ਅਦਾਲਤ ਨੇ ਨਾਬਾਲਗ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ ਸੁਣਾਈ 20 ਸਾਲ ਦੀ ਸਜ਼ਾ
25000 ਦਾ ਜ਼ੁਰਮਾਨਾ ਵੀ ਲਗਾਇਆ
ਜੈਪੁਰ:ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ ਦੀ ਇੱਕ ਵਿਸ਼ੇਸ਼ ਅਦਾਲਤ ਨੇ 9 ਸਾਲ ਦੀ ਬੱਚੀ ਨਾਲ ਜਬਰ ਜਨਾਹ ਕਰਨ ਵਾਲੇ ਇਕ ਵਿਅਕਤੀ ਨੂੰ ਦੋਸ਼ੀ ਕਰਾਰ ਦਿੰਦਿਆਂ 20 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ 'ਤੇ 25,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।
ਇਕ ਅਧਿਕਾਰਤ ਬਿਆਨ ਦੇ ਅਨੁਸਾਰ, ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਅਦਾਲਤ ਨੇ ਬੁੱਧਵਾਰ ਨੂੰ ਬਲਾਤਕਾਰ ਦੇ ਦੋਸ਼ੀ ਕਨ੍ਹਈਆ ਲਾਲ ਉਰਫ ਕਾਨ੍ਹਾ ਭੀਲ (25) ਨੂੰ 20 ਸਾਲ ਦੀ ਸਖ਼ਤ ਕੈਦ ਅਤੇ 25,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਜ਼ਿਲ੍ਹਾ ਪੁਲਿਸ ਨੇ ਇਹ ਮਾਮਲਾ ਵਿਸ਼ੇਸ਼ ‘ਕੇਸ ਅਫਸਰ ਸਕੀਮ’ ਤਹਿਤ ਲਿਆ ਸੀ।
ਝਾਲਾਵਾੜ ਦੀ ਪੁਲਿਸ ਸੁਪਰਡੈਂਟ ਰਿਚਾ ਤੋਮਰ ਨੇ ਦੱਸਿਆ ਕਿ ਦੋਸ਼ੀ ਕਨ੍ਹਈਆ ਲਾਲ ਖਿਲਾਫ ਰਾਏਪੁਰ ਪੁਲਿਸ ਸਟੇਸ਼ਨ 'ਚ 4 ਅਗਸਤ, 2020 ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਮੁਕੱਦਮੇ 'ਚ ਕਿਹਾ ਗਿਆ ਕਿ ਦੋਸ਼ੀ ਸੌਂ ਰਹੀ ਲੜਕੀ ਨੂੰ ਖੰਡਰ 'ਚ ਲੈ ਗਿਆ ਅਤੇ ਉਥੇ ਉਸ ਨਾਲ ਬਲਾਤਕਾਰ ਕੀਤਾ। ਇਸ ਮਾਮਲੇ ਵਿੱਚ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕਨ੍ਹਈਆ ਲਾਲ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਉਸ ਖ਼ਿਲਾਫ਼ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਸੀ।