ਕੋਰੋਨਾ ਸੰਕਟ: ਮਹਾਂਮਾਰੀ ਦੇ ਪਹਿਲੇ 14 ਮਹੀਨਿਆਂ ਦੌਰਾਨ 21 ਦੇਸ਼ਾਂ ਦੇ 15 ਲੱਖ ਬੱਚੇ ਹੋਏ ਯਤੀਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ’ਚ 25,500 ਬੱਚਿਆਂ ਨੇ ਗਵਾਈ ਮਾਂ, 90,751 ਨੇ ਪਿਤਾ ਤੇ 12 ਬੱਚਿਆਂ ਨੇ ਮਾਂ-ਬਾਪ ਦੋਵੇਂ ਗਵਾਏ

File Photo

ਵਾਸ਼ਿੰਗਟਨ : ਕੋਰੋਨਾ ਵਾਇਰਸ ਮਹਾਂਮਾਰੀ ਦੇ ਪਹਿਲੇ 14 ਮਹੀਨਿਆਂ ਦੌਰਾਨ ਭਾਰਤ ਦੇ 1,19,000 ਬੱਚਿਆਂ ਸਮੇਤ 21 ਦੇਸ਼ਾਂ ਵਿਚ 15 ਲੱਖ ਤੋਂ ਵੱਧ ਬੱਚਿਆਂ ਨੇ ਕੋਰੋਨਾ ਕਾਰਨ ਅਪਣੇ ਮਾਤਾ-ਪਿਤਾ ਜਾਂ ਉਨ੍ਹਾਂ ਮਾਪਿਆਂ ਨੂੰ ਗਵਾ ਦਿਤਾ ਜੋ ਉਨ੍ਹਾਂ ਦੀ ਦੇਖਭਾਲ ਕਰਦੇ ਸਨ। ਨੈਸ਼ਨਲ ਇੰਸਟੀਚਿਊਟ ਆਨ ਡਰੱਗ ਐਬਊਜ਼ (ਐਨਆਈਡੀਏ) ਅਤੇ ਨੈਸ਼ਨਨ ਇੰਸਟੀਚਿਊਟ ਆਫ਼ ਹੈਲਥ (ਐਨਆਈਐਚ) ਦੇ ਅਧਿਐਨ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ 25,500 ਬੱਚਿਆਂ ਨੇ ਕੋਵਿਡ-19 ਕਾਰਨ ਅਪਣੀ ਮਾਂ ਨੂੰ ਗਵਾ ਦਿਤਾ ਜਦਕਿ 90,751 ਬੱਚਿਆਂ ਨੇ ਅਪਣੇ ਪਿਤਾ ਨੂੰ ਅਤੇ 12 ਬੱਚਿਆਂ ਨੇ ਮਾਤਾ-ਪਿਤਾ ਦੋਹਾਂ ਨੂੰ ਗਵਾ ਦਿਤਾ।

