ਹਰਿਆਣਾ 'ਚ ਨੌਜਵਾਨ ਦਾ ਸ਼ਰੇਆਮ ਗੋਲੀਆਂ ਮਾਰ ਕੇ ਕੀਤਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਮਾਮਲੇ ਦੀ ਕਰ ਰਹੀ ਹੈ ਜਾਂਚ

photo

 

ਫਰੀਦਾਬਾਦ:  ਹਰਿਆਣਾ ਦੇ ਫਰੀਦਾਬਾਦ ਵਿੱਚ ਕਾਰ ਸਵਾਰ ਬਦਮਾਸ਼ਾਂ ਦੀ ਦਹਿਸ਼ਤ ਦੇਖਣ ਨੂੰ ਮਿਲੀ ਹੈ। ਬਦਮਾਸ਼ਾਂ ਨੇ ਵੀਰਵਾਰ ਨੂੰ 25 ਸਾਲਾ ਨੌਜਵਾਨ ਦੀ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ, ਜਦਕਿ ਕਤਲ ਦੇ ਵਿਰੋਧ 'ਚ ਸਥਾਨਕ ਲੋਕਾਂ ਨੇ ਬਾਜ਼ਾਰ ਬੰਦ ਰੱਖਿਆ।

 

 

ਘਟਨਾ ਫਰੀਦਾਬਾਦ ਦੇ ਛਾਇਆਸਾ ਪਿੰਡ ਦੀ ਹੈ, ਜਿੱਥੇ ਘਰੋਂ ਬਾਹਰ ਨਿਕਲੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਆਪਣੇ ਦੋ ਭਤੀਜਿਆਂ ਨਾਲ ਘਰ ਦੇ ਬਾਹਰ ਬੈਠਾ ਸੀ, ਉਦੋਂ ਹੀ ਹਮਲਾਵਰਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਮਾਮਲੇ ਦੀ ਸੂਚਨਾ ਮਿਲਦੇ ਹੀ ਪੂਰੇ ਪਿੰਡ 'ਚ ਹੜਕੰਪ ਮੱਚ ਗਿਆ। ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਹੁਣ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦਾ ਦਾਅਵਾ ਕਰ ਰਹੇ ਹਨ।

 

 ਮਾਰੇ ਗਏ ਨੌਜਵਾਨ ਦਾ ਨਾਂ ਰਾਹੁਲ ਦੱਸਿਆ ਜਾ ਰਿਹਾ ਹੈ। ਹਮਲਾਵਰਾਂ ਨੇ ਰਾਹੁਲ 'ਤੇ ਗੋਲੀਆਂ ਚਲਾ ਦਿੱਤੀਆਂ। ਫਾਇਰਿੰਗ ਕਰਨ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਉਸੇ ਸਮੇਂ ਗੋਲੀਆਂ ਦੀ ਆਵਾਜ਼ ਸੁਣ ਕੇ ਮੌਕੇ 'ਤੇ ਪਹੁੰਚੇ ਪਿੰਡ ਵਾਸੀਆਂ ਨੇ ਰਾਹੁਲ ਨੂੰ ਹਸਪਤਾਲ ਪਹੁੰਚਾਇਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਰੇ ਉੱਚ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਫੋਰੈਂਸਿਕ ਟੀਮ ਦੀ ਮਦਦ ਨਾਲ ਜਾਂਚ ਸ਼ੁਰੂ ਕੀਤੀ ਗਈ। ਪੁਲਿਸ ਅਧਿਕਾਰੀਆਂ ਨੇ ਪਿੰਡ ਵਾਸੀਆਂ ਦੇ ਬਿਆਨ ਲਏ ਹਨ, ਤਾਂ ਜੋ ਕਤਲ ਦਾ ਕੋਈ ਸੁਰਾਗ ਮਿਲ ਸਕੇ।