ਕੇਜਰੀਵਾਲ ਦਾ ਕੇਂਦਰ ਨੂੰ ਸਵਾਲ, ਕਿਹਾ- ਸਰਕਾਰ ਤਾਂ CBI, ED ਖੇਡ ਰਹੀ ਹੈ, ਲੋਕ ਮੁੱਦੇ ਲੈ ਕੇ ਕਿੱਥੇ ਜਾਣ?
ਮਹਿੰਗਾਈ ਅਤੇ ਬੇਰੁਜ਼ਗਾਰੀ ਨੂੰ ਲੈ ਕੇ ਕੇਂਦਰ 'ਤੇ ਸਾਧਿਆ ਨਿਸ਼ਾਨਾ
ਨਵੀਂ ਦਿੱਲੀ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਮਹਿੰਗਾਈ ਅਤੇ ਬੇਰੁਜ਼ਗਾਰੀ ਸਮੇਤ ਵੱਖ-ਵੱਖ ਮੁੱਦਿਆਂ 'ਤੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਹੈਰਾਨੀ ਜਤਾਈ ਕਿ ਦੇਸ਼ ਇਸ ਤਰ੍ਹਾਂ ਕਿਵੇਂ ਤਰੱਕੀ ਕਰੇਗਾ। ਕੇਜਰੀਵਾਲ ਨੇ ਸਵਾਲ ਕੀਤਾ ਕਿ ਲੋਕਾਂ ਆਪਣੇ ਮੁੱਦਿਆਂ ਨੂੰ ਲੈ ਕੇ ਕਿੱਥੇ ਜਾਣ, ਜਦੋਂ ਇਹ ਲੋਕ ਸੀਬੀਆਈ (ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ) - ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਖੇਡ ਰਹੇ ਹਨ ਅਤੇ ਸਰਕਾਰਾਂ ਨੂੰ ਡੇਗਣ ਵਿਚ ਰੁੱਝੇ ਹੋਏ ਹਨ।
ਕੇਜਰੀਵਾਲ ਨੇ ਟਵੀਟ ਕੀਤਾ ਕਿ ਰੁਪਇਆ ਡਿੱਗ ਰਿਹਾ ਹੈ, ਜਨਤਾ ਮਹਿੰਗਾਈ ਤੋਂ ਪਰੇਸ਼ਾਨ ਹੈ, ਬੇਰੁਜ਼ਗਾਰੀ ਅਸਮਾਨ ਛੂਹ ਰਹੀ ਹੈ ਅਤੇ ਇਹ ਲੋਕ ਸੀਬੀਆਈ-ਈਡੀ ਖੇਡ ਰਹੇ ਹਨ, ਦੇਸ਼ ਭਰ 'ਚ ਲੋਕਾਂ ਵੱਲੋਂ ਚੁਣੀਆਂ ਹੋਈਆਂ ਸਰਕਾਰਾਂ ਨੂੰ ਡੇਗਣ 'ਚ ਲੱਗੇ ਹੋਏ ਹਨ, ਸਾਰਾ ਦਿਨ ਗਾਲ੍ਹਾਂ ਕੱਢਦੇ ਹਾਂ। ' ਉਹਨਾਂ ਕਿਹਾ ਕਿ 'ਲੋਕ ਆਪਣੇ ਦੁੱਖ ਕਿਸ ਨੂੰ ਦੱਸਣ, ਕਿਸ ਕੋਲ ਜਾਣ? ਅਜਿਹਾ ਦੇਸ਼ ਕਿਵੇਂ ਤਰੱਕੀ ਕਰੇਗਾ?
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਐਤਵਾਰ ਨੂੰ ਐਲਾਨ ਕੀਤਾ ਕਿ 2024 ਦੀਆਂ ਲੋਕ ਸਭਾ ਚੋਣਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ਵਿਚਾਲੇ ਮੁਕਾਬਲਾ ਹੋਵੇਗਾ। ਮਨੀਸ਼ ਸਿਸੋਦੀਆ ਨੇ ਕਿਹਾ ਸੀ ਕਿ ਲੋਕ ਕੇਜਰੀਵਾਲ ਨੂੰ ਮੋਦੀ ਦੇ ਬਦਲ ਵਜੋਂ ਦੇਖ ਰਹੇ ਹਨ, ਕਿਉਂਕਿ ਉਹ ਹਮੇਸ਼ਾ ਆਮ ਆਦਮੀ ਨਾਲ ਜੁੜੇ ਮੁੱਦਿਆਂ 'ਤੇ ਬੋਲਦੇ ਰਹੇ ਹਨ।