SKM ਨੇ ਸਿੰਘੂ ਬਾਰਡਰ ਵਿਖੇ ਹੋਈ ਮੀਟਿੰਗ ’ਚ ਤੋਮਰ ਤੇ ਚੌਧਰੀ ਦੇ ਅਸਤੀਫ਼ੇ ਦੀ ਕੀਤੀ ਮੰਗ
15 ਅਕਤੂਬਰ ਨੂੰ ਸਿੰਘੂ ਮੋਰਚੇ ’ਤੇ ਹੋਏ ਕਤਲ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ
ਨਵੀਂ ਦਿੱਲੀ (ਸੁਖਰਾਜ ਸਿੰਘ): ਸੰਯੁਕਤ ਕਿਸਾਨ ਮੋਰਚਾ ਦੀ ਸਿੰਘੂ ਬਾਰਡਰ ’ਤੇ ਕੱਲ੍ਹ ਇਕ ਮੀਟਿੰਗ ਹੋਈ। ਇਸ ਮੀਟਿੰਗ ’ਚ ਐਸਕੇਐਮ ਨੇ ਇਕ ਵਾਰ ਫਿਰ 15 ਅਕਤੂਬਰ ਦੀਆਂ ਸਿੰਘੂ ਮੋਰਚੇ ’ਤੇ ਵਾਪਰੀਆਂ ਹਿੰਸਕ ਘਟਨਾਵਾਂ ਦੀ ਸਖ਼ਤ ਨਿਖੇਧੀ ਕੀਤੀ ਗਈ, ਹੁਣ ਤਕ ਦੇਸ਼ ਦੇ ਸਾਹਮਣੇ ਜੋ ਸਬੂਤ ਅਤੇ ਰਿਪੋਰਟਾਂ ਸਾਹਮਣੇ ਆਈਆਂ ਹਨ, ਉਨ੍ਹਾਂ ਤੋਂ ਇਹ ਸਪੱਸ਼ਟ ਹੈ ਕਿ ਇਹ ਘਟਨਾ ਇਸ ਤਰ੍ਹਾਂ ਨਹੀਂ ਵਾਪਰੀ ਇਸ ਦੇ ਪਿੱਛੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਤੇ ਇਸ ਨੂੰ ਹਿੰਸਾ ’ਚ ਫਸਾਉਣ ਦੀ ਸਾਜ਼ਸ਼ ਹੈ।
ਸੰਯੁਕਤ ਕਿਸਾਨ ਮੋਰਚਾ ਮੰਗ ਕਰਦਾ ਹੈ ਕਿ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਕੈਲਾਸ਼ ਚੌਧਰੀ, ਜਿਨ੍ਹਾਂ ਨੂੰ ਤਸਵੀਰਾਂ ’ਚ ਵੇਖਿਆ ਗਿਆ ਕਿ ਉਹ ਨਿਹੰਗ ਸਿੰਘ ਆਗੂ ਨੂੰ ਮਿਲੇ ਜਿਸ ਦਾ ਸਮੂਹ ਬੇਰਹਿਮੀ ਨਾਲ ਕਤਲ ’ਚ ਸ਼ਾਮਲ ਹੈ, ਉਨ੍ਹਾਂ ਨੂੰ ਤੁਰਤ ਅਸਤੀਫ਼ਾ ਦੇਣਾ ਚਾਹੀਦਾ ਹੈ। ਕਿਸਾਨਾਂ ਨੂੰ ਫਸਾਉਣ ਤੇ ਬਦਨਾਮ ਕਰਨ ਦੀ ਸਾਜ਼ਸ਼ ਅਤੇ ਡੂੰਘੀ ਸਾਜ਼ਸ਼ ਦੀ ਜਾਂਚ ਕਰਨ ਲਈ ਐਸਕੇਐਮ ਮੰਗ ਕਰਦਾ ਹੈ ਕਿ ਸੁਪਰੀਮ ਕੋਰਟ ਦੇ ਜੱਜ ਦੁਆਰਾ ਜਾਂਚ ਸ਼ੁਰੂ ਕੀਤੀ ਜਾਵੇ। ਐਸਕੇਐਮ ਪਹਿਲਾਂ ਹੀ ਸਪਸ਼ਟ ਕਰ ਚੁੱਕੀ ਹੈ ਕਿ ਮੋਰਚੇ ਦਾ ਇਸ ਘਟਨਾ ਵਿਚ ਸ਼ਾਮਲ ਨਿਹੰਗ ਸਿੱਖਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਐਸਕੇਐਮ ਹੁਣ ਸਪੱਸ਼ਟ ਰੂਪ ਵਿਚ ਸਪੱਸ਼ਟ ਕਰਨਾ ਚਾਹੁੰਦਾ ਹੈ ਕਿ ਇਸ ਕਤਲ ਵਿਚ ਦੋਸ਼ੀ ਸਮੂਹਾਂ ਅਤੇ ਭਾਈਚਾਰਿਆਂ ਲਈ ਸਿੰਘੂ ਬਾਰਡਰ ਮੋਰਚੇ ਜਾਂ ਕਿਸੇ ਹੋਰ ਮੋਰਚੇ ਵਿਚ ਕੋਈ ਥਾਂ ਨਹੀਂ ਹੈ। ਇਹ ਇਕ ਕਿਸਾਨ ਅੰਦੋਲਨ ਹੈ ਨਾ ਕਿ ਇਕ ਧਾਰਮਕ ਅੰਦੋਲਨ। ਲਖੀਮਪੁਰ ਖੇੜੀ ਕਿਸਾਨਾਂ ਦੇ ਕਤਲੇਆਮ ਤੋਂ ਬਾਅਦ ਐਸਕੇਐਮ ਨੇ ਇਸ ਘਟਨਾ ਵਿਚ ਨਿਆਂ ਯਕੀਨੀ ਬਣਾਉਣ ਲਈ ਕਈ ਪ੍ਰੋਗਰਾਮਾਂ ਦਾ ਐਲਾਨ ਕੀਤਾ ਸੀ।
ਇਹ ਐਲਾਨ ਕੀਤਾ ਗਿਆ ਸੀ ਕਿ 26 ਅਕਤੂਬਰ ਨੂੰ ਲਖਨਊ ਵਿਚ ਇਕ ਕਿਸਾਨ ਮਹਾਂਪੰਚਾਇਤ ਦਾ ਆਯੋਜਨ ਕੀਤਾ ਜਾਵੇਗਾ। ਅੱਜ, ਐਸਕੇਐਮ ਨੇ ਇਸ ਸਮੇਂ ਮੌਸਮ ਦੀ ਮਾੜੀ ਸਥਿਤੀ ਅਤੇ ਵਾਢੀ ਦੇ ਮੌਸਮ ਨੂੰ ਧਿਆਨ ਵਿਚ ਰਖਦੇ ਹੋਏ ਇਸ ਮਹਾਂਪੰਚਾਇਤ ਨੂੰ 22 ਨਵੰਬਰ ਤਕ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ।
ਕਾਰਵਾਈ ਦੀ ਇਕ ਤਾਜ਼ਾ ਮੰਗ ਵਿਚ, ਸੰਯੁਕਤ ਕਿਸਾਨ ਮੋਰਚਾ ਨੇ 26 ਅਕਤੂਬਰ ਨੂੰ ਪੂਰੇ ਦੇਸ਼ ਵਿਚ ਧਰਨੇ ਦੇਣ, ਅਜੈ ਮਿਸ਼ਰਾ ਟੇਨੀ ਦੀ ਬਰਖ਼ਾਸਤਗੀ ਅਤੇ ਗ੍ਰਿਫਤਾਰੀ ਲਈ ਦਬਾਅ ਪਾਉਣ ਅਤੇ ਵਿਰੋਧ ਪ੍ਰਦਰਸ਼ਨਾਂ ਦੇ 11 ਮਹੀਨਿਆਂ ਦੇ ਪੂਰੇ ਹੋਣ ਨੂੰ ਮਨਾਉਣ ਲਈ ਇਕ ਸਰਬ-ਭਾਰਤੀ ਸੱਦਾ ਦਿਤਾ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਕਲ ਸਿੰਘੂ ਮੋਰਚਾ ਵਿਖੇ ਮੀਟਿੰਗ ਹੋਈ। ਘਟਨਾ ਦੀ ਤੱਥ ਖੋਜ ਰਿਪੋਰਟ ਪੇਸ਼ ਕਰਨ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਸੀ। ਮੀਟਿੰਗ ਨੇ ਪੰਜਾਬ ਦੇ ਕਿਸਾਨਾਂ ਨੂੰ ਸਰਕਾਰ ਦੀਆਂ ਚਲ ਰਹੀਆਂ ਸਾਜ਼ਸ਼ਾਂ ਨੂੰ ਨਾਕਾਮ ਕਰਨ ਲਈ ਵੱਡੀ ਗਿਣਤੀ ਵਿਚ ਪਹੁੰਚ ਕੇ ਮੋਰਚੇ ਨੂੰ ਮਜ਼ਬੂਤ ਕਰਨ ਦਾ ਸੱਦਾ ਦਿਤਾ।