INS Brahmaputra ’ਚ ਅੱਗ ਲੱਗੀ, ਮਲਾਹ ਲਾਪਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਕ ਪਾਸੇ ਝੁਕਿਆ INS Brahmaputra, ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਜਹਾਜ਼ ਨੂੰ ਸਿੱਧਾ ਨਹੀਂ ਕੀਤਾ ਜਾ ਸਕਿਆ

INS Brahmaputra

ਮੁੰਬਈ: ਮੁੰਬਈ ਬੰਦਰਗਾਹ ’ਤੇ ਸਮੁੰਦਰੀ ਫ਼ੌਜ ਦੇ ਬਹੁਮੰਤਵੀ ਜੰਗੀ ਜਹਾਜ਼ ‘INS Brahmaputra’ ’ਚ ਅੱਗ ਲੱਗਣ ਕਾਰਨ ਇਕ ਮਲਾਹ ਲਾਪਤਾ ਹੋ ਗਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। 

ਇਕ ਬਿਆਨ ’ਚ ਕਿਹਾ ਗਿਆ, ‘‘ਭਾਰਤੀ ਸਮੁੰਦਰੀ ਫ਼ੌਜ ਦੇ ਬਹੁਮੰਤਵੀ ਜੰਗੀ ਜਹਾਜ਼ ‘ਆਈ.ਐਨ.ਐਸ. ਬ੍ਰਹਮਪੁੱਤਰ’ ’ਚ 21 ਜੁਲਾਈ ਦੀ ਸ਼ਾਮ ਨੂੰ ਉਸ ਸਮੇਂ ਅੱਗ ਲੱਗ ਗਈ ਸੀ ਜਦੋਂ ਇਹ ਮੁੰਬਈ ਦੇ ਨੇਵਲ ਸ਼ਿਪ ਸਟੇਸ਼ਨ ’ਤੇ ਰੱਖ-ਰਖਾਅ ਕਰ ਰਿਹਾ ਸੀ।’’

ਇਸ ’ਚ ਕਿਹਾ ਗਿਆ, ‘‘ਜਹਾਜ਼ ਦੇ ਚਾਲਕ ਦਲ ਨੇ ਫਾਇਰ ਬ੍ਰਿਗੇਡ ਮੁਲਾਜ਼ਮਾਂ ਦੀ ਮਦਦ ਨਾਲ 22 ਜੁਲਾਈ ਦੀ ਸਵੇਰ ਤਕ ਅੱਗ ’ਤੇ ਕਾਬੂ ਪਾ ਲਿਆ।’’

ਬਿਆਨ ’ਚ ਕਿਹਾ ਗਿਆ ਹੈ ਕਿ ਸੋਮਵਾਰ ਦੁਪਹਿਰ ਨੂੰ ਜਹਾਜ਼ ਇਕ ਪਾਸੇ (ਬੰਦਰਗਾਹ ਵਲ) ਝੁਕਿਆ ਹੋਇਆ ਸੀ। ਇਸ ’ਚ ਕਿਹਾ ਗਿਆ, ‘‘ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਜਹਾਜ਼ ਨੂੰ ਸਿੱਧਾ ਨਹੀਂ ਕੀਤਾ ਜਾ ਸਕਿਆ। ਜਹਾਜ਼ ਅਪਣੇ ਲੰਗਰ ਦੇ ਨੇੜੇ ਹੋਰ ਵੀ ਝੁਕਿਆ ਹੋਇਆ ਹੈ ਅਤੇ ਇਸ ਸਮੇਂ ਇਕ ਪਾਸੇ ਟਿਕਿਆ ਹੋਇਆ ਹੈ।

ਬਿਆਨ ’ਚ ਕਿਹਾ ਗਿਆ, ‘‘ਇਕ ਜੂਨੀਅਰ ਮਲਾਹ ਨੂੰ ਛੱਡ ਕੇ ਸਾਰੇ ਮੁਲਾਜ਼ਮਾਂ ਦਾ ਪਤਾ ਲਗਾ ਲਿਆ ਗਿਆ ਹੈ ਅਤੇ ਲਾਪਤਾ ਮਲਾਹ ਦੀ ਭਾਲ ਜਾਰੀ ਹੈ। ਭਾਰਤੀ ਸਮੁੰਦਰੀ ਫ਼ੌਜ ਨੇ ਇਸ ਘਟਨਾ ਦੀ ਜਾਂਚ ਦੇ ਹੁਕਮ ਦਿਤੇ ਹਨ।’’