ਐਸ. ਡੀ ਐਮ. ਨੇ ਵਿਕਾਸ ਕਾਰਜਾਂ ਤੋਂ ਕਰਵਾਇਆ ਜਾਣੂ
ਨਗਰ ਪਾਲਕਾ ਕਾਲਾਂਵਾਲੀ ਦੁਆਰਾ ਸ਼ਹਿਰ ਵਿਚ ਛੇ ਕਰੋੜ ਦੀ ਲਾਗਤ ਨਾਲ ਸੜਕਾਂ ਦਾ ਉਸਾਰੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ......
ਕਾਲਾਂਵਾਲੀ : ਨਗਰ ਪਾਲਕਾ ਕਾਲਾਂਵਾਲੀ ਦੁਆਰਾ ਸ਼ਹਿਰ ਵਿਚ ਛੇ ਕਰੋੜ ਦੀ ਲਾਗਤ ਨਾਲ ਸੜਕਾਂ ਦਾ ਉਸਾਰੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਤੋਂ ਬਿਨ੍ਹਾਂ ਹੋਰ ਮੁੱਖ ਸੜਕਾਂ ਦੀ ਉਸਾਰੀ ਲਈ 14 ਕਰੋੜ ਦੀ ਲਾਗਤ ਦੇ ਟੈਂਡਰ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਤੇ ਜਲਦੀ ਹੀ ਕੰਮ ਸ਼ੁਰੂ ਕਰ ਦਿਤਾ ਜਾਵੇਗਾ। ਇਹ ਜਾਣਕਾਰੀ ਉਪਮੰਡਲ ਅਧਿਕਾਰੀ ਬ੍ਰਜਿੰਦਰ ਸਿੰਘ ਹੁੱਡਾ ਨੇ ਅੱਜ ਅਪਣੇ ਦਫ਼ਤਰ ਵਿਚ ਪ੍ਰੈਸ ਵਾਰਤਾ ਦੋਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਦਿਤੀ। ਉਨ੍ਹਾਂ ਦਸਿਆ ਕਿ ਮਾਰਕਿਟਿੰਗ ਬੋਰਡ ਦੇ ਤਹਿਤ ਆਉਣ ਵਾਲੀਆਂ 62 ਸੜਕਾਂ ਤੇ ਪੈਚ ਵਰਕ ਕੀਤਾ ਜਾ ਰਿਹਾ ਹੈ,
ਜਿਨ੍ਹਾਂ ਵਿਚੋਂ 45 ਸੜਕਾਂ 'ਤੇ ਪੈਚਵਰਕ ਦਾ ਕੰਮ ਪੂਰਾ ਕੀਤਾ ਜਾ ਚੁੱਕਿਆ ਹੈ ਬਾਕੀ 17 ਸੜਕਾਂ ਤੇ ਕੰਮ ਜਲਦੀ ਪੂਰਾ ਕਰ ਲਿਆ ਜਾਵੇਗਾ। ਐਸ.ਡੀ.ਐਮ ਹੁੱਡਾ ਨੇ ਦਸਿਆ ਕਿ ਕਾਲਾਂਵਾਲੀ ਅਤੇ ਬੀਰੁਵਾਲਾ ਗੁੜ੍ਹਾ ਵਿੱਚ ਖੇਡ ਸਟੇਡੀਅਮ ਦੀ ਉਸਾਰੀ ਦਾ ਕੰਮ ਤੇਜੀ ਨਾਲ ਚੱਲ ਰਿਹਾ ਹੈ ਅਤੇ ਜਲਦੀ ਹੀ ਇਸ ਨੂੰ ਖਿਡਾਰੀਆਂ ਲਈ ਖੋਹਲ ਦਿਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਕਾਲਾਂਵਾਲੀ ਬਸ ਸਟੈਂਡ ਦਾ ਕੰਮ ਵੀ ਪੂਰਾ ਹੋ ਚੁੱਕਿਆ ਹੈ ਤੇ ਓਢਾਂ ਬਸ ਸਟੈਡ ਦੀ ਉਸਾਰੀ ਚੱਲ ਰਹੀ ਹੈ। ਉਨ੍ਹਾਂ ਦਸਿਆ ਕਿ ਕਾਲਾਂਵਾਲੀ ਤੋਂ ਬੜਾਗੁੜ੍ਹਾ ਅਤੇ ਕਾਲਾਂਵਾਲੀ ਤੋਂ ਸਿੰਘਪੁਰਾ ਜਾਣ ਵਾਲੀਆਂ ਸੜਕਾਂ ਦੀ ਮੁਰੰਮਤ ਕੀਤੀ ਜਾ ਚੁੱਕੀ ਹੈ
ਤਾਂ ਕਿ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤ ਉਪਲੱਬਧ ਹੋ ਸਕੇ। ਪ੍ਰੈਸ ਵਾਰਤਾ ਦੋਰਾਨ ਪੁਛੇ ਸਵਾਲਾਂ ਦੇ ਜਵਾਬ ਵਿੱਚ ਐਸ.ਡੀ.ਐਮ ਹੁੱਡਾ ਨੇ ਦਸਿਆ ਕਿ ਬਸ ਸਟੈਂਡ ਦੀ ਉਸਾਰੀ ਵਿੱਚ ਕਮੀਆਂ ਸਬੰਧੀ ਜਾਂਚ ਕਰਵਾਈ ਜਾਵੇਗੀ ਜੇ ਇਸ ਵਿੱਚ ਕਿਸੇ ਅਧਿਕਾਰੀ/ਕਰਮਚਾਰੀ ਦੀ ਕੁਤਾਹੀ ਪਾਈ ਗਈ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਕਾਲਾਂਵਾਲੀ ਦੇ ਸਰਕਾਰੀ ਹਸਪਤਾਲ ਵਿਚ ਸਟਾਫ਼ ਦੀ ਕਮੀ ਦੇ ਸਵਾਲ ਦਾ ਜਬਾਵ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਸ ਬਾਰੇ ਸੀ.ਐਮ.ਓ ਸਿਰਸਾ ਨੂੰ ਸਟਾਫ਼ ਪੂਰਾ ਕਰਨ ਸਬੰਧੀ ਜਾਣੂ ਕਰਵਾ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪ੍ਰਦੇਸ਼ ਸਰਕਾਰ ਦੁਆਰਾ ਲੋਕਾਂ ਨੂੰ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਸਬੰਧੀ ਜਾਣਕਾਰੀ ਸਮੇਂ ਸਮੇਂ 'ਤੇ ਦਿਤੀ ਜਾਂਦੀ ਹੈ। ਇਸ ਮੌਕੇ 'ਤੇ ਪੱਤਰਕਾਰਾਂ ਤੋਂ ਬਿਨ੍ਹਾਂ ਐਸ.ਡੀ.ਓ ਭੂਪ ਸਿੰਘ ਬੈਣੀਵਾਲ, ਨਗਰ ਪਾਲਕਾ ਸੱਕਤਰ ਰਿਸ਼ੀਕੇਸ਼ ਚੌਧਰੀ, ਐਮ.ਈ ਨਰੇਸ਼ ਯਾਦਵ, ਡੀ.ਪੀ.ਆਰ.ਓ ਦਫ਼ਤਰ ਵਲੋਂ ਲੇਖਾਕਾਰ ਮੱਖਣ ਸਿੰਘ ਸਹਿਤ ਹੋਰ ਅਧਿਕਾਰੀ ਵੀ ਮੌਜੂਦ ਸਨ।