ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ, 4 ਸਾਲਾ ਮਾਸੂਮ ਨਾਲ ਬਲਾਤਕਾਰ ਦੇ ਦੋਸ਼ੀ ਨੂੰ ਆਖ਼ਰੀ ਸਾਹ ਤੱਕ ਜੇਲ੍ਹ ’ਚ ਰੱਖਣ ਦੀ ਸੁਣਾਈ ਸਜ਼ਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਦਾਲਤ ਨੇ ਇਸ ਪੂਰੇ ਮਾਮਲੇ ਦੀ ਸੁਣਵਾਈ ਮਹਿਜ਼ 53 ਦਿਨਾਂ 'ਚ ਪੂਰੀ ਕਰਦੇ ਹੋਏ ਦੋਸ਼ੀ ਨੂੰ ਸਜ਼ਾ ਸੁਣਾਈ

The court gave an exemplary sentence

 

ਜੋਧਪੁਰ: ਪੋਕਸੋ ਅਦਾਲਤ ਨੇ ਜੋਧਪੁਰ ਜ਼ਿਲ੍ਹੇ ਵਿਚ 4 ਸਾਲ ਦੀ ਮਾਸੂਮ ਨਾਲ ਬਲਾਤਕਾਰ ਦੇ ਮਾਮਲੇ ਵਿਚ 25 ਸਾਲਾ ਦੋਸ਼ੀ ਨੂੰ ਉਮਰ ਦੇ ਆਖ਼ਰੀ ਸਾਹ ਤੱਕ ਜੇਲ੍ਹ ਵਿਚ ਰੱਖਣ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਸ ਪੂਰੇ ਮਾਮਲੇ ਦੀ ਸੁਣਵਾਈ ਮਹਿਜ਼ 53 ਦਿਨਾਂ 'ਚ ਪੂਰੀ ਕਰਦੇ ਹੋਏ ਦੋਸ਼ੀ ਨੂੰ ਸਜ਼ਾ ਸੁਣਾਈ।

ਪੋਕਸੋ ਕੋਰਟ ਦੇ ਜੱਜ ਅਨਿਲ ਆਰੀਆ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ ਵਿੱਚ ਬੱਚੀਆਂ ਨੂੰ ਦੇਵੀ ਮੰਨਿਆ ਜਾਂਦਾ ਹੈ। ਉਸ ਦੇ ਸਰੂਪ ਦੀ ਪੂਜਾ ਕੀਤੀ ਜਾਂਦੀ ਹੈ। ਅਜਿਹੇ ਸਮਾਜ ਵਿੱਚ ਅਜਿਹੇ ਅਪਰਾਧ ਬਰਦਾਸ਼ਤ ਨਹੀਂ ਕੀਤੇ ਜਾਣਗੇ।

ਇਹ ਘਟਨਾ 6 ਜੁਲਾਈ 2022 ਨੂੰ ਜੋਧਪੁਰ ਜ਼ਿਲ੍ਹੇ ਦੇ ਬਾਲੇਸਰ ਥਾਣਾ ਖੇਤਰ ਵਿੱਚ ਵਾਪਰੀ ਸੀ। ਉੱਥੇ 4 ਸਾਲ ਦੀ ਮਾਸੂਮ ਆਪਣੇ ਘਰ ਦੇ ਸਾਹਮਣੇ ਮੰਜੇ ਉਤੇ ਸੌਂ ਰਹੀ ਸੀ। ਮਾਸੂਮ ਦੇ ਮਾਤਾ-ਪਿਤਾ ਘਰ ਦੇ ਸਾਹਮਣੇ ਸਥਿਤ ਖੇਤ ਵਿੱਚ ਕੰਮ ਵਿੱਚ ਰੁੱਝੇ ਹੋਏ ਸਨ। ਇਸ ਦੌਰਾਨ 25 ਸਾਲਾ ਦੋਸ਼ੀ ਸੁਮੇਰਾ ਰਾਮ ਉਥੇ ਆਇਆ ਅਤੇ ਇਕੱਲਾ ਦੇਖ ਕੇ ਮਾਸੂਮ ਨਾਲ ਬਲਾਤਕਾਰ ਕੀਤਾ।

ਘਟਨਾ ਦੌਰਾਨ ਮਾਸੂਮ ਦੀ ਚੀਕ-ਚਿਹਾੜਾ ਸੁਣ ਕੇ ਉਸ ਦੇ ਮਾਤਾ-ਪਿਤਾ ਭੱਜਦੇ ਹੋਏ ਉਥੇ ਪਹੁੰਚੇ ਤਾਂ ਉਹ ਹਾਲਤ ਦੇਖ ਕੇ ਹੈਰਾਨ ਰਹਿ ਗਏ। ਦੋਸ਼ੀ ਮਾਸੂਮ ਨਾਲ ਬਲਾਤਕਾਰ ਕਰ ਰਿਹਾ ਹੈ। ਜਦੋਂ ਉਨ੍ਹਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਧੱਕਾ ਦੇ ਕੇ ਫਰਾਰ ਹੋ ਗਿਆ।

ਗੰਭੀਰ ਜ਼ਖ਼ਮੀ ਮਾਸੂਮ ਨੂੰ ਬਾਲੇਸਰ ਦੇ ਫਸਟ ਏਡ ਸੈਂਟਰ ਲਿਜਾਇਆ ਗਿਆ। ਇੱਥੋਂ ਮਾਸੂਮ ਨੂੰ ਜੋਧਪੁਰ ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਮੁਲਜ਼ਮ ਨੂੰ 17 ਅਗਸਤ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ ਅਤੇ 30 ਅਗਸਤ ਨੂੰ ਉਸ ਦਾ ਸੋਧਿਆ ਚਲਾਨ ਵੀ ਪੇਸ਼ ਕੀਤਾ।

ਦੋਵਾਂ ਧਿਰਾਂ ਦੀ ਅਪੀਲ ਸੁਣਨ ਤੋਂ ਬਾਅਦ ਪੋਕਸੋ ਕੋਰਟ ਦੇ ਜੱਜ ਅਨਿਲ ਆਰੀਆ ਨੇ ਦੋਸ਼ੀ ਨੂੰ ਉਮਰ ਭਰ ਜੇਲ੍ਹ 'ਚ ਰੱਖਣ ਦੀ ਸਜ਼ਾ ਸੁਣਾਈ। ਅਦਾਲਤ ਨੇ ਕਿਹਾ ਕਿ ਅਜਿਹੇ ਅਪਰਾਧਾਂ ਵਿੱਚ ਫਾਂਸੀ ਦੀ ਸਜ਼ਾ ਦੀ ਵਿਵਸਥਾ ਹੈ, ਪਰ ਸੁਪਰੀਮ ਕੋਰਟ ਦੇ ਫੈਸਲਿਆਂ ਵਿੱਚ ਕਿਹਾ ਗਿਆ ਹੈ ਕਿ ਮੌਤ ਦੀ ਸਜ਼ਾ ਸਿਰਫ਼ ਦੁਰਲੱਭ ਮਾਮਲਿਆਂ ਵਿੱਚ ਹੀ ਦਿੱਤੀ ਜਾਣੀ ਚਾਹੀਦੀ ਹੈ। ਅਜਿਹੇ 'ਚ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।