ਮਾਣਹਾਨੀ ਨੂੰ ਅਪਰਾਧ ਦੀ ਸ਼੍ਰੇਣੀ ’ਚੋਂ ਕੱਢਣ ਦਾ ਸਮਾਂ ਆ ਗਿਆ ਹੈ : ਸੁਪਰੀਮ ਕੋਰਟ
ਨਿਊਜ਼ ਪੋਰਟਲ ‘ਦਿ ਵਾਇਰ’ ਨੂੰ ਜਾਰੀ ਕੀਤੇ ਗਏ ਸੰਮਨ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਉੱਤੇ ਸੁਣਵਾਈ ਦੌਰਾਨ ਇਹ ਟਿੱਪਣੀਆਂ ਕੀਤੀਆਂ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਮਾਣਹਾਨੀ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਕਰਨ ਦਾ ਸਮਾਂ ਆ ਗਿਆ ਹੈ। ਜਸਟਿਸ ਐਮ.ਐਮ. ਸੁੰਦਰੇਸ਼ ਅਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੀ ਬੈਂਚ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ.) ਦੀ ਸਾਬਕਾ ਪ੍ਰੋਫੈਸਰ ਅਮਿਤਾ ਸਿੰਘ ਵਲੋਂ ਦਾਇਰ ਮਾਨਹਾਨੀ ਦੇ ਮਾਮਲੇ ਵਿਚ ਆਨਲਾਈਨ ਨਿਊਜ਼ ਪੋਰਟਲ ‘ਦਿ ਵਾਇਰ’ ਨੂੰ ਜਾਰੀ ਕੀਤੇ ਗਏ ਸੰਮਨ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਉੱਤੇ ਸੁਣਵਾਈ ਦੌਰਾਨ ਇਹ ਟਿੱਪਣੀਆਂ ਕੀਤੀਆਂ।
ਪਟੀਸ਼ਨ ਉੱਤੇ ਨੋਟਿਸ ਜਾਰੀ ਕਰਨ ਲਈ ਸਹਿਮਤ ਹੁੰਦੇ ਹੋਏ ਜਸਟਿਸ ਸੁੰਦਰੇਸ਼ ਨੇ ਜ਼ੁਬਾਨੀ ਟਿੱਪਣੀ ਕੀਤੀ, ‘‘ਮੈਨੂੰ ਲਗਦਾ ਹੈ ਕਿ ਸਮਾਂ ਆ ਗਿਆ ਹੈ ਕਿ ਇਸ ਸੱਭ ਨੂੰ ਅਪਰਾਧ ਦੀ ਸ਼੍ਰੇਣੀ ’ਚੋਂ ਕਢਿਆ ਜਾਵੇ।’’ ਨਿਊਜ਼ ਪੋਰਟਲ ਦੀ ਨੁਮਾਇੰਦਗੀ ਕਰਨ ਵਾਲੇ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਬੈਂਚ ਦੀ ਟਿੱਪਣੀ ਨਾਲ ਸਹਿਮਤੀ ਪ੍ਰਗਟਾਈ।
ਸੰਖੇਪ ਬੇਨਤੀਆਂ ਸੁਣਨ ਤੋਂ ਬਾਅਦ, ਅਦਾਲਤ ਨੇ ‘ਦਿ ਵਾਇਰ’ ਚਲਾਉਣ ਵਾਲੀ ‘ਫਾਊਂਡੇਸ਼ਨ ਫਾਰ ਇੰਡੀਪੈਂਡੈਂਟ ਜਰਨਲਿਜ਼ਮ’ ਵਲੋਂ ਦਾਇਰ ਪਟੀਸ਼ਨ ਉੱਤੇ ਪ੍ਰੋਫੈਸਰ ਨੂੰ ਨੋਟਿਸ ਜਾਰੀ ਕੀਤਾ। ਮਾਣਹਾਨੀ ਦਾ ਕੇਸ 2016 ਵਿਚ ਪ੍ਰਕਾਸ਼ਤ ਇਕ ਲੇਖ ਦੇ ਸਬੰਧ ਵਿਚ ਦਾਇਰ ਕੀਤਾ ਗਿਆ ਸੀ। ਫ਼ਰਵਰੀ 2017 ’ਚ ਹੇਠਲੀ ਅਦਾਲਤ ਨੇ ਇਸ ਮਾਮਲੇ ’ਚ ਪੋਰਟਲ ਨੂੰ ਸੰਮਨ ਜਾਰੀ ਕੀਤੇ ਸਨ। ਪਿਛਲੇ ਸਾਲ ਸੁਪਰੀਮ ਕੋਰਟ ਨੇ ਸੰਮਨ ਰੱਦ ਕਰ ਦਿੱਤੇ ਸਨ।
ਇਸ ਤੋਂ ਬਾਅਦ ਅਦਾਲਤ ਨੇ ਮੈਜਿਸਟਰੇਟ ਨੂੰ ਖ਼ਬਰ ਲੇਖ ਦੀ ਜਾਂਚ ਕਰਨ ਤੋਂ ਬਾਅਦ ਸੰਮਨ ਜਾਰੀ ਕਰਨ ਬਾਰੇ ਨਵਾਂ ਫੈਸਲਾ ਲੈਣ ਲਈ ਕਿਹਾ ਸੀ।
ਮੈਜਿਸਟਰੇਟ ਨੇ ਜਨਵਰੀ 2025 ਵਿਚ ਨਿਊਜ਼ ਪੋਰਟਲ ਅਤੇ ਇਸ ਦੇ ਸਿਆਸੀ ਮਾਮਲਿਆਂ ਦੇ ਸੰਪਾਦਕ ਨੂੰ ਦੁਬਾਰਾ ਸੰਮਨ ਜਾਰੀ ਕੀਤੇ ਸਨ। ਮਈ ’ਚ, ਹਾਈਕੋਰਟ ਨੇ ਸੰਮਨ ਨੂੰ ਬਰਕਰਾਰ ਰੱਖਿਆ। ਪਟੀਸ਼ਨਕਰਤਾ ਨੇ ਹਾਈਕੋਰਟ ਦੇ ਹੁਕਮ ਵਿਰੁੱਧ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ।