Delhi Air Pollution: ਦਿੱਲੀ ਦੀ ਆਬੋ-ਹਵਾ 5 ਸਾਲਾਂ ਦੇ ਸੱਭ ਤੋਂ ਹੇਠਲੇ ਪੱਧਰ ਉਤੇ, ਪੌਣਾਂ ਵਿਚ ਘੁਲਿਆ ਜ਼ਹਿਰ
ਇਸ ਸਾਲ ਦੀ ਦੀਵਾਲੀ ਹਾਲ ਹੀ ਦੇ ਸਾਲਾਂ ਵਿਚ ਸੱਭ ਤੋਂ ਪ੍ਰਦੂਸ਼ਿਤ ਦੀਵਾਲੀ 'ਚੋਂ ਇਕ ਸੀ
Delhi Air Pollution News: ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਅੰਕੜਿਆਂ ਦੇ ਵਿਸ਼ਲੇਸ਼ਣ ਮੁਤਾਬਕ ਦੀਵਾਲੀ ਤੋਂ ਬਾਅਦ ਦਿੱਲੀ ’ਚ ਹਵਾ ਗੁਣਵੱਤਾ ’ਚ ਤੇਜ਼ੀ ਨਾਲ ਗਿਰਾਵਟ ਆਈ ਹੈ ਅਤੇ ਸੂਖਮ ਕਣ (ਪੀ.ਐੱਮ. 2.5) ਪੰਜ ਸਾਲਾਂ ’ਚ ਸੱਭ ਤੋਂ ਉੱਚੇ ਪੱਧਰ ਉਤੇ ਹਨ। ਦੀਵਾਲੀ ਤੋਂ ਬਾਅਦ 24 ਘੰਟਿਆਂ ਵਿਚ ਔਸਤਨ ਪੀ.ਐਮ. 2.5 ਗਾੜ੍ਹਾਪਣ 488 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਨੂੰ ਛੂਹ ਗਿਆ, ਜੋ ਕਿ 156.6 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦੇ ਤਿਉਹਾਰ ਤੋਂ ਪਹਿਲਾਂ ਦੇ ਪੱਧਰ ਤੋਂ ਤਿੰਨ ਗੁਣਾ ਵੱਧ ਹੈ। 2021 ਤੋਂ 2025 ਦੀ ਮਿਆਦ ਦੇ ਵਿਸ਼ਲੇਸ਼ਣ ਨੇ ਵਿਖਾਇਆ ਕਿ ਪੀ.ਐਮ. 2.5 ਦੇ ਅੰਕੜੇ ਦੀਵਾਲੀ ਦੀ ਰਾਤ ਅਤੇ ਅਗਲੀ ਸਵੇਰ ਦੇ ਸਮੇਂ ਲਗਾਤਾਰ ਵਧਦੇ ਰਹੇ, 2025 ਦੀਵਾਲੀ ਤੋਂ ਬਾਅਦ 488 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦੀ ਰੀਡਿੰਗ 2021 ਤੋਂ ਬਾਅਦ ਸੱਭ ਤੋਂ ਪ੍ਰਦੂਸ਼ਿਤ ਸਮਾਂ ਸੀ।
ਅੰਕੜੇ ਦਰਸਾਉਂਦੇ ਹਨ ਕਿ ਪਿਛਲੇ ਸਾਲਾਂ ’ਚ, ਔਸਤ ਪੀ.ਐੱਮ. 2.5 ਦਾ ਪੱਧਰ 2021 ਵਿਚ 163.1 ਤੋਂ ਵਧ ਕੇ 454.5 ਹੋ ਗਿਆ ਸੀ, 2022 ਵਿਚ 129.3 ਤੋਂ ਵਧ ਕੇ 168, 2023 ਵਿਚ 92.9 ਤੋਂ 319.7 ਅਤੇ 2024 ਵਿਚ 204 ਤੋਂ ਵਧ ਕੇ 220 ਹੋ ਗਿਆ ਸੀ। ਖੋਜ ਅਤੇ ਸਲਾਹਕਾਰ ਸਮੂਹ ਕਲਾਈਮੇਟ ਟ੍ਰੈਂਡਜ਼ ਵਲੋਂ ਕੀਤੇ ਗਏ ਅਧਿਐਨ ਨੇ ਇਸ ਵਾਧੇ ਦਾ ਕਾਰਨ ਮੁੱਖ ਤੌਰ ਉਤੇ ਪਟਾਕਿਆਂ ਤੋਂ ਸਥਾਨਕ ਨਿਕਾਸ, ਹਵਾਵਾਂ ਦਾ ਨਾ ਚਲਣਾ ਅਤੇ ਤਾਪਮਾਨ ਦੇ ਵੀ ਅਨੁਕੂਲ ਨਾ ਹੋਣ ਨੂੰ ਦਸਿਆ ਹੈ ਜੋ ਪ੍ਰਦੂਸ਼ਕਾਂ ਨੂੰ ਸਤਹ ਦੇ ਨੇੜੇ ਰਖਦਾ ਹੈ। ਪੀ.ਐਮ.2.5 ਦੀ ਉੱਚ ਗਾੜ੍ਹਾਪਣ ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿਚ ਸਥਾਨਕ ਪਟਾਕਿਆਂ ਦੇ ਨਿਕਾਸ ਕਾਰਨ ਹੈ। ਦਿੱਲੀ ਯੂਨੀਵਰਸਿਟੀ ਦੇ ਰਾਜਧਾਨੀ ਕਾਲਜ ਦੇ ਪ੍ਰੋਫੈਸਰ ਐਸ.ਕੇ. ਢਾਕਾ ਨੇ ਕਿਹਾ ਕਿ ਹਵਾ ਦੀ ਗਤੀ ਬਹੁਤ ਘੱਟ ਸੀ, ਜਿਸ ਨਾਲ ਪ੍ਰਦੂਸ਼ਣ ਖਿੰਡਣ ਦੀ ਕੋਈ ਗੁੰਜਾਇਸ਼ ਨਹੀਂ ਸੀ।
