‘Kisan Mahapanchayat’ : ਕਿਸਾਨ ਜਥੇਬੰਦੀਆਂ ਨੇ ਲੋਕਾਂ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਹਰਾਉਣ ਦੀ ਅਪੀਲ ਕੀਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਹਰਿਆਣਾ ’ਚ ਭਾਜਪਾ ਦੀ ਹਾਰ ਸ਼ੁਭਕਰਨ ਸਿੰਘ ਨੂੰ ਢੁਕਵੀਂ ਸ਼ਰਧਾਂਜਲੀ ਹੋਵੇਗੀ

‘Kisan Mahapanchayat

‘Kisan Mahapanchayat’ in Pipli : ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਬੈਨਰ ਹੇਠ ਕਿਸਾਨਾਂ ਨੇ ਐਤਵਾਰ ਨੂੰ ਇੱਥੇ ਪਿਪਲੀ ਵਿਖੇ ‘ਕਿਸਾਨ ਮਹਾਪੰਚਾਇਤ’ ਕੀਤੀ ਅਤੇ ਲੋਕਾਂ ਨੂੰ ਆਗਾਮੀ ਹਰਿਆਣਾ ਵਿਧਾਨ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਹਰਾਉਣ ਦਾ ਸੱਦਾ ਦਿਤਾ।

ਦੋਵੇਂ ਕਿਸਾਨ ਸੰਗਠਨ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਸਮੇਤ ਅਪਣੀਆਂ ਮੰਗਾਂ ਮੰਨਣ ਲਈ ਸਰਕਾਰ ’ਤੇ  ਦਬਾਅ ਬਣਾਉਣ ਲਈ ‘ਦਿੱਲੀ ਚਲੋ’ ਮਾਰਚ ਦੀ ਅਗਵਾਈ ਕਰ ਰਹੇ ਹਨ।

ਪ੍ਰਦਰਸ਼ਨਕਾਰੀ ਕਿਸਾਨਾਂ ਨੇ 13 ਫ਼ਰਵਰੀ ਤੋਂ ਪੰਜਾਬ ਅਤੇ ਹਰਿਆਣਾ ਦਰਮਿਆਨ ਸ਼ੰਭੂ ਅਤੇ ਖਨੌਰੀ ਸਰਹੱਦ ’ਤੇ  ਡੇਰਾ ਲਾਏ ਹੋਏ ਹਨ, ਜਦੋਂ ਸੁਰੱਖਿਆ ਬਲਾਂ ਨੇ ਉਨ੍ਹਾਂ ਦੇ ਮਾਰਚ ਨੂੰ ਰੋਕ ਦਿਤਾ ਸੀ। ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ ਪਿਪਲੀ ਵਿਖੇ ‘ਕਿਸਾਨ ਮਹਾਪੰਚਾਇਤ’ ’ਚ ਹਿੱਸਾ ਲਿਆ ਅਤੇ ਅਪਣੀਆਂ ਮੰਗਾਂ ਦੇ ਸਮਰਥਨ ’ਚ 3 ਅਕਤੂਬਰ ਨੂੰ ਦੇਸ਼ ਵਿਆਪੀ ‘ਰੇਲ ਰੋਕੋ’ ਅੰਦੋਲਨ ਕਰਨ ਦਾ ਫੈਸਲਾ ਕੀਤਾ।

ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ, ‘‘ਹੁਣ ਸਮਾਂ ਆ ਗਿਆ ਹੈ ਕਿ ਹਰਿਆਣਾ ਦੀ ਭਾਜਪਾ ਸਰਕਾਰ ਵਲੋਂ  ਕਿਸਾਨਾਂ ’ਤੇ  ਕੀਤੇ ਜਾ ਰਹੇ ਅੱਤਿਆਚਾਰਾਂ ਦਾ ਬਦਲਾ ਲਿਆ ਜਾਵੇ। ਹੁਣ ਕਿਸਾਨ ਬਦਲਾ ਲੈਣਗੇ।’’ ਹਰਿਆਣਾ ਦੀ ਭਾਜਪਾ ਸਰਕਾਰ ’ਤੇ  ਕਿਸਾਨਾਂ ਵਿਰੁਧ  ਤਾਕਤ ਦੀ ਵਰਤੋਂ ਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ, ‘‘ਅਸੀਂ ਹਰਿਆਣਾ ’ਚ ਭਾਜਪਾ ਦੀ ਹਾਰ ’ਚ ਅਹਿਮ ਭੂਮਿਕਾ ਨਿਭਾਵਾਂਗੇ ਅਤੇ ਕਿਸਾਨਾਂ ’ਤੇ  ਹੋਏ ਅੱਤਿਆਚਾਰਾਂ ਦਾ ਹਿਸਾਬ ਲਵਾਂਗੇ।’’

ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵਲੋਂ  ਜਾਰੀ ਬਿਆਨ ਅਨੁਸਾਰ ਕਿਸਾਨ ਆਗੂਆਂ ਨੇ ਹਰਿਆਣਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੋਟ ਪਾਉਣ ਤੋਂ ਪਹਿਲਾਂ ਸੋਚਣ ਕਿ ਮੌਜੂਦਾ ਸਰਕਾਰ ਨੇ ਪਿਛਲੇ 10 ਸਾਲਾਂ ’ਚ ਕਿਸਾਨਾਂ ਲਈ ਕੀ ਕੀਤਾ ਹੈ।

ਬਿਆਨ ’ਚ ਕਿਹਾ ਗਿਆ ਹੈ ਕਿ ਹਰਿਆਣਾ ’ਚ ਭਾਜਪਾ ਦੀ ਹਾਰ ਸ਼ੁਭਕਰਨ ਸਿੰਘ ਨੂੰ ਢੁਕਵੀਂ ਸ਼ਰਧਾਂਜਲੀ ਹੋਵੇਗੀ, ਜੋ 21 ਫ਼ਰਵਰੀ ਨੂੰ ਪੰਜਾਬ-ਹਰਿਆਣਾ ਸਰਹੱਦ ’ਤੇ  ਖਨੌਰੀ ਸਰਹੱਦ ’ਤੇ  ਝੜਪ ਦੌਰਾਨ ਸ਼ਹੀਦ ਹੋ ਗਏ ਸਨ। ਕਿਸਾਨ ਮਹਾਂਪੰਚਾਇਤ ’ਚ ਜਗਜੀਤ ਸਿੰਘ ਡੱਲੇਵਾਲ, ਮਨਜੀਤ ਸਿੰਘ ਰਾਏ, ਜਸਵਿੰਦਰ ਸਿੰਘ ਲੌਂਗਵਾਲ, ਸੁਰਜੀਤ ਸਿੰਘ ਫੂਲ ਅਤੇ ਅਮਰਜੀਤ ਸਿੰਘ ਮੋਹਰੀ ਸਮੇਤ ਕਈ ਕਿਸਾਨ ਆਗੂ ਮੌਜੂਦ ਸਨ।