ਸਿੰਘੂ ਬਾਰਡਰ 'ਤੇ ਮਜ਼ਦੂਰ ਦੀ ਕੁੱਟਮਾਰ ਕਰਨ ਤੇ ਲੱਤ ਤੋੜਨ ਦੇ ਦੋਸ਼ 'ਚ ਨਿਹੰਗ ਨਵੀਨ ਕੁਮਾਰ ਗ੍ਰਿਫ਼ਤਾਰ
ਸੋਨੀਪਤ ਪੁਲਿਸ ਵੱਲੋਂ ਨਿਹੰਗ ਖਿਲਾਫ਼ ਐੱਫ. ਆਈ. ਆਰ. ਵੀ ਦਰਜ ਕਰ ਲਈ ਗਈ ਹੈ।
ਨਵੀਂ ਦਿੱਲੀ - ਸਿੰਘੂ ਬਾਰਡਰ ‘ਤੇ ਇਕ ਮਜ਼ਦੂਰ ਦੀ ਕੁੱਟਮਾਰ ਕਰਨ ਤੇ ਲੱਤ ਤੋੜਨ ਦੇ ਦੋਸ਼ ਵਿਚ ਨਿਹੰਗ ਨਵੀਨ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸੋਨੀਪਤ ਪੁਲਿਸ ਵੱਲੋਂ ਨਿਹੰਗ ਖਿਲਾਫ਼ ਐੱਫ. ਆਈ. ਆਰ. ਵੀ ਦਰਜ ਕਰ ਲਈ ਗਈ ਹੈ। ਬੀਤੇ ਦਿਨੀਂ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਸਿੰਘੂ ਬਾਰਡਰ ‘ਤੇ ਬਾਬਾ ਅਮਨ ਸਿੰਘ ਦੀ ਟੀਮ ਦੇ ਮੈਂਬਰ ਨਿਹੰਗ ਨਵੀਨ ਕੁਮਾਰ ਨੇ ਸ਼ੁੱਕਰਵਾਰ ਸਵੇਰੇ ਕਰੀਬ 11 ਵਜੇ ਸਿੰਘੂ ਸਰਹੱਦ ‘ਤੇ ਕੁੱਕੜ ਸਪਲਾਈ ਕਰਨ ਵਾਲੇ ਇੱਕ ਮਜ਼ਦੂਰ ਦੀ ਲੱਤ ਤੋੜ ਦਿੱਤੀ ਸੀ।
ਮਜ਼ਦੂਰ ਦੀ ਪਛਾਣ ਮਨੋਜ ਪਾਸਵਾਨ ਵਜੋਂ ਹੋਈ ਹੈ ਅਤੇ ਉਹ ਬਿਹਾਰ ਦਾ ਰਹਿਣ ਵਾਲਾ ਹੈ। ਨਵੀਨ ਕੁਮਾਰ ਨੇ ਪਹਿਲਾਂ ਮਨੋਜ ਪਾਸਵਾਨ ਤੋਂ ਕੁੱਕੜ ਮੰਗਿਆ ਅਤੇ ਜਦੋਂ ਉਸ ਨੇ ਦੇਣ ਤੋਂ ਮਨ੍ਹਾ ਕੀਤਾ ਤਾਂ ਉਸ ਨੇ ਡੰਡਿਆਂ ਨਾਲ ਕੁੱਟ ਕੇ ਉਸ ਦੀ ਲੱਤ ਤੋੜ ਦਿੱਤੀ। ਮਜ਼ਦੂਰ ਮਨੋਜ ਪਾਸਵਾਨ ਦੀ ਲੱਤ ਟੁੱਟਣ ਤੋਂ ਬਾਅਦ ਉਸ ਨੂੰ ਸੋਨੀਪਤ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਮਨੋਜ ਪਾਸਵਾਨ ਦੇ ਦੋ ਵੀਡੀਓ ਵੀ ਸਾਹਮਣੇ ਆਏ ਹਨ। ਪਹਿਲਾ ਵੀਡੀਓ 39 ਸੈਕਿੰਡ ਦਾ ਹੈ, ਜੋ ਕਿ ਸਿੰਘੂ ਬਾਰਡਰ ਦਾ ਹੈ। ਇਸ ‘ਚ ਜ਼ਮੀਨ ‘ਤੇ ਬੈਠਾ ਮਨੋਜ ਦੱਸ ਰਿਹਾ ਹੈ ਕਿ ਉਹ ਆਪਣੀ ਰਿਕਸ਼ਾ ‘ਚ ਕੁੰਡਲੀ ਅਤੇ ਨੇੜਲੇ ਪਿੰਡਾਂ ਨੂੰ ਕੁੱਕੜ ਸਪਲਾਈ ਕਰਨ ਜਾ ਰਿਹਾ ਸੀ।