ਮੈਂ ਮਾਲੀਵਾਲ ਕੁੱਟਮਾਰ ਮਾਮਲੇ ਦੀ ਨਿਰਪੱਖ ਜਾਂਚ ਅਤੇ ਨਿਆਂ ਚਾਹੁੰਦਾ ਹਾਂ ਕਿਉਂਕਿ ਘਟਨਾ ਦੇ ਦੋ ਸੰਸਕਰਨ ਹਨ: ਕੇਜਰੀਵਾਲ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਇਹ ਮਾਮਲਾ ਅਦਾਲਤ ’ਚ ਵਿਚਾਰ ਅਧੀਨ ਹੈ ਅਤੇ ਉਨ੍ਹਾਂ ਦੀ ਟਿਪਣੀ  ਪ੍ਰਕਿਰਿਆ ’ਚ ਰੁਕਾਵਟ ਪੈਦਾ ਕਰ ਸਕਦੀ ਹੈ

Swati Maliwal and Arvind Kejriwal

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ (ਆਪ) ਦੀ ਸੰਸਦ ਮੈਂਬਰ ਸਵਾਤੀ ਮਾਲੀਵਾਲ ’ਤੇ  ਉਨ੍ਹਾਂ ਦੀ ਰਿਹਾਇਸ਼ ’ਤੇ  ਹੋਏ ਕਥਿਤ ਹਮਲੇ ’ਤੇ  ਪਹਿਲੀ ਵਾਰ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਹ ਇਸ ਮਾਮਲੇ ਦੀ ਨਿਰਪੱਖ ਜਾਂਚ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਇਨਸਾਫ ਹੋਣਾ ਚਾਹੀਦਾ ਹੈ।  

ਮਾਲੀਵਾਲ ਨੇ ਦੋਸ਼ ਲਾਇਆ ਹੈ ਕਿ ਜਦੋਂ ਉਹ 13 ਮਈ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ’ਤੇ  ਕੇਜਰੀਵਾਲ ਨੂੰ ਮਿਲਣ ਗਈ ਸੀ ਤਾਂ ਉਸ ਦੇ ਨਿੱਜੀ ਸਹਾਇਕ ਬਿਭਵ ਕੁਮਾਰ ਨੇ ਉਸ ਦੀ ‘ਕੁੱਟਮਾਰ’ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰ ਕੇ  ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।  

ਪੀ.ਟੀ.ਆਈ. ਨੂੰ ਦਿਤੇ ਇੰਟਰਵਿਊ ’ਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਮਾਮਲਾ ਅਦਾਲਤ ’ਚ ਵਿਚਾਰ ਅਧੀਨ ਹੈ ਅਤੇ ਉਨ੍ਹਾਂ ਦੀ ਟਿਪਣੀ  ਪ੍ਰਕਿਰਿਆ ’ਚ ਰੁਕਾਵਟ ਪੈਦਾ ਕਰ ਸਕਦੀ ਹੈ।  

ਕੇਜਰੀਵਾਲ ਨੇ ਕਿਹਾ, ‘‘ਪਰ ਮੈਨੂੰ ਉਮੀਦ ਹੈ ਕਿ ਨਿਰਪੱਖ ਜਾਂਚ ਹੋਵੇਗੀ। ਨਿਆਂ ਦੀ ਜਿੱਤ ਹੋਣੀ ਚਾਹੀਦੀ ਹੈ। ਇਸ ਘਟਨਾ ਦੇ ਦੋ ਸੰਸਕਰਣ ਹਨ। ਪੁਲਿਸ ਨੂੰ ਦੋਹਾਂ  ਧਿਰਾਂ ਦੀ ਨਿਰਪੱਖ ਤਰੀਕੇ ਨਾਲ ਜਾਂਚ ਕਰਨੀ ਚਾਹੀਦੀ ਹੈ ਅਤੇ ਨਿਆਂ ਹੋਣਾ ਚਾਹੀਦਾ ਹੈ।’’ 

ਇਹ ਪੁੱਛੇ ਜਾਣ ’ਤੇ  ਕਿ ਕੀ ਘਟਨਾ ਦੇ ਸਮੇਂ ਉਹ ਅਪਣੀ ਰਿਹਾਇਸ਼ ’ਤੇ  ਮੌਜੂਦ ਸਨ, ‘ਆਪ’ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਉਹ ਅਪਣੀ ਰਿਹਾਇਸ਼ ’ਤੇ  ਸਨ ਪਰ ਮੌਕੇ ’ਤੇ  ਨਹੀਂ। ਕੇਜਰੀਵਾਲ ਦੇ ਸਹਾਇਕ ਇਸ ਸਮੇਂ ਪੰਜ ਦਿਨਾਂ ਲਈ ਪੁਲਿਸ ਹਿਰਾਸਤ ’ਚ ਹਨ।  ਇਸ ਤੋਂ ਪਹਿਲਾਂ ਮਾਲੀਵਾਲ ਨੇ ਬੁਧਵਾਰ  ਨੂੰ ਕਿਹਾ ਸੀ ਕਿ ਪਾਰਟੀ ’ਚ ਹਰ ਕਿਸੇ ’ਤੇ  ਉਨ੍ਹਾਂ ਦਾ ਅਕਸ ਖਰਾਬ ਕਰਨ ਦਾ ‘ਬਹੁਤ ਭਾਰੀ ਦਬਾਅ’ ਹੈ। 

