ਨੇਪਾਲ ਨੇ ਐਫ਼.ਐਮ. ਰੇਡੀਉ ਜ਼ਰੀਏ ਸ਼ੁਰੂ ਕੀਤਾ ਭਾਰਤ ਵਿਰੋਧੀ ਕੂੜ ਪ੍ਰਚਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਦੇ ਕਾਲਾ ਪਾਣੀ, ਲਿਪੁਲੇਖ ਅਤੇ ਲਿੰਪੀਆਧੁਰਾ ਨੂੰ ਨੇਪਾਲ ਦਾ ਹਿੱਸਾ ਦਸਿਆ ਜਾ ਰਿਹੈ

File

ਪਿਥੌਰਗੜ੍ਹ (ਉਤਰਾਖੰਡ), 21 ਜੂਨ :  ਭਾਰਤ ਦੇ ਕਾਲਾ ਪਾਣੀ, ਲਿਪੁਲੇਖ ਅਤੇ ਲਿੰਪੀਆਧੁਰਾ ਨੂੰ ਨੇਪਾਲ ਦਾ ਹਿੱਸਾ ਦੱਸਣ ਵਾਲੇ ਅਪਣੇ ਦਾਅਵੇ ਨੂੰ ਮਜ਼ਬੂਤ ਕਰਨ ਲਈ ਨੇਪਾਲ ਹੁਣ ਭਾਰਤ ਨਾਲ ਲਗਦੀ ਸਰਹੱਦ ਕੋਲ ਅਪਣੇ ਐਫ਼ਐਮ ਰੇਡੀਉ ਚੈਨਲਾਂ ਜ਼ਰੀਏ ਭਾਰਤ ਵਿਰੋਧੀ ਕੂੜ ਪ੍ਰਚਾਰ ਕਰ ਰਿਹਾ ਹੈ। ਸਰਹੱਦ ਲਾਗੇ ਰਹਿ ਰਹੇ ਭਾਰਤੀ ਪਿੰਡਾਂ ਦੇ ਵਾਸੀਆਂ ਦਾ ਕਹਿਣਾ ਹੈ ਕਿ ਨੇਪਾਲੀ ਚੈਨਲਾਂ ਦੁਆਰਾ ਸੁਣਾਏ ਜਾਂਦੇ ਗੀਤ ਆਧਾਰਤ ਪ੍ਰੋਗਰਾਮ ਜਾਂ ਹੋਰ ਪ੍ਰੋਗਰਾਮਾਂ ਵਿਚਾਲੇ ਭਾਰਤ ਦੇ ਕਾਲਾ ਪਾਣੀ, ਲਿਪੁਲੇਖ ਅਤੇ ਲਿੰਪੀਆਧੁਰਾ ਖੇਤਰਾਂ ਨੂੰ ਵਾਪਸ ਕੀਤੇ ਜਾਣ ਦੀ ਮੰਗ ਕਰਨ ਵਾਲੇ ਭਾਰਤ ਵਿਰੋਧੀ ਭਾਸ਼ਨ ਦਿਤੇ ਜਾ ਰਹੇ ਹਨ।

ਜ਼ਿਲ੍ਹੇ ਦੇ ਧਾਰਚੁਲਾ ਸਬਡਵੀਜ਼ਨ ਦੇ ਦਾਂਤੂ ਪਿੰਡ ਦੀ ਵਾਸੀ ਸ਼ਾਲੂ ਦਤਾਲ ਨੇ ਦਸਿਆ, 'ਕੁੱਝ ਨੇਪਾਲੀ ਐਫ਼ਐਮ ਚੈਨਲਾਂ ਨੇ ਹਾਲ ਹੀ ਵਿਚ ਨੇਪਾਲੀ ਗੀਤਾਂ ਵਿਚਾਲੇ ਭਾਰਤ ਵਿਰੋਧੀ ਭਾਸ਼ਨ ਚਲਾਉਣਾ ਸ਼ੁਰੂ ਕੀਤਾ ਹੈ ਕਿਉਂਕਿ ਸਰਹੱਦ ਦੇ ਦੋਵੇਂ ਪਾਸੇ ਲੋਕ ਨੇਪਾਲੀ ਗਾਣੇ ਸੁਣਦੇ ਹਨ, ਇਸ ਲਈ ਉਹ ਵਿਚਾਲੇ ਸੁਣਾਏ ਜਾਂਦੇ ਨੇਪਾਲੀ ਆਗੂਆਂ ਦੇ ਭਾਰਤ ਵਿਰੋਧੀ ਭਾਸ਼ਨਾਂ ਨੂੰ ਵੀ ਸੁਣਦੇ ਹਨ।' ਦਤਾਲ ਨੇ ਦਸਿਆ ਕਿ ਨੇਪਾਲੀ ਗੀਤਾਂ ਵਿਚਾਲੇ ਭਾਰਤ ਵਿਰੋਧੀ ਭਾਸ਼ਨਾਂ ਦਾ ਪ੍ਰਸਾਰਣ ਕਰਨ ਵਾਲੇ ਪ੍ਰਮੁੱਖ ਚੈਨਲ ਨਵਾਂ ਨੇਪਾਲ ਅਤੇ ਕਾਲਾ ਪਾਣੀ ਰੇਡੀਉ ਹਨ।

