President ਦਰੋਪਦੀ ਮੁਰਮੂ ਦੀ ਸੁਰੱਖਿਆ ’ਚ ਹੋਈ ਲਾਪਰਵਾਹੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੱਚੇ ਕੰਕਰੀਟ ਵਾਲੇ ਹੈਲੀਪੈਡ ’ਤੇ ਉਤਰਿਆ ਹੈਲੀਕਾਪਟਰ, ਪਹੀਏ ਖੱਡਿਆਂ ’ਚ ਧਸੇ

Negligence in the security of President Draupadi Murmu

ਤਿਰੁਵਨੰਤਪੁਰਮ : ਰਾਸ਼ਟਰਪਤੀ ਦਰੋਪਦੀ ਮੁਰਮੂ ਦੀ ਸੁਰੱਖਿਆ ’ਚ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਸਬਰੀਮਾਲਾ ਯਾਤਰਾ ’ਤੇ ਲੈ ਕੇ ਜਾ ਰਿਹਾ ਭਾਰਤੀ ਹਵਾਈ ਫ਼ੌਜ ਦਾ ਹੈਲੀਕਾਪਟਰ ਬੁੱਧਵਾਰ ਨੂੰ ਸਵੇਰੇ ਪਰਮਦਮ ਸਥਿਤ ਰਾਜੀਵ ਗਾਂਧੀ ਇੰਡੋਰ ਸਟੇਡੀਅਮ ’ਚ ਨਵੇਂ ਕੰਕਰੀਟ ਵਾਲੇ ਹੈਲੀਪੈਡ ’ਤੇ ਉਤਰਦੇ ਸਮੇਂ ਇਕ ਖੱਡੇ ’ਚ ਫਸ ਗਿਆ। ਰਾਸ਼ਟਰਪਤੀ ਦੀ ਸੁਰੱਖਿਆ ’ਚ ਕੁਤਾਹੀ ਦੀ ਇਹ ਘਟਨਾ ਉਦੋਂ ਹੋਈ ਜਦੋਂ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਹੈਲੀਕਾਪਟਰ ਦੀ ਕੇਰਲ ਦੇ ਪਰਮਦਮ ’ਚ ਲੈਂਡਿੰਗ ਹੋਈ।

ਹੈਲੀਕਾਪਟਰ ਤੋਂ ਉਤਰਨ ਤੋਂ ਬਾਅਦ ਰਾਸ਼ਟਰਪੀ ਦਾ ਕਾਫਲਾ ਸੜਕ ਮਾਰਗ ਰਾਹੀਂ ਪੰਬਾ ਦੇ ਲਈ ਰਵਾਨਾ ਹੋ ਗਿਆ। ਰਾਸ਼ਟਰਪਤੀ ਦੇ ਰਵਾਨਾ ਹੋਣ ਤੋਂ ਬਾਅਦ ਕਈ ਪੁਲਿਸ ਕਰਮਚਾਰੀ ਅਤੇ ਅੱਗ ਬੁਝਾਊ ਵਿਭਾਗ ਦੇ ਕਰਮਚਾਰੀ ਰਾਸ਼ਟਰਪਤੀ ਦੇ ਹੈਲੀਕਾਪਟਰ ਦੇ ਪਹੀਆਂ ਨੂੰ ਹੈਲੀਪੈਡ ’ਤੇ ਬਣੇ ਖੱਡਿਆਂ ਤੋਂ ਕੱਢਦੇ ਹੋਏ ਨਜ਼ਰ ਆਏ।

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਆਖਰੀ ਸਮੇਂ ’ਤੇ ਰਾਸ਼ਟਰਪਤੀ ਦੇ ਹੈਲੀਕਾਪਟਰ ਨੂੰ ਉਤਾਰਨ ਦੇ ਲਈ ਜਗ੍ਹਾ ਤੈਅ ਕੀਤੀ ਗਈ ਸੀ, ਜਿਸ ਦੇ ਚਲਦਿਆਂ ਮੰਗਲਵਾਰ ਦੇਰ ਰਾਤ ਹੀ ਹੈਲੀਪੈਡ ਬਣਾਇਆ ਗਿਆ ਅਤੇ ਹੈਲੀਪੈਡ ਪੂਰੀ ਤਰ੍ਹਾਂ ਨਾਲ ਸੁੱਕ ਨਹੀਂ ਸਕਿਆ। ਜਿਸ ਤਰ੍ਹਾਂ ਹੀ ਰਾਸ਼ਟਰਪਤੀ ਦਾ ਹੈਲੀਕਾਪਟਰ ਲੈਂਡ ਹੋਇਆ ਤਾਂ ਭਾਰੀ ਵਜ਼ਨ ਦੇ ਕਾਰਨ ਉਹ ਹੈਲੀਪੈਡ ’ਚ ਧਸ ਗਿਆ।