ਭਾਜਪਾ ਮੰਤਰੀ ਦੇ ਪੈਟਰੋਲ ਵਾਲੇ ਬਿਆਨ 'ਤੇ ਅਖਿਲੇਸ਼ ਯਾਦਵ ਨੇ ਸਾਧਿਆ ਨਿਸ਼ਾਨਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸੱਚਾਈ ਇਹ ਹੈ ਕਿ 95% ਲੋਕਾਂ ਨੂੰ ਭਾਜਪਾ ਦੀ ਲੋੜ ਨਹੀਂ ਹੈ।

Akhilesh Yadav

"ਹੁਣ ਤਾਂ ਮੰਤਰੀ ਨੂੰ ਵੀ ਪੈਟਰੋਲ ਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਜਨਤਾ ਉਨ੍ਹਾਂ ਨੂੰ ਪੈਦਲ ਕਰ ਦੇਵੇਗੀ": ਅਖਿਲੇਸ਼ ਯਾਦਵ 

ਲਖਨਊ : ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸ਼ੁੱਕਰਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ਦੇ ਮੰਤਰੀ ਵਲੋਂ ਦਿੱਤੇ ਬਿਆਨ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ '' ਹੁਣ ਮੰਤਰੀ ਨੂੰ ਪੈਟਰੋਲ ਦੀ ਲੋੜ ਨਹੀਂ ਪਵੇਗੀ ਕਿਉਂਕਿ ਜਨਤਾ ਉਨ੍ਹਾਂ ਨੂੰ ਪੈਦਲ ਕਰ ਦੇਵੇਗੀ। '' 

ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਖੇਡ ਰਾਜ ਮੰਤਰੀ (ਸੁਤੰਤਰ ਚਾਰਜ) ਉਪੇਂਦਰ ਤਿਵਾੜੀ ਨੇ ਵੀਰਵਾਰ ਨੂੰ ਜਾਲੌਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਸੀ ਕਿ ਪ੍ਰਤੀ ਵਿਅਕਤੀ ਆਮਦਨ ਦੇ ਲਿਹਾਜ਼ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਬਹੁਤ ਘੱਟ ਵਧੀਆਂ ਹਨ ਅਤੇ 95 ਫ਼ੀ ਸਦੀ ਲੋਕਾਂ ਨੂੰ ਪੈਟਰੋਲ ਦੀ ਜ਼ਰੂਰਤ ਨਹੀਂ ਹੈ।

ਜਦੋਂ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਬਾਰੇ ਪੁੱਛਿਆ ਗਿਆ ਤਾਂ ਤਿਵਾੜੀ ਨੇ ਕਿਹਾ, "ਅੱਜ ਮੁੱਠੀ ਭਰ ਲੋਕ ਹਨ ਜੋ ਚਾਰ ਪਹੀਆ ਵਾਹਨਾਂ 'ਤੇ ਗੱਡੀ ਚਲਾ ਰਹੇ ਹਨ, ਜਿਨ੍ਹਾਂ ਲਈ ਪੈਟਰੋਲ ਜ਼ਰੂਰੀ ਹੈ। ਅੱਜ ਸਮਾਜ ਵਿਚ  95% ਲੋਕ ਹਨ ਜਿਨ੍ਹਾਂ ਨੂੰ ਪੈਟਰੋਲ- ਡੀਜ਼ਲ ਦੀ ਲੋੜ ਹੀ ਨਹੀਂ ਹੈ।" 

ਸ਼ੁੱਕਰਵਾਰ ਨੂੰ ਸਪਾ ਮੁਖੀ ਯਾਦਵ ਨੇ ਇੱਕ ਟਵੀਟ ਵਿੱਚ ਕਿਹਾ, 'ਉੱਤਰ ਪ੍ਰਦੇਸ਼ ਦੇ ਭਾਜਪਾ ਮੰਤਰੀ ਨੇ ਕਿਹਾ ਕਿ ਆਮ ਜਨਤਾ ਮਹਿੰਗੇ ਪੈਟਰੋਲ ਦੀ ਪਰਵਾਹ ਨਹੀਂ ਕਰਦੀ ਕਿਉਂਕਿ 95% ਲੋਕਾਂ ਨੂੰ ਪੈਟਰੋਲ ਦੀ ਜ਼ਰੂਰਤ ਨਹੀਂ ਹੁੰਦੀ। ਹੁਣ ਮੰਤਰੀ ਨੂੰ ਵੀ ਨਹੀਂ ਪਏਗੀ ਕਿਉਂਕਿ ਜਨਤਾ ਉਨ੍ਹਾਂ ਨੂੰ ਪੈਦਲ ਕਰ ਦੇਵੇਗੀ। ਸੱਚਾਈ ਇਹ ਹੈ ਕਿ 95% ਲੋਕਾਂ ਨੂੰ ਭਾਜਪਾ ਦੀ ਲੋੜ ਨਹੀਂ ਹੈ।

ਉਨ੍ਹਾਂ ਨੇ ਕਿਹਾ ਕਿ "ਥਾਰ" ਵਿੱਚ ਡੀਜ਼ਲ ਹੈ, ਹੈ ਨਾ? " ਇਹ ਸਵਾਲ ਪੁੱਛ ਕੇ, ਯਾਦਵ ਨੇ 3 ਅਕਤੂਬਰ ਨੂੰ ਲਖੀਮਪੁਰ ਖੇੜੀ ਵਿੱਚ ਹੋਈ ਹਿੰਸਾ ਵੱਲ ਧਿਆਨ ਖਿੱਚਿਆ, ਜਿਸ ਵਿੱਚ ਇੱਕ ਥਾਰ ਜੀਪ ਦੇ ਕੁਚਲਣ ਨਾਲ ਚਾਰ ਕਿਸਾਨਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ 'ਟੋਨੀ' ਦੇ ਪੁੱਤਰ ਅਸ਼ੀਸ਼ ਮਿਸ਼ਰਾ ਵਿਰੁੱਧ ਕਤਲ ਅਤੇ ਕੁਚਲਣ ਦਾ ਮਾਮਲਾ ਦਰਜ ਕੀਤਾ ਗਿਆ ਸੀ।