ਅਫਗਾਨਿਸਤਾਨ 'ਚ ਭੂਚਾਲ ਕਾਰਨ 950 ਲੋਕਾਂ ਦੀ ਗਈ ਜਾਨ, 600 ਤੋਂ ਵੱਧ ਲੋਕ ਜ਼ਖਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ, ਰਾਹਤ ਅਤੇ ਬਚਾਅ ਕਾਰਜ ਜਾਰੀ

Earthquake kills 950, injures more than 600 in Afghanistan

 

ਕਾਬੁਲ: ਅਫਗਾਨਿਸਤਾਨ ਵਿੱਚ ਆਏ ਭਿਆਨਕ ਭੂਚਾਲ ਕਾਰਨ 950 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਭੂਚਾਲ ਦੀ ਤੀਬਰਤਾ 6.1 ਮਾਪੀ ਗਈ ਹੈ।  ਮਿਲੀ ਜਾਣਕਾਰੀ ਅਨੁਸਾਰ ਅਫਗਾਨਿਸਤਾਨ 'ਚ ਆਏ ਜ਼ਬਰਦਸਤ ਭੂਚਾਲ ਕਾਰਨ ਸੈਂਕੜੇ ਘਰ ਤਬਾਹ ਹੋ ਗਏ ਹਨ। ਇਸ ਦੇ ਨਾਲ ਹੀ 600 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਰਾਹਤ ਅਤੇ ਬਚਾਅ ਕਾਰਜ ਲਈ ਏਜੰਸੀਆਂ ਮੌਕੇ 'ਤੇ ਪਹੁੰਚ ਗਈਆਂ ਹਨ। ਲੋਕਾਂ ਨੂੰ ਬਚਾਉਣ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਦਾ ਕੰਮ ਜਾਰੀ ਹੈ।

 

 

ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਨੇ ਕਿਹਾ ਕਿ ਬੁੱਧਵਾਰ ਤੜਕੇ 6.1 ਤੀਬਰਤਾ ਵਾਲੇ ਭੂਚਾਲ ਨੇ ਸੰਘਣੀ ਆਬਾਦੀ ਵਾਲੇ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਕੁਝ ਹਿੱਸਿਆਂ ਨੂੰ ਹਿਲਾ ਦਿੱਤਾ।

 

 

ਅਫਗਾਨ ਅਧਿਕਾਰੀਆਂ ਨੇ ਦੱਸਿਆ ਕਿ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। USGS ਦੇ ਅਨੁਸਾਰ, ਭੂਚਾਲ ਦੱਖਣ-ਪੂਰਬੀ ਅਫਗਾਨਿਸਤਾਨ ਦੇ ਖੋਸਤ ਸ਼ਹਿਰ ਤੋਂ ਲਗਭਗ 44 ਕਿਲੋਮੀਟਰ (27 ਮੀਲ) ਦੂਰ 51 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ। ਤਾਲਿਬਾਨ ਪ੍ਰਸ਼ਾਸਨ ਦੇ ਕੁਦਰਤੀ ਆਫ਼ਤਾਂ ਮੰਤਰਾਲੇ ਦੇ ਮੁਖੀ ਮੁਹੰਮਦ ਨਸੀਮ ਹੱਕਾਨੀ ਨੇ ਕਿਹਾ ਕਿ ਉਹ ਹੋਰ ਜਾਂਚ ਪੂਰੀ ਕਰਨ ਤੋਂ ਬਾਅਦ ਅਪਡੇਟ ਦੇਣਗੇ।

ਅਫਗਾਨਿਸਤਾਨ ਦੀ ਆਫ਼ਤ ਪ੍ਰਬੰਧਨ ਅਥਾਰਟੀ ਨੇ ਇੱਥੇ ਭੂਚਾਲ ਵਿੱਚ 950 ਤੋਂ ਵੱਧ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ। ਆਫਤ ਪ੍ਰਬੰਧਨ ਅਥਾਰਟੀ ਨੇ ਦੱਸਿਆ ਕਿ ਭੂਚਾਲ ਨਾਲ 100 ਤੋਂ ਵੱਧ ਘਰ ਤਬਾਹ ਹੋ ਗਏ ਹਨ। ਉਨ੍ਹਾਂ ਕਿਹਾ ਕਿ ਬਚਾਅ ਕਾਰਜਾਂ ਲਈ ਹੈਲੀਕਾਪਟਰਾਂ ਨੂੰ ਰਾਹਤ ਬਚਾਅ ਵਿੱਚ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਏਜੰਸੀਆਂ ਨੂੰ ਮਦਦ ਲਈ ਆਉਣ ਲਈ ਕਿਹਾ ਗਿਆ ਹੈ ਪਰ ਭੂਚਾਲ ਪ੍ਰਭਾਵਿਤ ਇਲਾਕਾ ਦੂਰ-ਦੁਰਾਡੇ ਦਾ ਹੈ, ਇਸ ਲਈ ਮਦਦ ਨੂੰ ਇੱਥੇ ਪਹੁੰਚਣ ਵਿੱਚ ਸਮਾਂ ਲੱਗ ਰਿਹਾ ਹੈ।