ਮੁਅੱਤਲ ਮੈਂਬਰਾਂ ਦਾ ਧਰਨਾ ਖ਼ਤਮ, ਕਾਂਗਰਸ ਸਮੇਤ ਵਿਰੋਧੀ ਧਿਰਾਂ ਵੱਲੋਂ ਸਦਨ ਦੀ ਕਾਰਵਾਈ ਦਾ ਬਾਈਕਾਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਦੇ ਰਾਜ ਸਭਾ ਮੈਂਬਰਾਂ ਨੇ ਰਾਜ ਸਭਾ ਤੋਂ ਕੀਤਾ ਵਾਕਆਊਟ

Congress and other opposition parties to boycott Monsoon Session

ਨਵੀਂ ਦਿੱਲੀ: ਰਾਜ ਸਭਾ ਤੋਂ ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ਨੇ ਅਪਣਾ ਧਰਨਾ ਪ੍ਰਦਰਸ਼ਨ ਖਤਮ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ਪੂਰੇ ਮਾਨਸੂਨ ਸੈਸ਼ਨ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਕਾਂਗਰਸ ਦੇ ਰਾਜ ਸਭਾ ਮੈਂਬਰਾਂ ਨੇ ਰਾਜ ਸਭਾ ਤੋਂ ਵਾਕਆਊਟ ਕੀਤਾ।

ਕਾਂਗਰਸ ਤੋਂ ਇਲਾਵਾ ਸਮਾਜਵਾਦੀ ਪਾਰਟੀ, ਰਾਸ਼ਟਰਵਾਦੀ ਕਾਂਗਰਸ ਪਾਰਟੀ, ਡੀਐਮਕੇ, ਤ੍ਰਿਣਮੂਲ ਕਾਂਗਰਸ, ਆਮ ਆਦਮੀ ਪਾਰਟੀ, ਖੱਬੇਪੱਖੀ, ਆਰਜੇਡੀ ਆਰਏਐਸ ਅਤੇ ਬੀਐਸਪੀ ਨੇ ਵੀ ਕਾਰਵਾਈ ਦਾ ਬਾਈਕਾਟ ਕੀਤਾ ਹੈ। ਕਾਂਗਰਸ ਨੇਤਾ ਗੁਲਾਮ ਨਬੀ ਅਜ਼ਾਦ ਨੇ ਕਿਹਾ ਜਦੋਂ ਤੱਕ ਇਹਨਾਂ ਸੰਸਦ ਮੈਂਬਰਾਂ ਦੀ ਮੁਅੱਤਲੀ ਵਾਪਸ ਨਹੀਂ ਲਈ ਜਾਂਦੀ, ਵਿਰੋਧੀ ਧਿਰ ਰਾਜ ਸਭਾ ਦੀ ਕਾਰਵਾਈ ਵਿਚ ਹਿੱਸਾ ਨਹੀਂ ਲਵੇਗਾ।

ਦੱਸ ਦਈਏ ਐਤਵਾਰ ਨੂੰ ਰਾਜ ਸਭਾ ਵਿਚ ਖੇਤੀਬਾੜੀ ਬਿਲ ਪਾਸ ਹੋਣ ਤੋਂ ਬਾਅਦ ਹੋਏ ਹੰਗਾਮੇ ਤੋਂ ਬਾਅਦ ਅੱਠ ਸੰਸਦ ਮੈਂਬਰਾਂ ਨੂੰ ਰਾਜ ਸਭਾ ਦੇ ਪੂਰੇ ਇਜਲਾਸ ਲਈ ਮੁਅੱਤਲ ਕਰ ਦਿੱਤਾ ਗਿਆ ਸੀ, ਇਸ ਤੋਂ ਬਾਅਦ ਇਹ ਮੈਂਬਰ ਸੰਸਦ ਦੇ ਬਾਹਰ ਧਰਨੇ ‘ਤੇ ਬੈਠੇ ਹਨ।

ਗੁਲਾਮ ਨਬੀ ਅਜ਼ਾਦ ਨੇ ਉਚ ਸਦਨ ਵਿਚ ਇਹ ਮੰਗ ਕੀਤੀ ਕਿ ਸਰਕਾਰ ਨੂੰ ਇਕ ਬਿੱਲ ਲਿਆਉਣਾ ਚਾਹੀਦਾ ਹੈ ਜਿਸ ਨਾਲ ਇਹ ਯਕੀਨੀ ਬਣਾਇਆ ਜਾ ਸਕੇ ਕਿ ਪ੍ਰਾਈਵੇਟ ਕੰਪਨੀਆਂ ਸਰਕਾਰ ਵੱਲ਼ੋਂ ਨਿਰਧਾਰਤ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਤੋਂ ਘੱਟ ਕੀਮਤਾਂ ਤੇ ਕਿਸਾਨਾਂ ਦੇ ਅਨਾਜ ਦੀ ਖਰੀਦ ਨਹੀਂ ਕਰਨਗੀਆਂ।

ਅਜ਼ਾਦ ਨੇ ਸਰਕਾਰ ਨੂੰ ਕਿਹਾ ਕਿ ਸਰਕਾਰ ਨੂੰ ਸਵਾਮੀਨਾਥਨ ਫਾਰਮੂਲੇ ਅਨੁਸਾਰ ਸਮੇਂ-ਸਮੇਂ ‘ਤੇ ਘੱਟੋ ਘੱਟ ਸਮਰਥਨ ਮੁੱਲ ਤੈਅ ਕਰਦੇ ਰਹਿਣਾ ਚਾਹੀਦਾ। ਉਹਨਾਂ ਕਿਹਾ ਅਜਿਹਾ ਲੱਗ ਰਿਹਾ ਹੈ ਕਿ ਸਰਕਾਰ ਅੰਦਰ ਤਾਲਮੇਲ ਦੀ ਕਮੀ ਹੈ। ਇਕ ਦਿਨ ਪਹਿਲਾਂ ਹੀ ਖੇਤੀਬਾੜੀ ਬਿਲਾਂ ‘ਤੇ ਪੂਰੀ ਚਰਚਾ ਐਮਐਸਪੀ ‘ਤੇ ਕੇਂਦਰਿਤ ਰਹੀ ਅਤੇ ਇਕ ਦਿਨ ਬਾਅਦ ਸਰਕਾਰ ਨੇ ਕਈ ਫਸਲਾਂ ਲਈ ਐਮਐਸਪੀ ਦਾ ਐਲ਼ਾਨ ਕਰ ਦਿੱਤਾ।

ਇਸ ਤੋਂ ਇਲਾਵਾ ਰਾਜ ਸਭਾ ਦੇ ਸਭਾਪਤੀ ਵੈਂਕਈਆ ਨਾਇਡੂ ਨੇ ਕਿਹਾ, ‘ਮੈਂ ਸੰਸਦ ਮੈਂਬਰਾਂ ਦੀ ਮੁਅੱਤਲੀ ਤੋਂ ਖੁਸ਼ ਨਹੀਂ ਹਾਂ। ਇਹ ਕਾਰਵਾਈ ਉਹਨਾਂ ਦੇ ਵਰਤਾਅ ਦੇ ਚਲਦਿਆਂ ਕੀਤੀ ਗਈ। ਅਸੀਂ ਕਿਸੇ ਵੀਂ ਮੈਂਬਰ ਖਿਲਾਫ਼ ਨਹੀਂ ਹਾਂ’।