DCW ਮੁਖੀ ਨੇ ਹਸਪਾਤਲ 'ਚ ਗੁਜ਼ਾਰੀ ਰਾਤ, ਬੋਲੇ- ਸਮਝ ਨਹੀਂ ਆ ਰਹੀ ਕਿ ਪੀੜਤਾ ਨੂੰ ਕਿਉਂ ਨਹੀਂ ਮਿਲਣ ਦਿੱਤਾ ਜਾ ਰਿਹਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਮਾਲੀਵਾਲ ਨੇ ਕਿਹਾ ਕਿ “ਉਹ ਕੱਲ੍ਹ ਸਵੇਰੇ 11 ਵਜੇ ਇੱਥੇ ਆਏ ਸਨ, ਪਰ ਦਿੱਲੀ ਪੁਲਿਸ ਨੇ ਉਹਨਾਂ ਨੂੰ ਲੜਕੀ ਤੇ ਉਸ ਦੀ ਮਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ

DCW chief

 

ਨਵੀਂ ਦਿੱਲੀ - ਦਿੱਲੀ ਮਹਿਲਾ ਕਮਿਸ਼ਨ (ਡੀਸੀਡਬਲਿਊ) ਦੀ ਚੇਅਰਪਰਸਨ ਸਵਾਤੀ ਮਾਲੀਵਾਲ ਦਾ ਸੇਂਟ ਸਟੀਫਨ ਹਸਪਤਾਲ ਵਿਚ ਧਰਨਾ ਜਾਰੀ ਹੈ, ਜਿੱਥੇ ਉਸ ਨਾਬਾਲਗ ਨੂੰ ਭਰਤੀ ਕਰਵਾਇਆ ਗਿਆ ਹੈ ਜਿਸ ਦੇ ਨਾਲ ਦਿੱਲੀ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਉਸ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ ਸੀ। 
ਸਵਾਤੀ ਮਾਲੀਵਾਲ ਸੋਮਵਾਰ ਸਵੇਰੇ ਇਹ ਦਾਅਵਾ ਕਰਦੇ ਹੋਏ ਧਰਨੇ 'ਤੇ ਬੈਛੇ ਸਨ ਕਿ ਉਹਨਾਂ ਨੂੰ ਪੀੜਤਾ ਨੂੰ ਮਿਲਣ ਤੋਂ ਰੋਕਿਆ ਜਾ ਰਿਹਾ ਹੈ। ਹਾਲਾਂਕਿ, ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੀੜਤ ਦੀ ਮਾਂ ਕਿਸੇ ਨੂੰ ਮਿਲਣਾ ਨਹੀਂ ਚਾਹੁੰਦੀ ਸੀ ਕਿਉਂਕਿ ਉਸ ਦੀ ਧੀ ਅਜੇ ਵੀ ਨਿਗਰਾਨੀ ਵਿਚ ਹੈ।     

ਪੁਲਿਸ ਦੇ ਅਨੁਸਾਰ, ਦਿੱਲੀ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਪ੍ਰੇਮੋਦਯ ਖਾਖਾ ਵੱਲੋਂ ਨਵੰਬਰ 2020 ਤੋਂ ਜਨਵਰੀ 2021 ਦਰਮਿਆਨ ਲੜਕੀ ਨਾਲ ਕਥਿਤ ਤੌਰ 'ਤੇ ਕਈ ਵਾਰ ਬਲਾਤਕਾਰ ਕੀਤਾ ਗਿਆ, ਜਿਸ ਕਾਰਨ ਉਹ ਗਰਭਵਤੀ ਹੋ ਗਈ। ਪੁਲਿਸ ਅਨੁਸਾਰ ਖਾਖਾ ਦੀ ਪਤਨੀ ਸੀਮਾ ਰਾਣੀ ਨੇ ਕਥਿਤ ਤੌਰ ’ਤੇ ਪੀੜਤਾ ਨੂੰ ਗਰਭਪਾਤ ਦੀਆਂ ਗੋਲੀਆਂ ਖੁਆਈਆਂ।

