ਪਟਨਾ ਤੋਂ ਨਿਰਮਲਾ ਸੀਤਾਰਮਨ ਨੇ ਜਾਰੀ ਕੀਤਾ ਭਾਜਪਾ ਦਾ ਚੋਣ ਮਨੋਰਥ ਪੱਤਰ
ਅਸੀਂ ਕੋਰੋਨਾ ਸੰਕਟ ਵਿਚ ਗਰੀਬਾਂ ਨੂੰ ਮੁਫ਼ਤ ਰਾਸ਼ਨ ਦਿੱਤਾ - ਵਿੱਤ ਮੰਤਰੀ
ਨਵੀਂ ਦਿੱਲੀ - ਭਾਜਪਾ ਨੇ ਅੱਜ ਬਿਹਾਰ ਵਿਧਾਨ ਸਭਾ ਚੋਣਾਂ ਦੇ ਸੰਬੰਧ ਵਿਚ ਆਪਣਾ ਚੋਣ ਮਨੋਰਥ ਪੱਤਰ (ਮੈਨੀਫੈਸਟੋ) ਜਾਰੀ ਕੀਤਾ ਹੈ। ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੇ ਪਟਨਾ ਵਿਚ ਭਾਜਪਾ ਦੇ 5 ਸੂਤਰਾਂ, ਇੱਕ ਗੋਲ, 11 ਮਤਿਆਂ ਦਾ ਵਿਜ਼ਨ ਦਸਤਾਵੇਜ਼ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਐਨਡੀਏ ਉਮੀਦਵਾਰਾਂ ਦੇ ਹੱਕ ਵਿੱਚ ਬਹੁਤ ਸਾਰੇ ਭਾਜਪਾ ਕੌਮੀ ਅਤੇ ਸੂਬਾਈ ਆਗੂ ਵੀਰਵਾਰ ਨੂੰ ਚੋਣ ਪ੍ਰਚਾਰ ਕਰਨਗੇ।
ਇਨ੍ਹਾਂ ਨੇਤਾਵਾਂ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਝਾਰਖੰਡ ਦੇ ਸਾਬਕਾ ਸੀਐਮ ਬਾਬੂ ਲਾਲ ਮਰਾਂਡੀ ਅਤੇ ਰਘੁਵਰ ਦਾਸ ਸ਼ਾਮਲ ਹਨ। ਲਾਲੂ ਯਾਦਵ ਨੇ ਟਵੀਟ ਕਰਕੇ ਨਿਤੀਸ਼ ਕੁਮਾਰ ਅਤੇ ਸੁਸ਼ੀਲ ਮੋਦੀ 'ਤੇ ਹਮਲਾ ਕੀਤਾ ਹੈ। ਵਿਰੋਧੀ ਧਿਰ ਦੇ ਨੇਤਾ ਤੇਜਸ਼ਵੀ ਪ੍ਰਸਾਦ ਯਾਦਵ ਇਕ ਦਰਜਨ ਵਿਧਾਨ ਸਭਾ ਹਲਕਿਆਂ ਵਿਚ 22 ਅਕਤੂਬਰ ਨੂੰ ਆਯੋਜਿਤ ਇਕ ਚੋਣ ਮੀਟਿੰਗ ਨੂੰ ਸੰਬੋਧਿਤ ਕਰਨਗੇ।
ਆਰਜੇਡੀ ਦੇ ਬੁਲਾਰੇ ਚਿਤਾਰੰਜਨ ਗਗਨ ਨੇ ਦੱਸਿਆ ਕਿ ਤੇਜਸ਼ਵੀ ਪ੍ਰਸਾਦ ਯਾਦਵ ਵੀਰਵਾਰ ਨੂੰ ਸਵੇਰੇ 10.05 ਵਜੇ ਚੇਨਾਰੀ ਵਿਧਾਨ ਸਭਾ ਹਲਕੇ ਦੇ ਹਾਈ ਸਕੂਲ ਮੈਦਾਨ ਅਲਾਮਪੁਰ ਤੋਂ ਬੈਠਕ ਦੀ ਸ਼ੁਰੂਆਤ ਕਰਨਗੇ। ਨਿਰਮਲਾ ਸੀਤਾਰਮਨ ਨੇ ਭਾਜਪਾ ਦਾ ਚੋਣ ਮਨੋਰਥ ਪੱਤਰ ਜਾਰੀ ਕਰਦੇ ਹੋਏ ਕਿਹਾ ਕਿ ਜੋ ਸੰਕਲਪ 'ਤੇ ਭਰੋਸਾ ਦੇ ਸਕਦੇ ਹਨ ਤਾਂ ਉਹ ਭਾਜਪਾ ਹੈ। ਸਾਨੂੰ ਪੂਰਾ ਯਕੀਨ ਹੈ ਕਿ ਅਸੀਂ ਇਸ ਨੂੰ ਪੂਰਾ ਕਰ ਸਕਦੇ ਹਾਂ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੇ ਵਾਅਦੇ ਪੂਰੇ ਕੀਤੇ ਹਨ। ਸੀਤਾਰਮਨ ਨੇ ਕਿਹਾ ਕਿ ਕੋਰੋਨਾ ਕਾਲ ਵਿਚ ਅਸੀਂ ਜੇ ਗਰੀਬਾਂ ਦੇ ਅਕਾਊਂਟ ਵਿਚ 500 ਰੁਪਏ ਦੀ ਰਾਸ਼ੀ ਪਾ ਸਕੇ ਹਾਂ ਤਾਂ ਉਹ ਸਿਰਫ਼ ਜਨਧਨ ਯੋਜਨਾ ਨਾਲ ਹੀ ਸੰਭਵ ਹੋ ਸਕਿਆ ਹੈ ਤੇ ਅਸੀਂ ਇਸ ਸੰਕਟ ਵਿਚ ਗਰੀਬਾਂ ਨੂੰ ਮੁਫ਼ਤ ਰਾਸ਼ਨ ਵੀ ਦਿੱਤਾ। ਕੋਰੋਨਾ ਦਾ ਜ਼ਿਕਰ ਕਰਦਿਆਂ ਨਿਰਮਲਾ ਸੀਤਾਰਮਨ ਨੇ ਕਿਹਾ ਕਿ - ਅਸੀਂ ਇੰਨੀ ਵੱਡੀ ਮਹਾਂਮਾਰੀ ਵਿੱਚ ਵੀ ਸਿਸਟਮ ਵਿਚ ਕੋਈ ਖਰਾਬੀ ਨਹੀਂ ਆਉਣ ਦਿੱਤੀ। ਬਿਹਾਰ ਦਾ ਬਜਟ 2 ਲੱਖ ਕਰੋੜ ਹੋ ਗਿਆ ਹੈ ।