ਹਿੰਸਾ ਦਾ ਜਵਾਬ ਹਿੰਸਾ ਨਾਲ ਹੀ ਦਿਤਾ ਜਾਵੇ,ਮੰਤਰ-ਪਾਠ ਕਰ ਕੇ ਹਿੰਸਾ ਨੂੰ ਨਹੀਂ ਰੋਕਿਆ ਜਾ ਸਕਦਾ:ਘੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤ੍ਰਿਣਮੂਲ ਨੇ ਕਿਹਾ ਕਿ ਭਾਜਪਾਈਆਂ ਦੀ ਨੀਤੀ ਹਿੰਸਾ

Dilip Ghosh

ਕੋਲਕਾਤਾ, 21 ਜੂਨ : ਬੰਗਾਲ ਪ੍ਰਦੇਸ਼ ਭਾਜਪਾ ਪ੍ਰਧਾਨ ਦਿਲੀਪ ਘੋਸ਼ ਨੇ ਕਿਹਾ ਕਿ ਹਿੰਸਾ ਦਾ ਜਵਾਬ ਹਿੰਸਾ ਨਾਲ ਹੀ ਦਿਤਾ ਜਾਣਾ ਚਾਹੀਦਾ ਹੈ। ਮੰਤਰ-ਪਾਠ ਕਰ ਕੇ ਹਿੰਸਾ ਨੂੰ ਨਹੀਂ ਰੋਕਿਆ ਜਾ ਸਕਦਾ। ਇਸ ਲਈ ਹਿੰਸਾ ਹੀ ਕਰਨੀ ਪੈਂਦੀ ਹੈ। ਜੇ ਕੋਈ ਅਜਿਹਾ ਨਹੀਂ ਕਰਦਾ ਤਾਂ ਉਸ ਬੁਝਦਿਲ ਕਿਹਾ ਜਾਵੇਗਾ। ਉਨ੍ਹਾਂ ਕਿਹਾ ਕਿ ਮੰਤਰ-ਪਾਠ ਕਰਨ ਨਾਲ ਜੇ ਸੱਭ ਕੁੱਝ ਹੋ ਜਾਂਦਾ ਤਾਂ ਸ਼੍ਰੀ ਕ੍ਰਿਸ਼ਨ ਨੂੰ ਮਹਾਭਾਰਤ ਨਾ ਕਰਨੀ ਪੈਂਦੀ। ਐਤਵਾਰ ਸਵੇਰੇ ਉਨ੍ਹਾਂ ਸਥਾਨਕ ਲੋਕਾਂ ਤੇ ਮਾਰਨਿੰਗ ਵਾਕਰਸ ਨੂੰ ਨਾਲ ਲੈ ਕੇ ਕੋਲਕਾਤਾ 'ਚ ਯੋਗ ਪ੍ਰੋਗਰਾਮ 'ਚ ਹਿੱਸਾ ਲਿਆ।

ਇਥੇ ਯੋਗ ਅਭਿਆਸ ਤੋਂ ਉਨ੍ਹਾਂ ਮੀਡੀਆ ਨਾਲ ਇਹ ਗੱਲਾਂ ਕਹੀਆਂ। ਦੂਜੇ ਪਾਸੇ, ਇਸ ਦਾ ਜਵਾਬ ਦਿੰਦੇ ਹੋਏ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਕਲਿਆਣਾ ਬੈਨਰਜੀ ਨੇ ਕਿਹਾ ਕਿ ਜੇ ਭਾਜਪਾ ਤ੍ਰਿਣਮੂਲ ਵਰਕਰਾਂ ਨੂੰ ਨਿਸ਼ਾਨਾ ਬਣਾਉਣੀ ਚਾਹੁੰਦੀ ਹੈ ਤਾਂ ਉਨ੍ਹਾਂ ਦੀ ਪਾਰਟੀ ਵੀ ਚੁੱਪ ਨਹੀਂ ਬੈਠੇਗੀ। ਉਨ੍ਹਾਂ ਕਿਹਾ ਕਿ ਭਾਜਪਾਈਆਂ ਦੀ ਨੀਤੀ ਹੀ ਹਿੰਸਾ ਹੈ। ਜੇ ਭਾਜਪਾ ਇਕ ਤ੍ਰਿਣਮੂਲ ਕਾਂਗਰਸ ਦੇ ਵਰਕਰ ਨਾਲ ਕੁੱਟਮਾਰ ਕਰਦੀ ਹੈ ਤਾਂ ਤ੍ਰਿਣਮੂਲ ਕਾਂਗਰਸ ਭਾਜਪਾ ਦੇ 10 ਵਰਕਰਾਂ ਨਾਲ ਕੁੱਟਮਾਰ ਕਰੇਗੀ। ਉਨ੍ਹਾਂ ਕਿਹਾ ਕਿ ਜਦੋਂ ਤ੍ਰਿਣਮੂਲ ਕਾਂਗਰਸ ਨੇ ਤਿੰਨ ਦਹਾਕਿਆਂ ਤਕ ਸ਼ਾਸਨ ਕਰਨ ਵਾਲੀ ਮਾਕਪਾ ਨੂੰ ਖਦੇੜ ਦਿਤਾ ਤਾਂ ਭਾਜਪਾ ਉਨ੍ਹਾਂ ਲਈ ਮਾਮੂਲੀ ਚੀਜ਼ ਹੈ।