ਇਸ ਅਧਿਐਨ ਦੇ ਮੁਲਾਂਕਣ ਮੁਤਾਬਕ ਦੁਨੀਆਂ ਭਰ ਵਿਚ 11,34,000 ਬੱਚਿਆਂ ਨੇ ਅਪਣੇ ਮਾਤਾ-ਪਿਤਾ ਜਾਂ ਸਰਪ੍ਰਸਤ ਦਾਦਾ-ਦਾਦੀ/ਨਾਨਾ-ਨਾਨੀ ਨੂੰ ਕੋਵਿਡ ਕਾਰਨ ਗਵਾ ਦਿਤਾ। ਇਹਨਾਂ ਵਿਚੋਂ 10,42,000 ਬੱਚਿਆਂ ਨੇ ਆਪਣੀ ਮਾਂ, ਪਿਤਾ ਜਾਂ ਦੋਹਾਂ ਨੂੰ ਗਵਾ ਦਿਤਾ। ਜ਼ਿਆਦਾਤਰ ਬੱਚਿਆਂ ਨੇ ਮਾਤਾ-ਪਿਤਾ ਵਿਚੋਂ ਕਿਸੇ ਇਕ ਨੂੰ ਗਵਾਇਆ ਹੈ। ਏ.ਆਈ.ਐੱਚ. ਨੇ ਇਕ ਮੀਡੀਆ ਬਿਆਨ ਵਿਚ ਕਿਹਾ ਕਿ ਕੁੱਲ ਮਿਲਾ ਕੇ 15,62,000 ਬੱਚਿਆਂ ਨੇ ਮਾਤਾ-ਪਿਤਾ ਵਿਚੋਂ ਘੱਟੋ-ਘੱਟ ਇਕ ਜਾਂ ਦੇਖਭਾਲ ਕਰਨ ਵਾਲੇ ਲੋਕਾਂ ਵਿਚੋਂ ਕਿਸੇ ਇਕ ਨੂੰ ਜਾਂ ਅਪਣੇ ਨਾਲ ਰਹਿ ਰਹੇ ਦਾਦਾ-ਦਾਦੀ/ਨਾਨਾ-ਨਾਨੀ ਜਾਂ ਹੋਰ ਬਜ਼ੁਰਗ ਰਿਸ਼ਤੇਦਾਰ ਨੂੰ ਗਵਾ ਦਿਤਾ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਿਹੜੇ ਦੇਸ਼ਾਂ ਵਿਚ ਸੱਭ ਤੋਂ ਵੱਧ ਬੱਚਿਆਂ ਨੇ ਮਾਤਾ-ਪਿਤਾ ਵਿਚੋਂ ਕਿਸੇ ਇਕ ਜਾਂ ਦੋਹਾਂ ਨੂੰ ਗਵਾਇਆ ਹੈ ਉਨ੍ਹਾਂ ਵਿਚ ਦਖਣੀ ਅਫ਼ਰੀਕਾ, ਪੇਰੂ, ਅਮਰੀਕਾ, ਭਾਰਤ, ਬ੍ਰਾਜ਼ੀਲ ਅਤੇ ਮੈਕਸੀਕੋ ਸ਼ਾਮਲ ਹਨ। ਦੇਖਭਾਲ ਕਰਨ ਵਾਲੇ ਮੁਢਲੇ ਲੋਕਾਂ ਵਿਚ ਕੋਵਿਡ ਕਾਰਨ ਮੌਤ ਦੀ ਦਰ ਵਾਲੇ ਦੇਸ਼ਾਂ ਵਿਚ ਪੇਰੂ, ਦਖਣੀ ਅਫ਼ਰੀਕਾ, ਮੈਕਸੀਕੋ, ਕੋਲੰਬੀਆ, ਈਰਾਨ, ਅਮਰੀਕਾ, ਅਰਜਨਟੀਨਾ ਅਤੇ ਰੂਸ ਸ਼ਾਮਲ ਹਨ। ਐੱਨ.ਆਈ.ਡੀ.ਏ. ਦੀ ਨਿਰਦੇਸ਼ਕ ਮੋਰਾ ਡੀ ਵੋਲਕੋਵ ਨੇ ਕਿਹਾ,‘‘ਮਾਤਾ-ਪਿਤਾ ਜਾਂ ਦੇਖਭਾਲ ਕਰਨ ਵਾਲੇ ਵਿਅਕਤੀ ਨੂੰ ਗਵਾਉਣ ਤੋਂ ਬਾਅਦ ਕੋਈ ਵੀ ਬੱਚਾ ਭਿਆਨਕ ਤਣਾਅ ਵਿਚੋਂ ਲੰਘਦਾ ਹੈ।

ਇਸ ਦੇ ਸਬੂਤਾਂ ਦੇ ਆਧਾਰ ’ਤੇ ਸਮਾਂ ਰਹਿੰਦੇ ਕੁਝ ਕਦਮ ਚੁੱਕੇ ਜਾ ਸਕਦੇ ਹਨ ਜੋ ਅੱਗੇ ਹਾਲਾਤ ਨੂੰ ਹੋਰ ਵਿਗੜਨ ਤੋਂ ਰੋਕ ਸਕਦੇ ਹਨ। ਜਿਵੇਂ ਕਿ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨਾ। ਸਾਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਬੱਚੇ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਦੂਰ ਰਹਿਣ।’’ ਰਿਪੋਰਟ ਮੁਤਾਬਕ 2898 ਭਾਰਤੀ ਬੱਚਿਆਂ ਨੇ ਅਪਣੇ ਸਰਪ੍ਰਸਤ ਦਾਦਾ-ਦਾਦੀ ਨਾਨਾ-ਨਾਨੀ ਨੂੰ ਗਵਾ ਦਿਤਾ, ਜਦਕਿ 9 ਬੱਚਿਆਂ ਨੇ ਇਨ੍ਹਾਂ ਵਿਚੋਂ ਦੋਹਾਂ ਨੂੰ ਗਵਾ ਦਿਤਾ। ਰਿਪੋਰਟ ਦਾ ਕਹਿਣਾ ਹੈ ਕਿ ਮੌਤ ਵਿਚ ਲਿੰਗ ਅਤੇ ਉਮਰ ਦਾ ਪਤਾ ਲਗਾਉਣ ’ਤੇ ਅਸੀਂ ਦੇਖਿਆ ਕਿ ਦਖਣੀ ਅਫ਼ਰੀਕਾ ਨੂੰ ਛੱਡ ਕੇ ਬਾਕੀ ਦੇਸ਼ਾਂ ਵਿਚ ਔਰਤਾਂ ਦੇ ਮੁਕਾਬਲੇ ਪੁਰਸ਼ਾਂ ਦੀ ਮੌਤ ਜ਼ਿਆਦਾ ਹੋਈ, ਖ਼ਾਸ ਤੌਰ ’ਤੇ ਅੱਧਖੜ ਉਮਰ ਦੇ ਅਤੇ ਬਜ਼ੁਰਗ ਮਾਪਿਆਂ ਦੀ।’’  

