ਭਾਰਤ-ਪਾਕਿ ਦੇ ਵਿਦੇਸ਼ ਮੰਤਰੀਆਂ ਦੀ ਮਿਲਣੀ ਰੱਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ਤੋਂ ਪਾਸੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਅਹੁਦਾ ਸ਼ਾਹ ਮਹਿਮੂਦ ਕੁਰੈਸ਼ੀ ਵਿਚਾਲੇ........

Sushma Swaraj

ਨਵੀਂ ਦਿੱਲੀ : ਭਾਰਤ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ਤੋਂ ਪਾਸੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਅਹੁਦਾ ਸ਼ਾਹ ਮਹਿਮੂਦ ਕੁਰੈਸ਼ੀ ਵਿਚਾਲੇ ਹੋਣ ਵਾਲੀ ਬੈਠਕ ਨੂੰ ਰੱਦ ਕਰ ਦਿਤਾ ਹੈ। ਬੈਠਕ ਰੱਦ ਕੀਤੇ ਜਾਣ ਪਿੱਛੇ ਜੰਮੂ ਕਸ਼ਮੀਰ ਵਿਚ ਤਿੰਨ ਸੁਰੱਖਿਆ ਮੁਲਾਜ਼ਮਾਂ ਦੀ ਬੇਰਹਿਮੀ ਨਾਲ ਹਤਿਆ ਅਤੇ ਕਸ਼ਮੀਰੀ ਅਤਿਵਾਦੀ ਬੁਰਹਾਨ ਵਾਨੀ ਦੇ ਨਾਮ 'ਤੇ ਡਾਕ ਟਿਕਟ ਜਾਰੀ ਕੀਤੇ ਜਾਣ ਨੂੰ ਕਾਰਨ ਦਸਿਆ ਗਿਆ ਹੈ। ਇਸ ਘਟਨਾਕ੍ਰਮ ਬਾਰੇ ਤਿੱਖਾ ਪ੍ਰਤੀਕਰਮ ਦਿੰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਅਜਿਹੇ ਮਾਹੌਲ ਵਿਚ ਪਾਕਿਸਤਾਨ ਨਾਲ ਗੱਲਬਾਤ ਅਰਥਹੀਣ ਹੋਵੇਗੀ।

ਉਨ੍ਹਾਂ ਕਿਹਾ, 'ਪਾਕਿਸਤਾਨ ਦੇ ਅਨਸਰਾਂ ਵਲੋਂ ਸੁਰੱਖਿਆ ਮੁਲਾਜ਼ਮਾਂ ਦੀ ਬੇਰਹਿਮੀ ਨਾਲ ਹਤਿਆ ਅਤੇ ਇਕ ਅਤਿਵਾਦੀ ਦੀ ਉਸਤਤ ਵਿਚ 20 ਡਾਕ ਟਿਕਟਾਂ ਦੀ ਲੜੀ ਹਾਲ ਹੀ ਵਿਚ ਜਾਰੀ ਕਰਨ ਦੀ ਘਟਨਾ ਅਤੇ ਅਤਿਵਾਦ ਤੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਪਾਕਿਸਤਾਨ ਅਪਣਾ ਆਪਾ ਨਹੀਂ ਸੁਧਾਰੇਗਾ।' 
ਕੁਮਾਰ ਨੇ ਜ਼ੋਰ ਦਿਤਾ ਕਿ ਕਲ ਦੋਹਾਂ ਵਿਦੇਸ਼ ਮੰਤਰੀਆਂ ਵਿਚਾਲੇ ਬੈਠਕ ਦੇ ਐਲਾਨ ਮਗਰੋਂ ਦੋ ਬੇਹੱਦ ਪ੍ਰੇਸ਼ਾਨ ਕਰਨ ਵਾਲੀਆਂ ਘਟਨਾਵਾਂ ਵਾਪਰੀਆਂ ਹਨ। ਉਨ੍ਹਾਂ ਕਿਹਾ, 'ਬਦਲੇ ਹਾਲਾਤ ਵਿਚ ਨਿਊਯਾਰਕ ਵਿਚ ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਵਿਚਾਲੇ ਕੋਈ ਬੈਠਕ ਨਹੀਂ ਹੋਵੇਗੀ।'

ਜ਼ਿਕਰਯੋਗ ਹੇ ਕਿ ਸਰਕਾਰ ਨੇ ਵੀਰਵਾਰ ਨੂੰ ਐਲਾਨ ਕੀਤਾ ਸੀ ਕਿ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ਤੋਂ ਪਾਸੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਅਹੁਦਾ ਮਹਿਮੂਦ ਕੁਰੈਸ਼ੀ ਦੀ ਮੁਲਾਕਾਤ ਹੋਵੇਗੀ। 2016 ਵਿਚ ਪਠਾਨਕੋਟ ਏਅਰਬੇਸ 'ਤੇ ਅਤਿਵਾਦੀ ਹਮਲੇ ਮਗਰੋਂ ਦੋਹਾਂ ਦੇਸ਼ਾਂ ਦੀ ਗੱਲਬਾਤ ਠਹਿਰ ਗਈ ਸੀ। ਭਾਰਤ ਉਸ ਹਮਲੇ ਲਈ ਪਾਕਿਸਤਾਨ ਦੇ ਅਤਿਵਾਦੀ ਧੜਿਆਂ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ। ਰਵੀਸ਼ ਨੇ ਕਿਹਾ ਕਿ ਪਾਕਿਸਤਾਨ ਦੀ ਬੇਨਤੀ 'ਤੇ ਭਾਰਤ ਬੈਠਕ ਲਈ ਸਹਿਮਤ ਹੋਇਆ ਸੀ। (ਏਜੰਸੀ)