ਰਾਜ ਸਭਾ ਮੈਂਬਰ ਮਾਲੀਵਾਲ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ  ਇਕ ਪੋਸਟ ’ਚ ਕਿਹਾ, ‘‘ਕੱਲ੍ਹ ਮੈਨੂੰ ਪਾਰਟੀ ਦੇ ਇਕ ਵੱਡੇ ਨੇਤਾ ਦਾ ਫੋਨ ਆਇਆ। ਉਨ੍ਹਾਂ ਨੇ  ਮੈਨੂੰ ਦਸਿਆ  ਕਿ ਕਿਵੇਂ ਹਰ ਕਿਸੇ ’ਤੇ  ਮੇਰੇ ਵਿਰੁਧ  ਬੁਰੀਆਂ ਗੱਲਾਂ ਕਹਿਣ ਦਾ ਇੰਨਾ ਦਬਾਅ ਹੈ। ਉਹ ਮੇਰੀਆਂ ਨਿੱਜੀ ਤਸਵੀਰਾਂ ਲੀਕ ਕਰ ਕੇ  ਮੈਨੂੰ ਪਰੇਸ਼ਾਨ ਕਰਨਾ ਚਾਹੁੰਦੇ ਹਨ। ਕਿਹਾ ਜਾ ਰਿਹਾ ਹੈ ਕਿ ਜੋ ਵੀ ਮੇਰਾ ਸਮਰਥਨ ਕਰੇਗਾ, ਉਸ ਨੂੰ ਪਾਰਟੀ ਤੋਂ ਕੱਢ ਦਿਤਾ ਜਾਵੇਗਾ।’’

ਉਨ੍ਹਾਂ ਕਿਹਾ, ‘‘ਕਿਸੇ ਨੂੰ ਪ੍ਰੈਸ ਕਾਨਫਰੰਸ ਕਰਨ ਦੀ ਜ਼ਿੰਮੇਵਾਰੀ ਦਿਤੀ  ਗਈ ਹੈ ਅਤੇ ਕਿਸੇ ਨੂੰ ਟਵੀਟ ਕਰਨ ਦੀ ਜ਼ਿੰਮੇਵਾਰੀ ਦਿਤੀ  ਗਈ ਹੈ। ਕਿਸੇ ਨੂੰ ਅਮਰੀਕਾ ’ਚ ਬੈਠੇ ਕਾਰਕੁਨਾਂ ਨੂੰ ਬੁਲਾਉਣ ਅਤੇ ਮੇਰੇ ਵਿਰੁਧ  ਕੁੱਝ  ਚੀਜ਼ਾਂ ਕੱਢਣ ਦਾ ਕੰਮ ਵੀ ਸੌਂਪਿਆ ਗਿਆ ਹੈ।’’

ਕੁਮਾਰ ਨੂੰ ਮੰਗਲਵਾਰ ਨੂੰ ਉਸ ਦਾ ਫੋਨ ਡਾਟਾ ਬਰਾਮਦ ਕਰਨ ਲਈ ਮੁੰਬਈ ਲਿਜਾਇਆ ਗਿਆ ਸੀ, ਜਿਸ ਨੂੰ ਉਸ ਨੇ ਗ੍ਰਿਫਤਾਰੀ ਤੋਂ ਪਹਿਲਾਂ ਕਥਿਤ ਤੌਰ ’ਤੇ  ਡਿਲੀਟ ਕਰ ਦਿਤਾ ਸੀ। ਪੁਲਿਸ ਨੂੰ ਸ਼ੱਕ ਹੈ ਕਿ ਕੁਮਾਰ ਨੇ ਮੁੰਬਈ ’ਚ ਕਿਸੇ ਵਿਅਕਤੀ ਜਾਂ ਡਿਵਾਈਸ ਨੂੰ ਡੇਟਾ ਟ੍ਰਾਂਸਫਰ ਕਰਨ ਤੋਂ ਬਾਅਦ ਅਪਣੇ  ਫੋਨ ਨੂੰ ਫਾਰਮੈਟ ਕੀਤਾ ਸੀ।  

ਇਕ ਅਧਿਕਾਰੀ ਨੇ ਦਸਿਆ  ਕਿ ਕੁਮਾਰ ਦੇ ਫੋਨ ਅਤੇ ਲੈਪਟਾਪ ਦੇ ਨਾਲ-ਨਾਲ ਕੇਜਰੀਵਾਲ ਦੀ ਰਿਹਾਇਸ਼ ਦੀ ਸੀ.ਸੀ.ਟੀ.ਵੀ.  ਰੀਕਾਰਡਿੰਗ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ। ਅਧਿਕਾਰੀਆਂ ਨੇ ਦਸਿਆ  ਕਿ ਕੁਮਾਰ ਦੀ ਪੁਲਿਸ ਹਿਰਾਸਤ ਵੀਰਵਾਰ ਨੂੰ ਖਤਮ ਹੋ ਰਹੀ ਹੈ ਅਤੇ ਜਾਂਚਕਰਤਾ ਮਾਮਲੇ ਨਾਲ ਜੁੜੇ ਸਾਰੇ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।