ਪੰਜਾਬੀ ਅਤੇ ਜੱਟ ਬੰਗਾਲੀਆਂ ਨਾਲੋਂ ਘੱਟ ਸਿਆਣੇ ਹੁੰਦੇ ਹਨ : ਤ੍ਰਿਪੁਰਾ ਦਾ ਮੁੱਖ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰੌਲਾ ਪੈਣ 'ਤੇ ਮੁੱਖ ਮੰਤਰੀ ਦੇਬ ਨੇ ਮੰਗੀ ਮਾਫ਼ੀ

Tripura CM Biplab Kumar Deb

ਅਗਰਤਲਾ, 21 ਜੁਲਾਈ : ਤ੍ਰਿਪੁਰਾ ਦੇ ਮੁੱਖ ਮੰਤਰੀ ਬਿਲੰਬ ਦੇਵ ਨੇ ਪੰਜਾਬ ਦੇ ਲੋਕਾਂ ਅਤੇ ਜੱਟਾਂ ਦੀ ਤੁਲਨਾ ਬੰਗਾਲ ਦੇ ਲੋਕਾਂ ਨਾਲ ਕਰਨ ਵਾਲੇ ਅਪਣੇ ਬਿਆਨਾਂ ਲਈ ਮਾਫ਼ੀ ਮੰਗ ਲਈ ਹੈ ਅਤੇ ਕਿਹਾ ਕਿ ਉਨ੍ਹਾਂ ਦਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਣ ਦਾ ਨਹੀਂ ਸੀ। ਦੇਬ ਇਹ ਕਹਿ ਕੇ ਮੁੜ ਵਿਵਾਦਾਂ ਵਿਚ ਘਿਰ ਗਏ ਕਿ ਪੰਜਾਬੀ ਤੇ ਜੱਟ ਭਾਈਚਾਰੇ ਦੇ ਲੋਕ ਸਰੀਰਕ ਰੂਪ ਵਿਚ ਮਜ਼ਬੂਤ ਹੁੰਦੇ ਹਨ ਪਰ ਉਹ ਘੱਟ ਸਿਆਣੇ ਹੁੰਦੇ ਹਨ ਜਦਕਿ ਬੰਗਾਲ ਦੇ ਲੋਕ ਸਿਆਣੇ ਹੁੰਦੇ ਹਨ।

ਦੇਬ ਨੇ ਮੰਗਲਵਾਰ ਸਵੇਰੇ ਟਵਿਟਰ 'ਤੇ ਅਪਣੇ ਬਿਆਨ ਲਈ ਮਾਫ਼ੀ ਮੰਗੀ ਅਤੇ ਕਿਹਾ ਕਿ ਉਸ ਦੇ ਕਈ ਦੋਸਤ ਪੰਜਾਬ ਦੇ ਹਨ ਅਤੇ ਜੱਟ ਹਨ ਤੇ ਉਸ ਨੂੰ ਦੋਹਾਂ ਭਾਈਚਾਰਿਆਂ ਦੇ ਲੋਕਾਂ 'ਤੇ ਮਾਣ ਹੈ। ਉਨ੍ਹਾਂ ਕਿਹਾ, 'ਦੇਸ਼ ਦੇ ਆਜ਼ਾਦੀ ਸੰਘਰਸ਼ ਵਿਚ ਪੰਜਾਬੀਆਂ ਅਤੇ ਜੱਟਾਂ ਦੇ ਯੋਗਦਾਨ ਨੂੰ ਮੈਂ ਸਲਾਮ ਕਰਦਾ ਹਾਂ ਅਤੇ ਭਾਰਤ ਨੂੰ ਅੱਗੇ ਵਧਾਉਣ ਵਿਚ ਇਨ੍ਹਾਂ ਦੋਹਾਂ ਭਾਈਚਾਰਿਆਂ ਨੇ ਜਿਹੜੀ ਭੂਮਿਕਾ ਨਿਭਾਈ ਹੈ, ਉਸ 'ਤੇ ਸਵਾਲ ਖੜਾ ਕਰਨ ਬਾਰੇ ਤਾਂ ਮੈਂ ਕਦੇ ਕਲਪਨਾ ਵੀ ਨਹੀਂ ਕਰ ਸਕਦਾ।' ਦੇਬ ਨੇ ਟਵਿਟਰ 'ਤੇ ਕਿਹਾ, 'ਮੇਰੇ ਕਈ ਦੋਸਤ ਇਸੇ ਤਬਕੇ ਦੇ ਹਨ।

ਜੇ ਮੇਰੇ ਬਿਆਨ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਸ ਲਈ ਮੈਂ ਨਿਜੀ ਰੂਪ ਵਿਚ ਮਾਫ਼ੀ ਮੰਗਦਾ ਹਾਂ।' ਉਨ੍ਹਾਂ ਕਿਹਾ, 'ਅਗਰਤਲਾ ਪ੍ਰੈਸ ਕਲੱਬ ਵਿਚ ਹੋਏ ਪ੍ਰੋਗਰਾਮ ਵਿਚ ਮੈਂ ਅਪਣੇ ਪੰਜਾਬੀ ਅਤੇ ਜੱਟ ਭਰਾਵਾਂ ਬਾਰੇ ਕੁੱਝ ਲੋਕਾਂ ਦੀ ਸੋਚ ਦਾ ਜ਼ਿਕਰ ਕੀਤਾ ਸੀ। ਮੇਰੀ ਧਾਰਨਾ ਕਿਸੇ ਵੀ ਸਮਾਜ ਨੂੰ ਠੇਸ ਪਹੁੰਚਾਣ ਦੀ ਨਹੀਂ ਸੀ। ਮੈਨੂੰ ਪੰਜਾਬੀਆਂ ਅਤੇ ਜੱਟਾਂ ਦੋਹਾਂ 'ਤੇ ਮਾਣ ਹੈ। ਮੈਂ ਖ਼ੁਦ ਵੀ ਕਾਫ਼ੀ ਸਮੇਂ ਇਨ੍ਹਾਂ ਨਾਲ ਰਿਹਾ ਹਾਂ।'

ਉਨ੍ਹਾਂ ਕਲ ਕਿਹਾ ਸੀ ਕਿ ਭਾਰਤ ਵਿਚ ਹਰ ਤਬਕਾ ਕਿਸੇ ਨਾ ਕਿਸੇ ਖ਼ਾਸੀਅਤ ਲਈ ਜਾਣਿਆ ਜਾਂਦਾ ਹੈ। ਕਾਂਗਰਸ ਨੇ ਮੁੱਖ ਮੁੱਖ ਮੰਤਰੀ ਦੇ ਇਸ ਬਿਆਨ ਨੂੰ ਸ਼ਰਮਨਾਕ ਅਤੇ ਮੰਦਭਾਗਾ ਕਰਾਰ ਦਿਤਾ ਹੈ। ਦੇਬ ਦੇ ਬਿਆਨ ਦੀ ਵੀਡੀਉ ਕਲਿਪ ਸੋਸ਼ਲ ਮੀਡੀਆ ਵਿਚ ਫੈਲ ਗਈ ਸੀ।       (ਏਜੰਸੀ)