ਬਿਨ੍ਹਾਂ ਭੁਗਤਾਨ ਤੋਂ ਦਿੱਲੀ ਦੇ ਇਕ ਪੰਜ ਸਿਤਾਰਾ ਹੋਟਲ ’ਚ 603 ਦਿਨ ਤੱਕ ਰਿਹਾ ਵਿਅਕਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਸ ਨੇ ਦੋਸ਼ ਲਾਇਆ ਹੈ ਕਿ ਦੱਤਾ ਨੇ 31 ਮਈ, 2019 ਨੂੰ ਹੋਟਲ ਛੱਡਣਾ ਸੀ, ਪਰ ਉਹ 22 ਜਨਵਰੀ, 2021 ਤੱਕ ਉੱਥੇ ਰਿਹਾ।

photo

 

ਨਵੀਂ ਦਿੱਲੀ - ਦਿੱਲੀ ਦੇ ਇੱਕ ਪੰਜ ਸਿਤਾਰਾ ਹੋਟਲ ਨੇ ਦੋਸ਼ ਲਾਇਆ ਹੈ ਕਿ ਉਸ ਦੇ ਇੱਕ ਮਹਿਮਾਨ ਨੇ ਹੋਟਲ ਸਟਾਫ ਦੀ ਮਿਲੀਭੁਗਤ ਨਾਲ ਡੇਢ ਸਾਲ ਤੋਂ ਵੱਧ ਸਮੇਂ ਤੱਕ ਬਿਨ੍ਹਾਂ ਭੁਗਤਾਨ ਕੀਤੇ ਠਹਿਰੇ, ਜਿਸ ਨਾਲ ਹੋਟਲ ਨੂੰ ਕਥਿਤ ਤੌਰ 'ਤੇ 58 ਲੱਖ ਰੁਪਏ ਦਾ ਨੁਕਸਾਨ ਹੋਇਆ। 

ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ (ਆਈਜੀਆਈ) ਨੇੜੇ ਐਰੋਸਿਟੀ ਸਥਿਤ ਹੋਟਲ ਰੋਜ਼ੇਟ ਹਾਊਸ ਨੇ ਇਸ ਸਬੰਧੀ ਆਈਜੀਆਈ ਏਅਰਪੋਰਟ ਥਾਣੇ ਵਿੱਚ ਕੇਸ ਦਰਜ ਕਰਵਾਇਆ ਹੈ।

ਬਰਡ ਏਅਰਪੋਰਟ ਹੋਟਲ ਪ੍ਰਾਈਵੇਟ ਲਿਮਟਿਡ, ਜੋ ਰੋਜ਼ੇਟ ਦਾ ਸੰਚਾਲਨ ਕਰਦੀ ਹੈ, ਦੇ ਅਧਿਕਾਰਤ ਪ੍ਰਤੀਨਿਧੀ ਵਿਨੋਦ ਮਲਹੋਤਰਾ ਦੁਆਰਾ ਹਾਲ ਹੀ ਵਿਚ ਦਰਜ ਕਰਵਾਈ ਗਈ ਇੱਕ ਐਫਆਈਆਰ ਦੇ ਅਨੁਸਾਰ, ਅੰਕੁਸ਼ ਦੱਤਾ 58 ਲੱਖ ਰੁਪਏ ਦੇ ਖਰਚੇ 'ਤੇ 603 ਦਿਨ ਹੋਟਲ ਵਿਚ ਰਿਹਾ, ਪਰ ਜਾਣ ਵੇਲੇ ਕੋਈ ਭੁਗਤਾਨ ਨਹੀਂ ਕੀਤਾ। 

ਐਫਆਈਆਰ ਵਿਚ ਦੋਸ਼ ਲਾਇਆ ਗਿਆ ਹੈ ਕਿ ਹੋਟਲ ਦੇ 'ਫਰੰਟ ਆਫਿਸ ਡਿਪਾਰਟਮੈਂਟ' ਦੇ ਮੁਖੀ ਪ੍ਰੇਮ ਪ੍ਰਕਾਸ਼ ਨੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਦੱਤਾ ਨੂੰ ਲੰਬੇ ਸਮੇਂ ਤੱਕ ਹੋਟਲ ਵਿਚ ਰਹਿਣ ਦੀ ਇਜਾਜ਼ਤ ਦਿਤੀ।

ਐਫਆਈਆਰ ਦੇ ਅਨੁਸਾਰ, ਪ੍ਰਕਾਸ਼ ਨੂੰ ਹੋਟਲ ਦੇ ਕਮਰੇ ਦੇ ਕਿਰਾਏ ਦਾ ਫੈਸਲਾ ਕਰਨ ਲਈ ਅਧਿਕਾਰਤ ਕੀਤਾ ਗਿਆ ਸੀ ਅਤੇ ਉਸ ਕੋਲ ਹੋਟਲ ਦੇ ਕੰਪਿਊਟਰ ਸਿਸਟਮ ਤੱਕ ਪਹੁੰਚ ਸੀ ਜੋ ਸਾਰੇ ਮਹਿਮਾਨਾਂ ਦੇ ਬਕਾਏ ਨੂੰ ਟਰੈਕ ਕਰਦਾ ਸੀ।

ਐਫਆਈਆਰ ਵਿਚ ਕਿਹਾ ਗਿਆ ਹੈ, "ਅੰਕੁਸ਼ ਦੱਤਾ ਨੇ ਗਲਤ ਫਾਇਦਾ ਉਠਾਉਣ ਅਤੇ ਹੋਟਲ ਨੂੰ ਇਸ ਦੇ ਉਚਿਤ ਕਿਰਾਏ ਤੋਂ ਵਾਂਝੇ ਕਰਨ ਦੇ ਉਦੇਸ਼ ਨਾਲ ਪ੍ਰੇਮ ਪ੍ਰਕਾਸ਼ ਸਮੇਤ ਕੁਝ ਜਾਣੇ-ਪਛਾਣੇ ਅਤੇ ਅਣਜਾਣ ਹੋਟਲ ਕਰਮਚਾਰੀਆਂ ਨਾਲ ਇੱਕ ਅਪਰਾਧਿਕ ਸਾਜ਼ਿਸ਼ ਰਚੀ ਸੀ।"

ਹੋਟਲ ਨੇ ਦਾਅਵਾ ਕੀਤਾ ਕਿ ਦੱਤਾ ਨੇ 30 ਮਈ 2019 ਨੂੰ ਇੱਕ ਰਾਤ ਲਈ ਹੋਟਲ ਵਿੱਚ ਕਮਰਾ ਬੁੱਕ ਕਰਵਾਇਆ ਸੀ। ਉਸ ਨੇ ਦੋਸ਼ ਲਾਇਆ ਹੈ ਕਿ ਦੱਤਾ ਨੇ 31 ਮਈ, 2019 ਨੂੰ ਹੋਟਲ ਛੱਡਣਾ ਸੀ, ਪਰ ਉਹ 22 ਜਨਵਰੀ, 2021 ਤੱਕ ਉੱਥੇ ਰਿਹਾ।

ਹੋਟਲ ਨੇ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਖਾਤਿਆਂ ਨਾਲ ਛੇੜਛਾੜ ਕਰਕੇ ਭਰੋਸੇ ਦੀ ਉਲੰਘਣਾ, ਧੋਖਾਧੜੀ ਅਤੇ ਜਾਅਲਸਾਜ਼ੀ ਦਾ ਅਪਰਾਧ ਕੀਤਾ ਹੈ।