ਦਿੱਲੀ 'ਚ ਅਕਤੂਬਰ ਨਵੰਬਰ ਦੌਰਾਨ ਵਧਣ ਵਾਲੇ ਪ੍ਰਦੂਸ਼ਣ ਲਈ ਪਰਾਲ਼ੀ ਜਲਾਉਣਾ ਮੁੱਖ ਕਾਰਨ - ਅਧਿਐਨ 

ਏਜੰਸੀ

ਖ਼ਬਰਾਂ, ਰਾਸ਼ਟਰੀ

ਪਰਾਲ਼ੀ ਸਾੜਨਾ ਹਾਲੇ ਵੀ ਦਿੱਲੀ ਦੇ ਪ੍ਰਦੂਸ਼ਣ ਦਾ ਮੁੱਖ ਕਾਰਨ,  ਇਸ ਰੁਝਾਨ ਦੇ ਵਿਕਲਪਾਂ ਦੀ ਚੋਣ ਕਰਨਾ ਸਮੇਂ ਦੀ ਲੋੜ  

File Photo

ਨਵੀਂ ਦਿੱਲੀ - ਅਕਤੂਬਰ ਅਤੇ ਨਵੰਬਰ ਦੌਰਾਨ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਦੇ ਖ਼ਰਾਬ ਹੋਣ ਦਾ, ਪਰਾਲ਼ੀ ਸਾੜਨਾ ਹਾਲੇ ਵੀ ਮੁੱਖ ਕਾਰਨ ਹੈ। ਇਹ ਗੱਲ ਸੈਂਟਰ ਫ਼ਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ ਦੇ ਅਧਿਐਨ ਵਿੱਚ ਸਾਹਮਣੇ ਆਈ ਹੈ। ਇਸ 'ਚ ਕਿਹਾ ਗਿਆ ਹੈ ਕਿ ਦਿੱਲੀ ਦੀ ਖ਼ਰਾਬ ਹਵਾ ਦਾ ਕਾਰਨ ਬਣਦੇ ਪ੍ਰਦੂਸ਼ਣ ਦੇ ਮੁੱਖ ਸਰੋਤਾਂ ਵਿੱਚ 'ਨਿਕਾਸ ਨਿਯੰਤਰਣ ਤਕਨੀਕਾਂ ਦੀ ਘਾਟ', ਵਾਹਨਾਂ ਦੇ ਨਿਕਾਸ ਅਤੇ ਪਰਾਲ਼ੀ ਸਾੜਨਾ ਸ਼ਾਮਲ ਹੈ, ਜਿਸ ਨਾਲ ਸ਼ਹਿਰ ਦੀ ਹਵਾ ਦੀ ਗੁਣਵੱਤਾ ਬਹੁਤ ਖ਼ਤਰਨਾਕ ਪੱਧਰ ਤੱਕ ਪਹੁੰਚ ਜਾਂਦੀ ਹੈ।

ਅਧਿਐਨ ਵਿੱਚ ਕਿਹਾ ਗਿਆ ਹੈ, "5 ਤੋਂ 11 ਅਕਤੂਬਰ ਦਰਮਿਆਨ ਹੋਈ ਬਾਰਿਸ਼ ਨਾਲ ਦਿੱਲੀ ਵਾਸੀਆਂ ਨੂੰ ਹਵਾ ਪ੍ਰਦੂਸ਼ਣ ਤੋਂ ਕੁਝ ਰਾਹਤ ਮਿਲੀ, ਉਦੋਂ ਤੋਂ ਸ਼ਹਿਰ ਦੀ ਵਾਤਾਵਰਣ ਦੀ ਗੁਣਵੱਤਾ ਵਿੱਚ ਕਾਫ਼ੀ ਗਿਰਾਵਟ ਆਈ ਹੈ, ਅਤੇ ਸਰਦੀਆਂ ਦੇ ਨੇੜੇ ਆਉਣ ਨਾਲ ਅਜਿਹਾ ਹੋਣਾ ਜਾਰੀ ਰਹੇਗਾ।" ਇਸ ਵਿੱਚ ਕਿਹਾ ਗਿਆ ਹੈ ਕਿ ਗੁਰੂਗ੍ਰਾਮ, ਗਾਜ਼ੀਆਬਾਦ, ਨੋਇਡਾ, ਫ਼ਰੀਦਾਬਾਦ, ਪਾਣੀਪਤ, ਅੰਬਾਲਾ, ਅੰਮ੍ਰਿਤਸਰ ਅਤੇ ਜਲੰਧਰ ਸਮੇਤ ਦਿੱਲੀ ਦੇ ਨਾਲ ਲੱਗਦੇ ਸ਼ਹਿਰਾਂ ਅਤੇ ਪੇਂਡੂ ਖੇਤਰਾਂ ਵਿਚ ਵੀ ਇਸੇ ਤਰ੍ਹਾਂ ਦੇ ਜਾਂ ਇਸ ਤੋਂ ਵੀ ਮਾੜੇ ਪ੍ਰਦੂਸ਼ਣ ਪੱਧਰ ਦੀ ਉਮੀਦ ਹੈ।