ਭਾਰਤ ’ਚ ਕੋਰੋਨਾ ਕਾਰਨ ਕਰੀਬ 50 ਲੱਖ ਮੌਤਾਂ, ਆਜ਼ਾਦੀ ਤੋਂ ਬਾਅਦ ਸੱਭ ਤੋਂ ਵੱਡਾ ਮਨੁੱਖੀ ਦੁਖਾਂਤ
ਨਵੀਂ ਦਿੱਲੀ : ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦੇ ਸੰਭਾਵਤ ਖ਼ਤਰੇ ਨਾਲ ਜੂਝ ਰਿਹਾ ਭਾਰਤ ਦੂਜੀ ਲਹਿਰ ਵਿਚ ਹੀ ਕੋਰੋਨਾ ਦਾ ਭਿਆਨਕ ਰੂਪ ਦੇਖ ਚੁਕਾ ਹੈ। ਦੁਨੀਆਂ ਭਰ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਭਾਰਤ ਦੂਜੇ ਨੰਬਰ ’ਤੇ ਹੈ ਜਦਕਿ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਿਚ ਭਾਰਤ ਦਾ ਤੀਜਾ ਨੰਬਰ ਹੈ। ਵਰਲਡੋਮੀਟਰ ਮੁਤਾਬਕ ਭਾਰਤ ਵਿਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ ਤਿੰਨ ਕਰੋੜ 12 ਲੱਖ ਤੋਂ ਜ਼ਿਆਦਾ ਹੈ ਜਦਕਿ ਕੋਰੋਨਾ ਵਾਇਰਸ ਕਾਰਨ ਹੁਣ ਤਕ 4 ਲੱਖ 14 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁਕੀ ਹੈ।

ਇਸ ਦੌਰਾਨ ਇਕ ਅਮਰੀਕੀ ਅਧਿਐਨ ਵਿਚ ਹੈਰਾਨੀਜਨਕ ਜਾਣਕਾਰੀ ਸਾਹਮਣੇ ਆਈ ਹੈ। ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਵਿਚ ਕੋਰੋਨਾ ਕਾਰਨ 34 ਤੋਂ 49 ਲੱਖ ਲੋਕਾਂ ਦੀ ਮੌਤ ਹੋਈ ਹੈ। ਇਹ ਗਿਣਤੀ ਭਾਰਤ ਸਰਕਾਰ ਦੇ ਅੰਕੜਿਆਂ ਨਾਲੋਂ 10 ਗੁਣਾ ਜ਼ਿਆਦਾ ਹੈ। ਰਿਪੋਰਟ ਨੂੰ ਤਿਆਰ ਕਰਨ ਵਾਲੇ ਲੋਕਾਂ ਵਿਚ ਚਾਰ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁੱਖ ਆਰਥਕ ਸਲਾਹਕਾਰ ਰਹੇ ਅਰਵਿੰਦ ਸੁਬਰਾਮਨੀਅਮ ਵੀ ਸ਼ਾਮਲ ਹਨ। ਵਾਸ਼ਿੰਗਟਨ ਦੀ ਇਕ ਅਧਿਐਨ ਸੰਸਥਾ ਸੈਂਟਰ ਫ਼ਾਰ ਗਲੋਬਲ ਡਿਵੈਲਪਮੈਂਟ ਵਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ ਇਸ ਰਿਪੋਰਟ ਵਿਚ ਸਰਕਾਰੀ ਅੰਕੜਿਆਂ, ਅੰਤਰਰਾਸ਼ਟਰੀ ਅੰਦਾਜ਼ਿਆਂ, ਸੇਰੋਲੋਜੀਕਲ ਰਿਪੋਰਟਾਂ ਅਤੇ ਘਰੇਲੂ ਸਰਵੇਖਣਾਂ ਨੂੰ ਆਧਾਰ ਬਣਾਇਆ ਗਿਆ ਹੈ।

