Emirates flight: ਹਵਾਈ ਜਹਾਜ਼ ਦੀ ਲਪੇਟ ’ਚ ਆਉਣ ਕਾਰਨ 40 ਫਲੇਮਿੰਗੋ ਦੀ ਮੌਤ; ਸੁਰੱਖਿਅਤ ਲੈਂਡ ਹੋਇਆ ਜਹਾਜ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਅਮੀਰਾਤ ਏਅਰਲਾਈਨਜ਼ ਦੇ ਬੁਲਾਰੇ ਨੇ ਦਸਿਆ ਕਿ 20 ਮਈ ਨੂੰ ਦੁਬਈ ਤੋਂ ਮੁੰਬਈ ਆ ਰਹੀ ਫਲਾਈਟ ਈਕੇ 508 ਲੈਂਡਿੰਗ ਦੌਰਾਨ ਪੰਛੀਆਂ ਦੇ ਝੁੰਡ ਨਾਲ ਟਕਰਾ ਗਈ ਸੀ।

Flamingo flock struck by Emirates flight in Mumbai

Emirates flight: ਮੁੰਬਈ ਦੇ ਘਾਟਕੋਪਰ ਇਲਾਕੇ 'ਚ ਕਈ ਥਾਵਾਂ 'ਤੇ ਕਰੀਬ 40 ਫਲੇਮਿੰਗੋ (ਰਾਜ ਹੰਸ) ਮਰੇ ਹੋਏ ਪਾਏ ਗਏ ਹਨ। ਇਨ੍ਹਾਂ ਸਾਰੇ ਰਾਜ ਹੰਸਾਂ ਦੀ ਮੁੰਬਈ ਵਿਚ ਐਮੀਰੇਟਸ ਦੇ ਜਹਾਜ਼ ਨਾਲ ਟਕਰਾਉਣ ਤੋਂ ਬਾਅਦ ਮੌਤ ਹੋ ਗਈ ਸੀ। ਮ੍ਰਿਤਕ ਪੰਛੀਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ। ਘਟਨਾ ਤੋਂ ਬਾਅਦ ਜਹਾਜ਼ ਸੁਰੱਖਿਅਤ ਲੈਂਡ ਕਰ ਗਿਆ। ਬੀਐਮਸੀ ਨੇ ਇਹ ਜਾਣਕਾਰੀ ਦਿਤੀ ਹੈ।

ਇਕ ਜੰਗਲੀ ਜੀਵ ਰੱਖਿਅਕ ਨੂੰ ਘਾਟਕੋਪਰ ਵਿਚ ਕੁੱਝ ਥਾਵਾਂ 'ਤੇ ਕਈ ਮਰੇ ਹੋਏ ਪੰਛੀਆਂ ਬਾਰੇ ਫ਼ੋਨ 'ਤੇ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਜਦੋਂ ਅਧਿਕਾਰੀਆਂ ਦੀ ਟੀਮ ਉਥੇ ਪਹੁੰਚੀ ਤਾਂ ਉਨ੍ਹਾਂ ਨੇ ਦੇਖਿਆ ਕਿ ਇਲਾਕਾ ਪੰਛੀਆਂ ਦੀਆਂ ਲਾਸ਼ਾਂ ਨਾਲ ਭਰਿਆ। ਉਨ੍ਹਾਂ ਦਸਿਆ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ।

ਘਟਨਾ ਦੀ ਪੁਸ਼ਟੀ ਕਰਦੇ ਹੋਏ ਅਮੀਰਾਤ ਏਅਰਲਾਈਨਜ਼ ਦੇ ਬੁਲਾਰੇ ਨੇ ਦਸਿਆ ਕਿ 20 ਮਈ ਨੂੰ ਦੁਬਈ ਤੋਂ ਮੁੰਬਈ ਆ ਰਹੀ ਫਲਾਈਟ ਈਕੇ 508 ਲੈਂਡਿੰਗ ਦੌਰਾਨ ਪੰਛੀਆਂ ਦੇ ਝੁੰਡ ਨਾਲ ਟਕਰਾ ਗਈ ਸੀ। ਇਸ ਦੇ ਬਾਵਜੂਦ ਜਹਾਜ਼ ਸੁਰੱਖਿਅਤ ਉਤਰ ਗਿਆ ਅਤੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ। ਹਾਲਾਂਕਿ, ਇਸ ਘਟਨਾ ਵਿਚ ਕਈ ਫਲੇਮਿੰਗੋ (ਰਾਜ ਹੰਸਾਂ) ਦੀ ਮੌਤ ਹੋ ਗਈ ਅਤੇ ਅਸੀਂ ਇਸ ਮਾਮਲੇ ਵਿਚ ਅਧਿਕਾਰੀਆਂ ਨਾਲ ਸਹਿਯੋਗ ਕਰ ਰਹੇ ਹਾਂ।

ਵਧੀਕ ਪ੍ਰਮੁੱਖ ਮੁੱਖ ਜੰਗਲਾਤ ਅਤੇ ਮੈਂਗਰੋਵ ਸੈੱਲ ਦੇ ਇੰਚਾਰਜ ਐੱਸਵੀ ਰਾਮਾ ਰਾਓ ਨੇ ਦਸਿਆ ਕਿ ਘਾਟਕੋਪਰ ਅੰਧੇਰੀ ਲਿੰਕ ਰੋਡ 'ਤੇ ਲਕਸ਼ਮੀ ਨਗਰ 'ਚ 20 ਮਈ ਦੀ ਰਾਤ ਕਰੀਬ ਪੌਣੇ ਨੌਂ ਵਜੇ ਜਹਾਜ਼ ਨਾਲ ਟਕਰਾਉਣ ਕਾਰਨ 36 ਰਾਜ ਹੰਸਾਂ ਦੀ ਮੌਤ ਹੋ ਗਈ। ਸੂਚਨਾ ਮਿਲਣ 'ਤੇ ਰਾਤ ਕਰੀਬ 9.30 ਵਜੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਮੌਕੇ 'ਤੇ ਭੇਜਿਆ ਗਿਆ।

ਤਲਾਸ਼ੀ ਤੋਂ ਬਾਅਦ ਮੌਕੇ ਤੋਂ 29 ਮਰੇ ਰਾਜ ਹੰਸ ਬਰਾਮਦ ਹੋਏ। ਅਗਲੀ ਸਵੇਰ, ਮੌਕੇ 'ਤੇ 10 ਹੋਰ ਮਰੇ ਪੰਛੀ ਮਿਲੇ ਸਨ। ਘਟਨਾ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਦੀਪਕ ਖਾੜੇ ਦੀ ਨਿਗਰਾਨੀ ਹੇਠ ਮੈਂਗਰੋਵ ਕੰਜ਼ਰਵੇਸ਼ਨ ਮੁੰਬਈ ਦੇ ਸਹਾਇਕ ਕਨਜ਼ਰਵੇਟਰ ਵਿਕਰਾਂਤ ਖਾਡੇ ਵਲੋਂ ਜਾਂਚ ਕੀਤੀ ਜਾ ਰਹੀ ਹੈ।