ਖਾਖਾ ਅਤੇ ਸੀਮਾ ਰਾਣੀ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਓਧਰ ਮਾਲੀਵਾਲ ਨੇ ਕਿਹਾ ਕਿ “ਉਹ ਕੱਲ੍ਹ ਸਵੇਰੇ 11 ਵਜੇ ਇੱਥੇ (ਸੇਂਟ ਸਟੀਫਨਜ਼ ਹਸਪਤਾਲ) ਆਏ ਸਨ, ਪਰ ਦਿੱਲੀ ਪੁਲਿਸ ਨੇ ਉਹਨਾਂ ਨੂੰ ਲੜਕੀ ਤੇ ਉਸ ਦੀ ਮਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ। ਉਹਨਾਂ ਨੇ ਇੱਥੇ ਸਾਰੀ ਰਾਤ ਬਿਤਾਈ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਪੁਲਿਸ ਉਸ ਨੂੰ ਲੜਕੀ ਨਾਲ ਤੇ ਮਾਂ ਨੂੰ ਮਿਲਣ ਤੋਂ ਕਿਉਂ ਰੋਕ ਰਹੀ ਹੈ।''

ਡੀਸੀਡਬਲਯੂ ਦੀ ਚੇਅਰਪਰਸਨ ਨੇ ਕਿਹਾ ਕਿ ਕਮਿਸ਼ਨ ਨੇ ਮਾਮਲੇ ਵਿਚ ਕਾਰਵਾਈ ਲਈ ਦਿੱਲੀ ਪੁਲਿਸ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਅਤੇ ਸ਼ਹਿਰ ਸਰਕਾਰ ਦੇ ਸੇਵਾਵਾਂ ਵਿਭਾਗ ਨੂੰ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅਗਲੀ ਕਾਰਵਾਈ ਲਈ ਲੜਕੀ ਅਤੇ ਉਸ ਦੀ ਮਾਂ ਨੂੰ ਮਿਲਣਾ ਜ਼ਰੂਰੀ ਹੈ।  
ਮਾਲੀਵਾਲ ਨੇ ਬਾਅਦ ਵਿਚ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਪੋਸਟ ਸਾਂਝੀ ਕਰ ਕੇ ਕਿਹਾ ਕਿ "ਜੇ ਮੈਂ ਲੜਕੀ ਨੂੰ ਮਿਲਣ ਨਹਹੀਂ ਆਉਂਦੀ, ਤਾਂ ਉਹ ਕਹਿਣਗੇ ਕਿ ਮੈਂ ਉਸ ਨੂੰ ਮਿਲਣ ਦੀ ਖੇਚਲ ਨਹੀਂ ਕੀਤੀ ਅਤੇ ਹੁਣ ਜਦੋਂ ਮੈਂ ਇੱਥੇ ਹਾਂ, ਉਹ ਕਹਿ ਰਹੇ ਹਨ ਕਿ ਇਹ ਡਰਾਮਾ ਹੈ। ਸਿਆਸਤ ਇਸ ਪੱਧਰ 'ਤੇ ਪਹੁੰਚ ਗਈ ਹੈ ਕਿ ਸਿਆਸਤਦਾਨ ਸੱਚ ਵੀ ਨਹੀਂ ਬੋਲ ਸਕਦੇ।'' 

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਮੁੱਖ ਸਕੱਤਰ ਨੂੰ ਦੋਸ਼ੀ ਅਧਿਕਾਰੀ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ ਜਿਸ ਤੋਂ ਬਾਅਦ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਹੁਕਮਾਂ ਅਨੁਸਾਰ ਮੁਅੱਤਲੀ ਸਮੇਂ ਦੌਰਾਨ ਉਕਤ ਅਧਿਕਾਰੀ ਨੂੰ ਵਿਭਾਗ ਦੇ ਮੁੱਖ ਦਫ਼ਤਰ ਤੋਂ ਬਿਨਾਂ ਅਗਾਊਂ ਇਜਾਜ਼ਤ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। 

ਡਿਪਟੀ ਕਮਿਸ਼ਨਰ ਆਫ਼ ਪੁਲਿਸ (ਉੱਤਰੀ) ਸਾਗਰ ਸਿੰਘ ਕਲਸੀ ਨੇ ਦੱਸਿਆ ਕਿ ਸੀਮਾ ਰਾਣੀ ਨੂੰ ਸੋਮਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ, ਜਦੋਂਕਿ ਖਾਖਾ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।