ਮਦਰਾਸ- ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਿਹਾ ਹੈ ਦਰਅਸਲ ਇਸ ਵੀਡੀਓ ਵਿਚ ਜੋ ਵਿਅਕਤੀ ਇਕ ਔਰਤ ਨੂੰ ਤੰਗ ਪਰੇਸ਼ਾਨ ਕਰਦਾ ਨਜ਼ਰ ਆ ਰਿਹਾ ਹੈ। ਉਹ ਮਦਰਾਸ ਹਾਈਕੋਰਟ ਦੇ ਸਾਬਕਾ ਜੱਜ ਰਾਮ ਮੋਹਨ ਰਾਓ ਹਨ ਜੋ ਅਪਣੀ ਪਤਨੀ ਅਤੇ ਬੇਟੇ ਨਾਲ ਮਿਲ ਕੇ ਅਪਣੀ ਨੂੰਹ ਨੂੰ ਤੰਗ ਪਰੇਸ਼ਾਨ ਅਤੇ ਉਸ ਦੀ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ। ਦਰਅਸਲ ਇਹ ਘਟਨਾ ਅਪ੍ਰੈਲ ਮਹੀਨੇ ਦੀ ਦੱਸੀ ਜਾ ਰਹੀ ਹੈ। ਜਿਸ ਦਾ ਵੀਡੀਓ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ।
27 ਅਪ੍ਰੈਲ ਨੂੰ ਸਾਬਕਾ ਜੱਜ ਰਾਮ ਮੋਹਨ ਰਾਓ ਦੀ ਨੂੰਹ ਸਿੰਧੂ ਸ਼ਰਮਾ ਨੇ ਅਪਣੇ ਸਹੁਰਾ ਪਰਿਵਾਰ ਵਿਰੁੱਧ ਸਰੀਰਕ ਅਤੇ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਨ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ ਸੀ। ਜਿਸ ਮਗਰੋਂ ਸਿੰਧੂ ਦੇ ਪਤੀ ਨੇ ਅਦਾਲਤ ਵਿਚ ਤਲਾਕ ਦੀ ਅਰਜ਼ੀ ਦਿੱਤੀ ਸੀ। ਇਸ ਤੋਂ ਬਾਅਦ ਹੁਣ ਸਿੰਧੂ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਹੈ ਜਿਸ ਵਿਚ ਜੱਜ ਸਮੇਤ ਉਸ ਦਾ ਪੂਰਾ ਪਰਿਵਾਰ ਸਿੰਧੂ ਨੂੰ ਤੰਗ ਪਰੇਸ਼ਾਨ ਕਰਦੇ ਨਜ਼ਰ ਆ ਰਹੇ ਹਨ। ਇਸ ਘਟਨਾ ਦੌਰਾਨ ਸਿੰਧੂ ਸ਼ਰਮਾ ਸਹੁਰੇ ਪਰਿਵਾਰ ਵੱਲੋਂ ਕੀਤੀ ਗਈ
ਕੁੱਟਮਾਰ ਕਾਰਨ ਕਾਫ਼ੀ ਜ਼ਖ਼ਮੀ ਹੋ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਹੈਦਰਾਬਾਦ ਦੇ ਅਪੋਲੋ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਸਹੁਰਾ ਪਰਿਵਾਰ ’ਤੇ ਘਰੇਲੂ ਹਿੰਸਾ ਦਾ ਮਾਮਲਾ ਦਰਜ ਕੀਤਾ ਗਿਆ ਸੀ ਪਰ ਹੁਣ ਇਸ ਵੀਡੀਓ ਨੇ ਸਿੰਧੂ ਦੇ ਸਹੁਰਾ ਪਰਿਵਾਰ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਜਿਸ ਵਿਚ ਸਾਬਕਾ ਜੱਜ ਰਾਮ ਮੋਹਨ ਰਾਓ ਵੀ ਅਪਣੀ ਨੂੰਹ ਨਾਲ ਬੁਰਾ ਵਰਤਾਅ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਲੋਕਾਂ ਵੱਲੋਂ ਸਾਬਕਾ ਜੱਜ ਦੇ ਵਿਰੁੱਧ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕੀਤੇ ਜਾ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਅਪਣੇ ਆਪ ਨੂੰ ਕਾਨੂੰਨ ਦੇ ਰਖਵਾਲੇ ਕਹਾਉਣ ਵਾਲਿਆਂ ਦੇ ਘਰਾਂ ਵਿਚ ਕੀ ਹੁੰਦਾ ਹੈ ਇਹ ਸਿੰਧੂ ਸ਼ਰਮਾ ਨੇ ਇਸ ਵੀਡੀਓ ਰਾਹੀਂ ਦਿਖਾ ਦਿੱਤਾ ਹੈ।