ਸਕੂਲ ’ਚ ਹੰਗਾਮਾ: ਮਹਿਲਾ ਅਧਿਆਪਕਾ ਨੇ ਕਲਾਸ ਰੂਮ 'ਚ ਪ੍ਰਿੰਸੀਪਲ ਨੂੰ ਗੁੱਤੋਂ ਫੜ ਕੇ ਘੜੀਸਿਆ
ਇਸ ਘਟਨਾ ਤੋਂ ਬਾਅਦ ਪੂਰਾ ਸਕੂਲ ਅਤੇ ਬੱਚੇ ਡਰੇ ਹੋਏ ਹਨ।
ਉੱਤਰ ਪ੍ਰਦੇਸ਼: ਬਾਰਾਬੰਕੀ ਜ਼ਿਲ੍ਹੇ ਦਾ ਇਕ ਕੰਪੋਜਿਟ ਸਕੂਲ ਉਸ ਸਮੇਂ ਅਖਾੜੇ ਵਿਚ ਬਦਲ ਗਿਆ ਜਦੋਂ ਇਕ ਸਹਾਇਕ ਅਧਿਆਪਕਾ ਨੇ ਕਲਾਸ ਰੂਮ ਵਿਚ ਮੁੱਖ ਅਧਿਆਪਕਾ ਨੂੰ ਵਾਲਾਂ ਤੋਂ ਫੜ੍ਹ ਕੇ ਘਸੀਟਣਾ ਸ਼ੁਰੂ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸਹਾਇਕ ਅਧਿਆਪਕਾ ਹਰ ਰੋਜ਼ ਬੱਚਿਆਂ ਨੂੰ ਕੁੱਟਦੀ ਰਹਿੰਦੀ ਹੈ। ਜਦੋਂ ਸਹਾਇਕ ਅਧਿਆਪਕਾ ਨੂੰ ਰੋਕਿਆ ਜਾਂਦਾ ਹੈ ਤਾਂ ਧੱਕੇਸ਼ਾਹੀ ਉਤੇ ਉਤਰ ਆਈ। ਅੱਜ ਫਿਰ ਸਹਾਇਕ ਅਧਿਆਪਕਾ ਬੱਚਿਆਂ ਦੀ ਕੁੱਟਮਾਰ ਕਰ ਰਹੀ ਸੀ।
ਸਕੂਲ ਵਿੱਚ ਮੌਜੂਦ ਪ੍ਰਿਸੀਪਲ ਨੇ ਜਦੋਂ ਉਸ ਨੂੰ ਰੋਕਿਆ ਤਾਂ ਉਸ ਨੇ ਪ੍ਰਿਸੀਪਲ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਕੁੱਟਮਾਰ ਕਾਰਨ ਮੁੱਖ ਅਧਿਆਪਕਾ ਬੇਹੋਸ਼ ਹੋ ਗਈ। ਸਕੂਲ 'ਚ ਮੌਜੂਦ ਬਾਕੀ ਅਧਿਆਪਕਾਂ ਨੇ ਕਿਸੇ ਤਰ੍ਹਾਂ ਮਾਮਲਾ ਸ਼ਾਂਤ ਕਰਵਾਇਆ, ਜਿਸ ਤੋਂ ਬਾਅਦ ਮੁੱਖ ਅਧਿਆਪਕਾ ਨੇ ਸਥਾਨਕ ਥਾਣੇ 'ਚ ਸ਼ਿਕਾਇਤ ਦੇ ਕੇ ਸਹਾਇਕ ਅਧਿਆਪਕਾ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਸਕੂਲ 'ਚ ਹੋਈ ਲੜਾਈ ਦੌਰਾਨ ਉੱਥੇ ਮੌਜੂਦ ਇੱਕ ਅਧਿਆਪਕ ਨੇ ਇਸ ਦਾ ਵੀਡੀਓ ਬਣਾ ਲਿਆ, ਜੋ ਹੁਣ ਵਾਇਰਲ ਹੋ ਰਿਹਾ ਹੈ।
ਇਹ ਸਾਰਾ ਮਾਮਲਾ ਬਾਰਾਬੰਕੀ ਜ਼ਿਲ੍ਹੇ ਦੇ ਦੇਵਾ ਇਲਾਕੇ ਦੇ ਪਹਿਲੀ ਤੋਂ 8ਵੀਂ ਜਮਾਤ ਦੇ ਕੰਪੋਜ਼ਿਟ ਸਕੂਲ ਸਿਸਵਾਰਾ ਦਾ ਹੈ। ਇੱਥੇ ਨਿਯੁਕਤ ਪ੍ਰਿਸੀਪਲ ਨੇ ਸਹਾਇਕ ਅਧਿਆਪਕਾ ਨੇਹਾ ਰਸਤੋਗੀ 'ਤੇ ਉਸ ਦੀ ਕੁੱਟਮਾਰ ਕਰਨ ਦਾ ਦੋਸ਼ ਲਾਇਆ ਹੈ।
ਪ੍ਰਿਸੀਪਲ ਨੇ ਦੋਸ਼ ਲਾਇਆ ਕਿ ਸਹਾਇਕ ਅਧਿਆਪਕਾ ਨੇਹਾ ਰਸਤੋਗੀ ਹਰ ਰੋਜ਼ ਬੱਚਿਆਂ ਨੂੰ ਕੁੱਟ-ਕੁੱਟ ਕੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਦੀ ਹੈ। ਇਸ ਸਬੰਧੀ ਕਈ ਵਾਰ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਜਾ ਚੁੱਕੀ ਹੈ।
ਅੱਜ ਫਿਰ ਇਹ ਸਹਾਇਕ ਅਧਿਆਪਕਾ ਬੱਚਿਆਂ ਦੀ ਕੁੱਟਮਾਰ ਕਰ ਰਹੀ ਸੀ। ਜਦੋਂ ਮੈਂ ਰੋਕਿਆ ਤਾਂ ਸਹਾਇਕ ਅਧਿਆਪਕਾ ਨੇਹਾ ਰਸਤੋਗੀ ਨੇ ਮੇਰਾ ਗਲਾ ਘੁੱਟ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਤੋਂ ਬਾਅਦ ਪੂਰਾ ਸਕੂਲ ਅਤੇ ਬੱਚੇ ਡਰੇ ਹੋਏ ਹਨ।