ਕੇਰਲਾ ਵਾਸਤੇ ਵੇਸਵਾਵਾਂ ਨੇ 21 ਹਜ਼ਾਰ ਰੁਪਏ ਭੇਜੇ, ਹੋਰ ਇਕ ਲੱਖ ਭੇਜਣਗੀਆਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰ ਦੇ ਇਸ ਸ਼ਹਿਰ ਦੀਆਂ ਵੇਸਵਾਵਾਂ ਨੇ ਕੇਰਲਾ ਦੇ ਹੜ੍ਹ ਪੀੜਤਾਂ ਲਈ 21 ਹਜ਼ਾਰ ਰੁਪਏ ਦਾਨ ਵਜੋਂ ਭੇਜੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਇਕ ਲੱਖ ਰੁਪਇਆ.........

Money

ਅਹਿਮਦਨਗਰ : ਮਹਾਰਾਸ਼ਟਰ ਦੇ ਇਸ ਸ਼ਹਿਰ ਦੀਆਂ ਵੇਸਵਾਵਾਂ ਨੇ ਕੇਰਲਾ ਦੇ ਹੜ੍ਹ ਪੀੜਤਾਂ ਲਈ 21 ਹਜ਼ਾਰ ਰੁਪਏ ਦਾਨ ਵਜੋਂ ਭੇਜੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਇਕ ਲੱਖ ਰੁਪਇਆ ਦੇਣਗੀਆਂ। ਵੇਸਵਾਵਾਂ ਲਈ ਕੰਮ ਕਰਨ ਵਾਲੀ ਗ਼ੈਰ-ਸਰਕਾਰੀ ਸੰਸਥਾ ਦੇ ਅਹੁਦੇਦਾਰ ਨੇ ਦਸਿਆ ਕਿ ਕੁੱਝ ਵੇਸਵਾਵਾਂ ਨੇ ਆਪਸ ਵਿਚ ਪੈਸੇ ਇਕੱਠੇ ਕਰ ਕੇ 21 ਹਜ਼ਾਰ ਰੁਪਏ ਦਾ ਚੈੱਕ ਪ੍ਰਧਾਨ ਮੰਤਰੀ ਰਾਹਤ ਫ਼ੰਡ ਦੇ ਨਾਂ 'ਤੇ ਬਣਵਾਇਆ ਅਤੇ ਡਿਪਟੀ ਕੁਲੈਕਟਰ ਪ੍ਰਸ਼ਾਂਤ ਪਾਟਿਲ ਨੂੰ ਦਿਤਾ। ਸੰਸਥਾ ਦੇ ਦੀਪਕ ਬੁਰਮ ਨੇ ਦਸਿਆ ਕਿ ਇਹ ਸਾਰੀਆਂ ਔਰਤਾਂ ਇਸ ਮਹੀਨੇ ਦੇ ਅਖ਼ੀਰ ਤਕ ਇਕ ਲੱਖ ਰੁਪਇਆ ਹੋਰ ਇਕੱਠਾ ਕਰ ਕੇ ਹੜ੍ਹ ਪੀੜਤਾਂ ਲਈ ਭੇਜਣਗੀਆਂ।

ਪਹਿਲਾਂ ਵੀ ਵੇਸਵਾਵਾਂ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਆਈਆਂ ਕੁਦਰਤੀ ਆਫ਼ਤਾਂ ਦੇ ਪੀੜਤਾਂ ਦੀ ਵਿੱਤੀ ਮਦਦ ਕੀਤੀ ਹੈ। ਦਸੰਬਰ 2015 ਵਿਚ ਇਨ੍ਹਾਂ ਨੇ ਚੇਨਈ ਦੇ ਮੀਂਹ ਪ੍ਰਭਾਵਤ ਇਲਾਕਿਆਂ ਵਿਚ ਰਾਹਤ ਕਾਰਜਾਂ ਲਈ ਇਕ ਲੱਖ ਰੁਪਏ ਦਾਨ ਕੀਤੇ ਸਨ। ਹੁਣ ਤਕ ਇਨ੍ਹਾਂ ਨੇ ਵੱਖ ਵੱਖ ਕੰਮਾਂ ਵਾਸਤੇ 27 ਲੱਖ ਰੁਪਏ ਦਾਨ ਵਜੋਂ ਦਿਤੇ ਹਨ। ਇਸ ਵਿਚ ਗੁਜਰਾਤ ਦੇ ਭੂਚਾਲ, ਸੁਨਾਮੀ, ਕਸ਼ਮੀਰ ਅਤੇ ਬਿਹਾਰ ਹੜ੍ਹ ਪੀੜਤਾਂ, ਕਾਰਗਿਲ ਜੰਗ ਦੇ ਜੰਗੀ ਨਾਇਕਾਂ ਦੇ ਪਰਵਾਰਾਂ ਲਈ ਭੇਜੀ ਗਈ ਸਹਾਇਤਾ ਰਾਸ਼ੀ ਸ਼ਾਮਲ ਹਨ। (ਪੀਟੀਆਈ)