ਜੰਮੂ-ਕਸ਼ਮੀਰ ਵਿਧਾਨ ਸਭਾ ਸੈਸ਼ਨ ਭਲਕੇ ਤੋਂ ਸ਼ੁਰੂ
ਜੰਮੂ-ਕਸ਼ਮੀਰ ਤੋਂ ਰਾਜ ਸਭਾ ਦੇ 4 ਮੈਂਬਰਾਂ ਦੀ ਚੋਣ ਲਈ ਸ਼ੁਕਰਵਾਰ ਨੂੰ ਵਿਧਾਨ ਸਭਾ ਵੋਟਿੰਗ ਹੋਵੇਗੀ
ਸ੍ਰੀਨਗਰ: ਜੰਮੂ-ਕਸ਼ਮੀਰ ਵਿਧਾਨ ਸਭਾ ਦਾ ਪਤਝੜ ਸੈਸ਼ਨ ਵੀਰਵਾਰ ਤੋਂ ਸ਼ੁਰੂ ਹੋਣ ਵਾਲਾ ਹੈ। ਇਸ ਦੌਰਾਨ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਸੂਬੇ ਦਾ ਦਰਜਾ ਦਿਵਾਉਣ, ਰਾਖਵਾਂਕਰਨ ਨੀਤੀ ਅਤੇ ਹਜ਼ਾਰਾਂ ਦਿਹਾੜੀਦਾਰ ਮਜ਼ਦੂਰਾਂ ਨੂੰ ਨਿਯਮਤ ਕਰਨ ਵਰਗੇ ਮੁੱਦੇ ਹਾਵੀ ਹੋਣ ਦੀ ਸੰਭਾਵਨਾ ਹੈ। 9 ਦਿਨਾਂ ਦੇ ਵਿਧਾਨ ਸਭਾ ਸੈਸ਼ਨ ਦੀ ਸ਼ੁਰੂਆਤ ਜੰਮੂ-ਕਸ਼ਮੀਰ ਦੇ ਸਾਬਕਾ ਵਿਧਾਇਕਾਂ ਨੂੰ ਸ਼ਰਧਾਂਜਲੀ ਦੇਣ ਨਾਲ ਹੋਵੇਗੀ, ਜਿਨ੍ਹਾਂ ਦਾ ਹਾਲ ਹੀ ਵਿਚ ਦੇਹਾਂਤ ਹੋ ਗਿਆ ਸੀ। ਜੰਮੂ-ਕਸ਼ਮੀਰ ਤੋਂ ਰਾਜ ਸਭਾ ਦੇ ਚਾਰ ਮੈਂਬਰਾਂ ਦੀ ਚੋਣ ਲਈ ਸ਼ੁਕਰਵਾਰ ਨੂੰ ਵਿਧਾਨ ਸਭਾ ਵੋਟਿੰਗ ਹੋਵੇਗੀ। ਇਹ ਸੀਟਾਂ 2021 ਤੋਂ ਖਾਲੀ ਹਨ ਕਿਉਂਕਿ ਪਿਛਲੇ ਸਾਲ ਤਕ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਹੋਈਆਂ ਸਨ।
ਮੌਜੂਦਾ ਵਿਧਾਨ ਸਭਾ ਦੀ ਗਿਣਤੀ ਦੇ ਮੱਦੇਨਜ਼ਰ ਸੱਤਾਧਾਰੀ ਨੈਸ਼ਨਲ ਕਾਨਫਰੰਸ ਦੇ ਤਿੰਨ ਉਮੀਦਵਾਰਾਂ ਦੇ ਸੁਚਾਰੂ ਸਫ਼ਰ ਹੋਣ ਦੀ ਉਮੀਦ ਹੈ, ਜਦਕਿ ਚੌਥੀ ਸੀਟ ਉਤੇ ਭਾਜਪਾ ਦੇ ਸੀਨੀਅਰ ਨੇਤਾ ਸਤਪਾਲ ਸ਼ਰਮਾ ਦਾ ਮੁਕਾਬਲਾ ਨੈਸ਼ਨਲ ਕਾਨਫਰੰਸ ਦੇ ਨੌਜੁਆਨ ਬੁਲਾਰੇ ਇਮਰਾਨ ਨਬੀ ਡਾਰ ਨਾਲ ਹੋਵੇਗਾ। ਅਧਿਕਾਰੀਆਂ ਮੁਤਾਬਕ ਵਿਧਾਇਕਾਂ ਨੇ ਇਸ ਸੈਸ਼ਨ ਦੌਰਾਨ ਸਰਕਾਰ ਤੋਂ ਪੁੱਛੇ ਜਾਣ ਵਾਲੇ 450 ਸਵਾਲ ਪੇਸ਼ ਕੀਤੇ ਹਨ। ਸੈਸ਼ਨ ਦੌਰਾਨ ਵਿਧਾਇਕਾਂ ਵਲੋਂ ਵਿਚਾਰ ਵਟਾਂਦਰੇ ਲਈ 13 ਨਿੱਜੀ ਮੈਂਬਰਾਂ ਦੇ ਬਿਲ ਅਤੇ 50 ਤੋਂ ਵੱਧ ਮਤੇ ਵੀ ਪੇਸ਼ ਕੀਤੇ ਗਏ ਹਨ। ਸਦਨ ਲਗਭਗ ਤਿੰਨ ਦਰਜਨ ਬਿਲਾਂ ਦੀ ਕਿਸਮਤ ਦਾ ਫੈਸਲਾ ਕਰਨ ਦੀ ਕੋਸ਼ਿਸ਼ ਕਰੇਗਾ ਜੋ ਬਜਟ ਸੈਸ਼ਨ ਵਿਚ ਪੇਸ਼ ਕੀਤੇ ਗਏ ਸਨ ਪਰ ਵਿਚਾਰ ਅਧੀਨ ਹਨ।