀ ਸ਼ਹਿਰ ਵਿਚ ਪਲਾਟ ਦੀ ਵੀ ਮੰਗ ਕਰਦਾ ਸੀ। ਕਾਂਤਾ ਦੇ ਭਰਾ ਨੇ ਦਸਿਆ ਕਿ ਭੈਣ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਸਨ। ਉਸ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਉਸ ਦੀ ਭੈਣ ਦਾ ਕਤਲ ਕੀਤਾ ਗਿਆ ਹੈ। ਕਾਂਤਾ ਦੇ ਹੋਰ ਰਿਸ਼ਤੇਦਾਰਾਂ ਨੇ ਦਸਿਆ ਕਿ ਉਨ੍ਹਾਂ ਦੀ ਲੜਕੀ ਦੀ ਕੁੱਟਮਾਰ ਕੀਤੀ ਗਈ। ਕੁੜੀ ਨੂੰ ਮਾਰ ਕੇ ਫਾਂਸੀ 'ਤੇ ਲਟਕਾ ਦਿਤਾ ਗਿਆ ਹੈ। ਲੜਕੀ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਹਨ।

ਪੁਲਿਸ ਜਾਂਚ ਅਧਿਕਾਰੀ ਸਬ-ਇੰਸਪੈਕਟਰ ਸਤਿਆਪਾਲ ਸਿੰਘ ਨੇ ਦਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾ ਲਿਆ ਹੈ। ਇਸ ਮਾਮਲੇ 'ਚ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ 'ਚ ਪੁਲਿਸ ਨੇ ਲੜਕੀ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਮ੍ਰਿਤਕਾ ਦੇ ਪਤੀ, ਸਹੁਰੇ ਅਤੇ ਨਨਾਣ ਖਿਲਾਫ਼ ਦਾਜ ਹੱਤਿਆ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰਵਾਈ ਕੀਤੀ ਜਾਵੇਗੀ |