ਉਨ੍ਹਾਂ ਕਿਹਾ ਕਿ ਕੁੱਝ ਪੁਰਾਣੇ ਚੈਨਲ ਜਿਵੇਂ ਮਲਿਕਕਾਰਜੁਨ ਰੇਡੀਉ ਅਤੇ ਵੈਬਸਾਈਟਾਂ ਵਿਜੇਂ ਅੰਨਪੂਰਨਾ ਡਾਟ ਆਨਲਾਈਨ ਵੀ ਕਾਲਾ ਪਾਣੀ ਨੂੰ ਨੇਪਾਲੀ ਜ਼ਮੀਨ ਦਾ ਹਿੱਸਾ ਦਸਦੀਆਂ ਖ਼ਬਰਾਂ ਦੇ ਰਹੇ ਹਨ। ਇਹ ਸਾਰੇ ਐਫ਼ਐਮ ਚੈਨਲ ਨੇਪਾਲ ਵਿਚ ਦਾਰਚੁਲਾ ਜ਼ਿਲ੍ਹਾ ਮੁੱਖ ਦਫ਼ਤਰ ਲਾਗੇ ਚਾਬਰੀਗਰ ਤੋਂ ਚਲਦੇ ਹਨ। ਇਨ੍ਹਾਂ ਚੈਨਲਾਂ ਦੀ ਰੇਂਜ ਤਿੰਨ ਕਿਲੋਮੀਟਰ ਤਕ ਦੀ ਹੈ ਜੋ ਭਾਰਤ ਵਿਚ ਧਾਰਚੁਲਾ, ਬਲੂਆਕੋਟ, ਜੌਲਜੀਬੀ ਅਤੇ ਕਾਲਿਕਾ ਸ਼ਹਿਰਾਂ ਵਿਚ ਸੁਣੇ ਜਾ ਸਕਦੇ ਹਨ।

ਪਿਥੌਰਗੜ੍ਹ ਦੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਘਟਨਾਕ੍ਰਮ ਬਾਬਤ ਨਹੀਂ ਜਾਣਦੇ। ਪਿਥੌਰਗੜ੍ਹ ਦੀ ਪੁਲਿਸ ਮੁਖੀ ਪ੍ਰੀਤੀ ਪ੍ਰਿਯਦਰਸ਼ਨੀ ਨੇ ਕਿਹਾ, 'ਸਾਡੇ ਕੋਲ ਅਜਿਹੀ ਕੋਈ ਜਾਣਕਾਰੀ ਨਹੀਂ। ਸਾਨੂੰ ਅਪਣੀਆਂ ਖ਼ੁਫ਼ੀਆ ਇਕਾਈਆਂ ਤੋਂ ਅਜਿਹੀ ਕੋਈ ਜਾਣਕਾਰੀ ਨਹੀਂ ਮਿਲੀ।' ਜ਼ਿਕਰਯੋਗ ਹੈ ਕਿ ਨੇਪਾਲੀ ਸੰਸਦ ਨੇ ਹਾਲ ਹੀ ਵਿਚ ਨਵੇਂ ਸਰਕਾਰੀ ਨਕਸ਼ੇ ਨੂੰ ਮਨਜ਼ੂਰੀ ਦਿਤੀ ਹੈ ਜਿਸ ਵਿਚ ਕਾਲਾ ਪਾਣੀ, ਲਿਪੁਲੇਖ ਅਤੇ ਲਿੰਪੀਆਧੁਰਾ ਨੂੰ ਨੇਪਾਲ ਦੇ ਹਿੱਸ ਵਜੋਂ ਵਿਖਾਇਆ ਗਿਆ ਹੈ।