ਉਨ੍ਹਾਂ ਅੱਗੇ ਕਿਹਾ ਕਿ ਇੱਥੋਂ ਤਕ ਕਿ ‘ਅਖੌਤੀ’ ਹਰਿਤ ਪਟਾਕਿਆਂ ਨੇ ਵੀ ਕਣਾਂ ਦੇ ਨਿਰਮਾਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਅਤੇ ਉਨ੍ਹਾਂ ਦੀ ਗੁਣਵੱਤਾ ਅਤੇ ਰਚਨਾ ਦੀ ਜਾਂਚ ਕਰਨ ਦੀ ਜ਼ਰੂਰਤ ਹੈ। ਮਾਹਰਾਂ ਨੇ ਕਿਹਾ ਕਿ ਪਾਬੰਦੀਆਂ ਦੇ ਬਾਵਜੂਦ ਪ੍ਰਦੂਸ਼ਣ ਦੇ ਪੱਧਰ ਵਿਚ ਲਗਾਤਾਰ ਵਾਧਾ ਲਾਗੂ ਕਰਨ ਦੇ ਪਾੜੇ ਅਤੇ ਸਿਹਤ ਚੇਤਾਵਨੀਆਂ ਪ੍ਰਤੀ ਜਨਤਕ ਅਣਦੇਖੀ ਦੋਹਾਂ ਨੂੰ ਦਰਸਾਉਂਦਾ ਹੈ। ਕਲਾਈਮੇਟ ਟ੍ਰੈਂਡਜ਼ ਦੀ ਸੰਸਥਾਪਕ ਅਤੇ ਨਿਰਦੇਸ਼ਕ ਆਰਤੀ ਖੋਸਲਾ ਨੇ ਕਿਹਾ, ‘‘ਇਹ ਨਿਰਾਸ਼ਾਜਨਕ ਹੈ ਕਿ ਪਟਾਕੇ ਚਲਾਉਣ ਦੇ ਨੁਕਸਾਨਦੇਹ ਅਸਰਾਂ ਨੂੰ ਵੇਖਣ ਦੇ ਸਾਲਾਂ ਬਾਅਦ, ਅਸੀਂ ਅਜੇ ਵੀ ਉਹੀ ਗਲਤੀ ਦੁਹਰਾਉਂਦੇ ਹਾਂ।’’
ਕਲਾਈਮੇਟ ਟ੍ਰੈਂਡਜ਼ ਦੇ ਰੀਸਰਚ ਲੀਡ ਪਲਕ ਬਾਲਿਆਨ ਨੇ ਕਿਹਾ ਕਿ ਇਸ ਸਾਲ ਦੀ ਦੀਵਾਲੀ ਹਾਲ ਹੀ ਦੇ ਸਾਲਾਂ ਵਿਚ ਸੱਭ ਤੋਂ ਪ੍ਰਦੂਸ਼ਿਤ ਦੀਵਾਲੀ ’ਚੋਂ ਇਕ ਸੀ। ਉਨ੍ਹਾਂ ਕਿਹਾ ਕਿ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਸਾਲ ਦੇ ਇਸ ਸਮੇਂ ਪਟਾਕੇ ਚਲਾਉਣ ਦੀ ਇਜਾਜ਼ਤ ਦੇਣਾ ਐਨਸੀਆਰ ਦੀ ਪਹਿਲਾਂ ਤੋਂ ਹੀ ਨਾਜ਼ੁਕ ਹਵਾ ਦੀ ਗੁਣਵੱਤਾ ਲਈ ਅਸਥਿਰ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਵੇਲੇ ਦਿੱਲੀ ਦੀ ਹਵਾ ਵਿਚ ਸਾਹ ਲੈਣਾ ਇਕ ਦਿਨ ਵਿਚ ਲਗਭਗ 10 ਸਿਗਰਟਾਂ ਪੀਣ ਦੇ ਬਰਾਬਰ ਹੈ। ਪ੍ਰਦੂਸ਼ਣ ਦੇ ਅਜਿਹੇ ਉੱਚ ਪੱਧਰ ਵਿਚ ਲੰਮੇ ਸਮੇਂ ਤਕ ਰਹਿਣ ਨਾਲ ਦਮਾ, ਬ੍ਰੌਨਕਾਈਟਸ ਅਤੇ ਹੋਰ ਗੰਭੀਰ ਸਾਹ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ ਜਾਂ ਪਹਿਲਾਂ ਤੋਂ ਇਨ੍ਹਾਂ ਬਿਮਾਰੀਆਂ ਨੂੰ ਹੋਰ ਵਿਗਾੜ ਸਕਦਾ ਹੈ ਅਤੇ ਦਿਲ ਦੀ ਬਿਮਾਰੀ ਦੇ ਜੋਖਮ ਨੂੰ ਮਹੱਤਵਪੂਰਣ ਰੂਪ ਵਿਚ ਵਧਾ ਸਕਦਾ ਹੈ। (ਪੀਟੀਆਈ)