ਬੈਂਕ ਮੁਲਾਜ਼ਮਾਂ ਵਲੋਂ ਹੜਤਾਲ ਦਾ ਐਲਾਨ, ਲਗਾਤਾਰ 3 ਦਿਨ ਬੰਦ ਰਹਿਣਗੇ ਬੈਂਕ!

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁਲਾਜ਼ਮਾਂ ਵਲੋਂ ਹਫ਼ਤੇ 'ਚ 5 ਦਿਨ ਕੰਮ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਕੀਤੀ ਜਾ ਰਹੀ ਹੈ ਮੰਗ 

Bank employees announce strike, banks will be closed for 3 consecutive days!

ਨਵੀਂ ਦਿੱਲੀ : ਹੱਕੀ ਮੰਗਾਂ ਨਾ ਮੰਨੇ ਜਾਨ ਦੇ ਸਬੰਧ ਵਿਚ ਬੈਂਕ ਮੁਲਾਜ਼ਮਾਂ ਨੇ ਹੜਤਾਲ ਦਾ ਐਲਾਨ ਕੀਤਾ ਹੈ। ਮੁਲਾਜ਼ਮਾਂ ਦੀ ਇਹ ਹੜਤਾਲ 27 ਜੂਨ ਨੂੰ ਹੋਵੇਗੀ ਜਿਸ ਦਿਨ ਸੋਮਵਾਰ ਹੈ ਇਸ ਦੇ ਚਲਦੇ ਹੀ ਲਗਾਤਾਰ ਤਿੰਨ ਦਿਨ ਸਾਰੇ ਬੈਂਕ ਬੰਦ ਰਹਿਣਗੇ ਕਿਉਂਕਿ ਇਸ ਤੋਂ ਪਹਿਲਾਂ 25 ਅਤੇ 26 ਜੂਨ ਨੂੰ ਸ਼ਨੀਵਾਰ ਅਤੇ ਐਤਵਾਰ ਹੋਣ ਕਾਰਨ ਛੁੱਟੀ ਹੋਵੇਗੀ।

ਦੱਸ ਦੇਈਏ ਕਿ ਮੁਲਾਜ਼ਮਾਂ ਵਲੋਂ ਹਫ਼ਤੇ ਵਿਚ ਪੰਜ ਦਿਨ ਕੰਮ ਕਰਨ ਦੀ ਮੰਗ ਨੂੰ ਪ੍ਰਵਾਨਗੀ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਸਰਕਾਰ ਵਲੋਂ ਇਸ ਦਾ ਹੱਲ ਨਹੀਂ ਕੱਢਿਆ ਗਿਆ ਹੈ ਜਿਸ ਕਾਰਨ ਵੱਖ-ਵੱਖ ਥਾਵਾਂ 'ਤੇ ਬੈਂਕ ਮੁਲਾਜ਼ਮਾਂ ਵਲੋਂ ਧਰਨਾ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਬੈਂਕ ਕਰਮਚਾਰੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਅਤੇ ਹੋਰ ਮੰਗਾਂ ਨੂੰ ਲੈ ਕੇ 27 ਜੂਨ ਨੂੰ ਹੜਤਾਲ ਕਰਨਗੇ।

ਇਸ ਤੋਂ ਪਹਿਲਾਂ 25 ਜੂਨ ਨੂੰ ਮਹੀਨੇ ਦੇ ਆਖਰੀ ਸ਼ਨੀਵਾਰ ਅਤੇ 26 ਜੂਨ ਨੂੰ ਐਤਵਾਰ ਦੀ ਛੁੱਟੀ ਹੋਣ ਕਾਰਨ ਬੈਂਕ ਬੰਦ ਰਹਿਣਗੇ। ਲਗਾਤਾਰ ਤਿੰਨ ਦਿਨ ਬੈਂਕ ਬੰਦ ਰਹਿਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਸੱਦੇ 'ਤੇ ਬੈਂਕ ਯੂਨੀਅਨਾਂ ਨੇ 27 ਜੂਨ ਨੂੰ ਹੜਤਾਲ 'ਤੇ ਜਾਣ ਦਾ ਐਲਾਨ ਕੀਤਾ ਹੈ।

ਸਟੇਟ ਬੈਂਕ ਆਫ ਇੰਡੀਆ ਆਫਿਸਰਜ਼ ਐਸੋਸੀਏਸ਼ਨ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਹੜਤਾਲ ਦਾ ਫੈਸਲਾ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਪੰਜ ਦਿਨਾ ਬੈਂਕਿੰਗ, ਪੈਨਸ਼ਨ ਮੁੜ ਤੈਅ ਕਰਨ ਅਤੇ ਬੈਂਕ ਮੁਲਾਜ਼ਮਾਂ ਦੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਲਿਆ ਗਿਆ ਹੈ।