ਭਾਰਤ ਨੇ ਗਾਜ਼ਾ ਭੇਜੀ ਰਾਹਤ ਸਮੱਗਰੀ, ਦਵਾਈਆਂ, ਸਰਜਰੀ ਦਾ ਸਮਾਨ, ਟੈਂਟ ਆਦਿ ਜ਼ਰੂਰੀ ਸਮਾਨ ਭੇਜਿਆ
ਭਾਰਤ ਨੇ ਲਗਭਗ 6.5 ਟਨ ਡਾਕਟਰੀ ਸਹਾਇਤਾ ਅਤੇ 32 ਟਨ ਆਫ਼ਤ ਰਾਹਤ ਸਮੱਗਰੀ ਭੇਜੀ ਹੈ
ਨਵੀਂ ਦਿੱਲੀ - ਭਾਰਤ ਨੇ ਐਤਵਾਰ ਨੂੰ ਹਮਾਸ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਦੌਰਾਨ ਗਾਜ਼ਾ ਵਿਚ ਪ੍ਰਭਾਵਿਤ ਫਲਸਤੀਨੀਆਂ ਲਈ ਮਨੁੱਖੀ ਸਹਾਇਤਾ ਭੇਜੀ। ਭਾਰਤ ਨੇ ਲਗਭਗ 6.5 ਟਨ ਡਾਕਟਰੀ ਸਹਾਇਤਾ ਅਤੇ 32 ਟਨ ਆਫ਼ਤ ਰਾਹਤ ਸਮੱਗਰੀ ਭੇਜੀ ਹੈ, ਜੋ ਮਿਸਰ ਦੇ ਰਸਤੇ ਦੇਸ਼ ਪਹੁੰਚੇਗੀ। ਰਾਹਤ ਸਮੱਗਰੀ ਲੈ ਕੇ ਆਈਏਐਫ ਸੀ-17 ਉਡਾਣ ਮਿਸਰ ਦੇ ਅਲ-ਆਰਿਸ਼ ਹਵਾਈ ਅੱਡੇ ਲਈ ਰਵਾਨਾ ਹੋਈ।
ਸਮੱਗਰੀ ਵਿਚ ਜ਼ਰੂਰੀ ਜੀਵਨ-ਰੱਖਿਅਕ ਦਵਾਈਆਂ, ਸਰਜੀਕਲ ਵਸਤੂਆਂ, ਟੈਂਟ, ਸਲੀਪਿੰਗ ਬੈਗ, ਤਰਪਾਲਾਂ, ਸੈਨੀਟੇਸ਼ਨ ਸਹੂਲਤਾਂ, ਪਾਣੀ ਸ਼ੁੱਧ ਕਰਨ ਵਾਲੀਆਂ ਗੋਲੀਆਂ ਸਮੇਤ ਹੋਰ ਜ਼ਰੂਰੀ ਵਸਤਾਂ ਸ਼ਾਮਲ ਹਨ। ਇਸ ਸਬੰਧੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਲਿਖਿਆ, “ਫਲਸਤੀਨ ਦੇ ਲੋਕਾਂ ਲਈ ਲਗਭਗ 6.5 ਟਨ ਡਾਕਟਰੀ ਸਹਾਇਤਾ ਅਤੇ 32 ਟਨ ਆਫ਼ਤ ਰਾਹਤ ਸਮੱਗਰੀ ਲੈ ਕੇ ਆਈਏਐਫ ਸੀ-17 ਦੀ ਉਡਾਣ ਮਿਸਰ ਦੇ ਅਲ-ਆਰਿਸ਼ ਹਵਾਈ ਅੱਡੇ ਲਈ ਰਵਾਨਾ ਹੋਈ।" ਵਸਤੂਆਂ ਨੂੰ ਮਿਸਰ ਅਤੇ ਗਾਜ਼ਾ ਦੇ ਵਿਚਕਾਰ ਰਫਾਹ ਬਾਰਡਰ ਕ੍ਰਾਸਿੰਗ ਰਾਹੀਂ ਫਲਸਤੀਨ ਭੇਜਿਆ ਜਾਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਫਲਸਤੀਨੀ ਅਥਾਰਟੀ ਦੇ ਪ੍ਰਧਾਨ ਮਹਿਮੂਦ ਅੱਬਾਸ ਨਾਲ ਗੱਲਬਾਤ ਕਰਨ ਦੇ ਤਿੰਨ ਦਿਨ ਬਾਅਦ ਫਿਲੀਸਤੀਨ ਨੂੰ ਭਾਰਤ ਵੱਲੋਂ ਮਦਦ ਭੇਜੀ ਗਈ ਹੈ। ਵੀਰਵਾਰ ਨੂੰ ਆਪਣੀ ਗੱਲਬਾਤ ਦੌਰਾਨ ਪੀ.ਐੱਮ ਮੋਦੀ ਨੇ ਕਿਹਾ ਕਿ ਭਾਰਤ ਫਲਸਤੀਨੀਆਂ ਨੂੰ ਮਾਨਵਤਾਵਾਦੀ ਸਹਾਇਤਾ ਭੇਜਦਾ ਰਹੇਗਾ। ਉਸਨੇ ਇੱਕ ਹਸਪਤਾਲ 'ਤੇ ਬੰਬ ਧਮਾਕੇ ਕਾਰਨ ਗਾਜ਼ਾ ਪੱਟੀ ਵਿਚ ਨਾਗਰਿਕਾਂ ਦੇ ਹੋਏ ਨੁਕਸਾਨ 'ਤੇ ਵੀ ਸੰਵੇਦਨਾ ਜ਼ਾਹਰ ਕੀਤੀ। ਪੀ.ਐੱਮ ਮੋਦੀ ਨੇ ਅੱਬਾਸ ਨਾਲ ਗੱਲ ਕਰਨ ਤੋਂ ਬਾਅਦ ਕਿਹਾ ਕਿ ਖੇਤਰ ਵਿੱਚ ਅੱਤਵਾਦ, ਹਿੰਸਾ ਅਤੇ ਵਿਗੜਦੀ ਸੁਰੱਖਿਆ ਸਥਿਤੀ 'ਤੇ ਡੂੰਘੀ ਚਿੰਤਾ ਸਾਂਝੀ ਕੀਤੀ ਗਈ। ਇਜ਼ਰਾਈਲ-ਫਲਸਤੀਨ ਮੁੱਦੇ 'ਤੇ ਭਾਰਤ ਦੀ ਲੰਬੇ ਸਮੇਂ ਤੋਂ ਸਿਧਾਂਤਕ ਸਥਿਤੀ ਨੂੰ ਦੁਹਰਾਇਆ।