ਹੋਰ ਗਰਮਾਉਣ ਲੱਗਾ ਰਵੀਦਾਸ ਮੰਦਰ ਤੋੜੇ ਜਾਣ ਦਾ ਮਾਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤੁਗ਼ਲਕਾਬਾਦ 'ਚ ਭੜਕੇ ਦਲਿਤਾਂ ਵੱਲੋਂ ਪੱਥਰਬਾਜ਼ੀ, ਕਈ ਵਾਹਨ ਸਾੜੇ

ਹੋਰ ਗਰਮਾਉਣ ਲੱਗਾ ਰਵੀਦਾਸ ਮੰਦਰ ਤੋੜੇ ਜਾਣ ਦਾ ਮਾਮਲਾ

ਨਵੀਂ ਦਿੱਲੀ- ਦਿੱਲੀ ਦੇ ਤੁਗ਼ਲਕਾਬਾਦ ਇਲਾਕੇ ਵਿਚ ਰਵੀਦਾਸ ਮੰਦਰ ਤੋੜੇ ਜਾਣ ਦਾ ਮਾਮਲਾ ਸ਼ਾਂਤ ਹੁੰਦਾ ਨਜ਼ਰ ਨਹੀਂ ਆ ਰਿਹਾ। ਬੁੱਧਵਾਰ ਨੂੰ ਰਾਮਲੀਲਾ ਮੈਦਾਨ ਵਿਚ ਰੈਲੀ ਕਰਨ ਮਗਰੋਂ ਨਾਰਾਜ਼ ਦਲਿਤ ਸਮਾਜ ਦੇ ਲੋਕਾਂ ਨੇ ਤੁਗ਼ਲਕਾਬਾਦ ਵਿਚ ਹਿੰਸਾ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਭੜਕੇ ਲੋਕਾਂ ਨੇ ਜਮ ਕੇ ਪੱਥਰਬਾਜ਼ੀ ਕੀਤੀ। ਵਾਹਨਾਂ ਦੀ ਭੰਨਤੋੜ ਕੀਤੀ, ਕਈ ਵਾਹਨਾਂ ਨੂੰ ਅੱਗਾਂ ਲਗਾ ਦਿੱਤੀਆਂ। ਪੁਲਿਸ ਨੇ ਵੀ ਲੋਕਾਂ ਵੱਲੋਂ ਕੀਤੀ ਜਾ ਰਹੀ ਪੱਥਰਬਾਜ਼ੀ ਦੇ ਜਵਾਬ ਵਿਚ ਭੀੜ ਨੂੰ ਕਾਬੂ ਕਰਨ ਲਈ ਕਈ ਰਾਊਂਡ ਫਾਈਰਿੰਗ ਕੀਤੀ। ਹਨ੍ਹੇਰਾ ਹੁੰਦੇ ਤਕ ਇਹੀ ਕੁੱਝ ਚਲਦਾ ਰਿਹਾ।

ਕਾਫ਼ੀ ਮਸ਼ੱਕਤ ਮਗਰੋਂ ਪੁਲਿਸ ਨੇ ਸਥਿਤੀ 'ਤੇ ਕਾਬੂ ਪਾਇਆ। ਇਸ ਮਾਮਲੇ ਵਿਚ ਪੁਲਿਸ ਨੇ ਭੀਮ ਆਰਮੀ ਦੇ ਚੀਫ਼ ਚੰਦਰ ਸ਼ੇਖ਼ਰ ਨੂੰ ਗ੍ਰਿਫ਼ਤਾਰ ਕਰ ਲਿਆ। ਦਰਅਸਲ ਡੀਡੀਏ ਦੇ ਨਾਲ ਰਵੀਦਾਸ ਮੰਦਰ ਦਾ ਕੇਸ ਅਦਾਲਤ ਵਿਚ ਚੱਲ ਰਿਹਾ ਸੀ ਜਿਵੇਂ ਹੀ ਇਸ ਕੇਸ ਵਿਚ ਡੀਡੀਏ ਨੂੰ ਜਿੱਤ ਹਾਸਲ ਹੋਈ ਓਵੇਂ ਹੀ ਡੀਡੀਏ ਨੇ ਮੰਦਰ 'ਤੇ ਬੁਲਡੋਜ਼ਰ ਚਲਾ ਦਿੱਤਾ। ਜਿਸ ਤੋਂ ਬਾਅਦ ਵੱਡਾ ਬਵਾਲ ਖੜ੍ਹਾ ਹੋ ਗਿਆ।

ਇਸ ਤੋਂ ਨਾਰਾਜ਼ ਹੋਏ ਦਲਿਤ ਭਾਈਚਾਰੇ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਵਿਸ਼ਾਲ ਰੈਲੀ ਕੀਤੀ ਅਤੇ ਬਾਅਦ ਵਿਚ ਤੁਗ਼ਲਕਾਬਾਦ ਪਹੁੰਚ ਕੇ ਰੋਸ ਪ੍ਰਦਰਸ਼ਨ ਕੀਤਾ। ਇਸੇ ਦੌਰਾਨ ਹਿੰਸਾ ਭੜਕ ਗਈ। ਦਲਿਤ ਭਾਈਚਾਰੇ ਦੇ ਆਗੂਆਂ ਦਾ ਦੋਸ਼ ਹੈ ਕਿ ਮੋਦੀ ਸਰਕਾਰ ਜਾਣਬੁੱਝ ਕੇ ਘੱਟ ਗਿਣਤੀਆਂ ਨੂੰ ਦਬਾਉਣ ਵਿਚ ਲੱਗੀ ਹੋਈ ਹੈ। ਰਵੀਦਾਸ ਮੰਦਰ ਦਾ ਤੋੜਿਆ ਜਾਣਾ ਸਰਕਾਰ ਦੀ ਇਸੇ ਨੀਤੀ ਦਾ ਹਿੱਸਾ ਹੈ।

ਫਿਲਹਾਲ ਰਵੀਦਾਸ ਭਾਈਚਾਰੇ ਦਾ ਗੁੱਸਾ ਕਾਫ਼ੀ ਭੜਕਿਆ ਹੋਇਆ ਹੈ ਅਤੇ ਉਨ੍ਹਾਂ ਮੰਦਰ ਦਾ ਮੁੜ ਨਿਰਮਾਣ ਕੀਤੇ ਜਾਣ ਦਾ ਪ੍ਰਦਰਸ਼ਨ ਜਾਰੀ ਰੱਖਣ ਦਾ ਫ਼ੈਸਲਾ ਕਰ ਲਿਆ ਜੋ ਆਉਣ ਵਾਲੇ ਸਮੇਂ ਵਿਚ ਹੋਰ ਘਾਤਕ ਰੂਪ ਧਾਰਨ ਕਰ ਸਕਦਾ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।