ਮੋਗਾ ਪਹੁੰਚੇ ਕੇਜਰੀਵਾਲ ਨੇ ਔਰਤਾਂ ਲਈ ਕੀਤਾ ਵੱਡਾ ਐਲਾਨ, ਹਰ ਔਰਤ ਨੂੰ ਮਿਲੇਗਾ 1,000 ਰੁਪਏ ਮਹੀਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਬੁਢਾਪਾ ਪੈਨਸ਼ਨ ਦੇ ਨਾਲ-ਨਾਲ 1000 ਰੁਪਏ ਮਿਲਣਗੇ'

Arvind Kejriwal

 

ਮੋਗਾ: ਪੰਜਾਬ ਦੌਰੇ ‘ਤੇ ਮੋਗਾ ਆਏ ਅਰਵਿੰਦ ਕੇਜਰੀਵਾਲ ਵਲੋਂ ਤੀਜੀ ਗਾਰੰਟੀ ਦੇ ਰੂਪ ਵਿੱਚ ਔਰਤਾਂ ਲਈ ਵੱਡਾ ਐਲਾਨ ਕੀਤਾ ਗਿਆ ਹੈ। ਜਿਸ ਵਿੱਚ ਉਨ੍ਹਾਂ ਨੇ ਐਲਾਨ ਕਰਦਿਆਂ ਕਿਹਾ ਕਿ 18 ਸਾਲ ਤੋਂ ਉੱਪਰ ਦੀਆਂ ਔਰਤਾਂ ਨੂੰ ਹਰ ਮਹੀਨੇ ਹਰ ਮਹਿਲਾ ਦੇ ਖਾਤੇ ਵਿੱਚ 1000 ਰੁਪਏ ਪਾਏ ਜਾਣਗੇ।

 

 

ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ ਜਿਨ੍ਹਾਂ ਮਾਤਾਵਾਂ ਨੂੰ ਬੁਢਾਪਾ ਪੈਨਸ਼ਨ ਮਿਲ ਰਹੀ ਹੈ, ਉਨ੍ਹਾਂ ਨੂੰ ਪੈਨਸ਼ਨ ਦੇ ਨਾਲ-ਨਾਲ ਇਹ ਰੁਪਏ ਦਿੱਤੇ ਜਾਣਗੇ। ਇਸਦੇ ਨਾਲ ਪੰਜਾਬ ਵਿੱਚ 1 ਕਰੋੜ ਤੋਂ ਜ਼ਿਆਦਾ ਮਹਿਲਾਵਾਂ ਨੂੰ ਫਾਇਦਾ ਹੋਵੇਗਾ।

 

 

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਹਰ ਔਰਤ ਸੂਟ ਲੈ ਸਕੇਗੀ। ਲੜਕੀ ਕਾਲਜ ਜਾ ਸਕਦੀਆਂ ਹਨ ਅਤੇ ਔਰਤ ਤੈਅ ਕਰੇਗੀ ਕਿ ਵੋਟ ਕਿਸ ਨੂੰ ਪਾਉਣੀ ਹੈ। ਉਹਨਾਂ ਕਿਹਾ ਕਿ ਮੋਦੀ ਜੀ ਨੇ ਨੋਟਬੰਦੀ ਕਰਕੇ ਬੇੜਾ ਗਰਕ ਕਰ ਦਿੱਤਾ। 

 

 

ਉਨ੍ਹਾਂ ਕਿਹਾ ਕਿ ਕੇਜਰੀਵਾਲ ਜੋ ਕਹਿੰਦਾ ਹੈ, ਉਹ ਕਰਕੇ ਵਿਖਾਉਂਦਾ ਹੈ। ਮੈਂ ਹਵਾ ਵਿਚ ਗੱਲਾਂ ਨਹੀਂ ਕਰਦਾ।  ਕੇਜਰੀਵਾਲ ਨੇ ਸੰਬੋਧਨ ਦੌਰਾਨ ਕਿਹਾ ਕਿ ਦਿੱਲੀ ਵਾਲਿਆਂ ਨੇ ਇਕ ਮੌਕਾ ਦਿੱਤਾ ਸੀ ਅਤੇ  ਉਹ ਹੁਣ ਬਾਕੀ ਪਾਰਟੀਆਂ ਨੂੰ ਹੁਣ ਭੁੱਲ ਚੁੱਕੇ ਹਨ। 

 

 

 

 ਦਿੱਲੀ ਬਾਰੇ ਬੱਚਾ- ਬੱਚਾ ਜਾਣਦਾ ਹੈ। ਕਿਵੇਂ ਦਿੱਲੀ ਵਿਚ ਕੰਮ ਕੀਤਾ ਹੈ।  ਇਸੇ ਤਰ੍ਹਾਂ ਪੰਜਾਬ ਦੇ ਲੋਕ ਵੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਇਕ ਮੌਕਾ ਦੇ ਕੇ ਵੇਖਣ। ਰੈਲੀ ਦੌਰਾਨ ਕੇਜਰੀਵਾਲ ਨੇ CM ਚੰਨੀ ਨੂੰ ਨਕਲੀ ਕੇਜਰੀਵਾਲ ਦੱਸਿਆ ਹੈ । ਉਨ੍ਹਾਂ ਕਿਹਾ ਕਿ ਜਿਹੜੇ ਐਲਾਨ ਉਨ੍ਹਾਂ ਵਲੋਂ ਕੀਤੇ ਜਾਂਦੇ ਹਨ ਮੁੱਖ ਮੰਤਰੀ ਚੰਨੀ ਉਨ੍ਹਾਂ ਦੀ ਰੀਸ ਨਾਲ ਓਹੀ ਐਲਾਨ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਵੱਲੋਂ ਸਿਰਫ਼ ਐਲਾਨ ਹੀ ਕੀਤੇ ਜਾ ਰਹੇ ਹਨ, ਪਰ ਉਨ੍ਹਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ।

 

 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੇਜਰੀਵਾਲ ਵੱਲੋਂ ਪਹਿਲੀ ਗਾਰੰਟੀ ਦੇ ਰੂਪ ਵਿੱਚ 300 ਯੂਨਿਟ ਬਿਜਲੀ ਮੁਫ਼ਤ ਦੇਣ ਦਾ ਐਲਾਨ ਕੀਤਾ ਗਿਆ ਸੀ । ਉਥੇ ਹੀ ਦੂਜੀ ਗਾਰੰਟੀ ਦੌਰਾਨ ਕੇਜਰੀਵਾਲ ਵੱਲੋਂ ਹਰ ਵਿਅਕਤੀ ਨੂੰ ਮੁਫ਼ਤ ਅਤੇ ਵਧੀਆ ਇਲਾਜ ਮੁਹੱਈਆ ਕਰਵਾਉਣ ਦੀ ਗਾਰੰਟੀ ਦਿੱਤੀ ਗਈ ਸੀ।