ਅਧਿਐਨ ਵਿੱਚ ਕਿਹਾ ਗਿਆ ਹੈ ਕਿ ਮਾਨਸੂਨ ਦੇ ਮਹੀਨਿਆਂ (ਜੁਲਾਈ-ਸਤੰਬਰ) ਤੋਂ ਇਲਾਵਾ, ਦਿੱਲੀ ਦਾ ਵਾਤਾਵਰਣ ਪ੍ਰਦੂਸ਼ਣ ਭਾਰਤ ਵਿੱਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਨਿਰਧਾਰਿਤ ਸਾਲਾਨਾ ਅਤੇ ਰੋਜ਼ਾਨਾ ਪੀ.ਐਮ. 2.5 ਮਾਪਦੰਡਾਂ ਦੀ ਤੁਲਨਾ ਵਿੱਚ 'ਕਾਫ਼ੀ ਵੱਧ' ਹੁੰਦਾ ਹੈ। ਸੈਂਟਰ ਫ਼ਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ ਅਨੁਸਾਰ, ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਅਕਤੂਬਰ ਦੇ ਆਖਰੀ ਹਫ਼ਤੇ ਤੋਂ ਨਵੰਬਰ ਦੇ ਅੱਧ ਤੱਕ ਵਿਗੜਦੀ ਹੈ, ਅਤੇ 15-20 ਦਿਨਾਂ (ਅਕਤੂਬਰ ਦੇ ਆਖਰੀ ਹਫ਼ਤੇ ਅਤੇ ਨਵੰਬਰ ਦੇ ਅੱਧ ਵਿੱਚ) ਦੌਰਾਨ ਪਰਾਲ਼ੀ ਸਾੜਨ ਅਤੇ ਮੌਜੂਦਾ ਸਰੋਤਾਂ ਤੋਂ ਇਲਾਵਾ ਦੀਵਾਲੀ ਦੇ ਤਿਉਹਾਰ ਦੇ ਨੇੜੇ-ਤੇੜੇ ਪਟਾਕਿਆਂ ਦਾ ਜਲਾਇਆ ਜਾਣਾ ਇਸ ਵਾਸਤੇ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ। 

ਇਸ ਵਿੱਚ ਕਿਹਾ ਗਿਆ ਹੈ ਕਿ ਸਾਲਾਨਾ ਹਵਾ ਪ੍ਰਦੂਸ਼ਣ ਸੰਕਟ ਦਾ ਬਿਹਤਰ ਪ੍ਰਬੰਧਨ ਕਰਨ ਲਈ, ਸਰਕਾਰੀ ਏਜੰਸੀਆਂ ਨੂੰ 'ਕਿਸਾਨਾਂ ਨਾਲ ਜੁੜਨਾ ਚਾਹੀਦਾ ਹੈ' ਅਤੇ ਪਰਾਲ਼ੀ ਸਾੜਨ ਦੇ 'ਵਿਕਲਪਾਂ ਦੀ ਵਕਾਲਤ' ਕਰਨੀ ਚਾਹੀਦੀ ਹੈ।