ਅਰਵਿੰਦ ਸੁਬਰਾਮਣੀਅਮ, ਅਭਿਸ਼ੇਕ ਆਨੰਦ ਅਤੇ ਜਸਟਿਨ ਸੈਂਡਫਰ ਨੇ ਦਾਅਵਾ ਕੀਤਾ ਹੈ ਕਿ ਮਿ੍ਰਤਕਾਂ ਦੀ ਅਸਲ ਗਿਣਤੀ ਕੁੱੁਝ ਹਜ਼ਾਰ ਜਾਂ ਲੱਖ ਵਿਚ ਨਹੀਂ ਹੈ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵਲੋਂ ਜਾਰੀ ਕੀਤੇ ਗਏ ਅੰਕੜਿਆਂ ’ਤੇ ਪਹਿਲਾਂ ਹੀ ਸਵਾਲ ਚੁੱਕੇ ਜਾ ਰਹੇ ਹਨ। ਅਮਰੀਕੀ ਅਧਿਐਨ ਵਿਚ ਕਿਹਾ ਗਿਆ ਹੈ ਕਿ ਜਨਵਰੀ 2020 ਅਤੇ ਜੂਨ 2021 ਵਿਚਾਲੇ ਭਾਰਤ ਵਿਚ ਕੋਵਿਡ -19 ਕਾਰਨ ਲਗਭਗ 50 ਲੱਖ (4.9 ਮਿਲੀਅਨ) ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਇਹ ਦੇਸ਼ ਦੀ ਵੰਡ ਅਤੇ ਆਜ਼ਾਦੀ ਤੋਂ ਬਾਅਦ ਦੇਸ਼ ਦੀ ਸੱਭ ਤੋਂ ਵੱਡੀ ਮਨੁੱਖੀ ਦੁਖਾਂਤ ਬਣ ਗਈ।  

ਰਿਪੋਰਟ ਵਿਚ ਦਾਅਵਾ ਕੀਤਾ ਗਿਆ ਸੀ ਕਿ ਪਹਿਲੀ ਲਹਿਰ ਉਮੀਦ ਨਾਲੋਂ ਜ਼ਿਆਦਾ ਘਾਤਕ ਸੀ। ਆਕਸੀਜਨ, ਬਿਸਤਰੇ ਅਤੇ ਟੀਕਿਆਂ ਦੀ ਘਾਟ ਕਾਰਨ ਦੂਜੀ ਲਹਿਰ ਵਿਚ ਹਜ਼ਾਰਾਂ ਦੀ ਮੌਤ ਹੋ ਗਈ, ਪਰ ਮਾਰਚ 2020 ਤੋਂ ਫਰਵਰੀ 2021 ਤਕ ਮਹਾਂਮਾਰੀ ਦੀ ਪਹਿਲੀ ਲਹਿਰ ਦੇ ਅੰਕੜੇ ਅਸਲ ਸਮੇਂ ਵਿਚ ਇਕੱਤਰ ਨਹੀਂ ਕੀਤੇ ਗਏ। ਇਹ ਬਿਲਕੁਲ ਸੰਭਵ ਹੈ ਕਿ ਉਸ ਸਮੇਂ ਦੌਰਾਨ ਮਾਰੇ ਗਏ ਲੋਕਾਂ ਦੀ ਗਿਣਤੀ ਦੂਜੀ ਲਹਿਰ ਜਿੰਨੀ ਭਿਆਨਕ ਹੋਵੇਗੀ। ਅੱਜ ਵੀ ਦੇਸ਼ ਵਿਚ ਸੱਤ ਫ਼ੀਸਦ ਤੋਂ ਘੱਟ ਆਬਾਦੀ ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਗਿਆ ਹੈ।